ਪੂਰਨ ਸਿੰਘ ਪਾਂਧੀ
ਪ੍ਰਿੰ. ਸਰਵਣ ਸਿੰਘ ਪੰਜਾਬੀ ਖੇਡ-ਸਾਹਿਤ ਦਾ ਮੋਢੀ ਲੇਖਕ ਹੈ। ਕੋਈ ਉਸ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਕੌਮਾਂਤਰੀ ਪੱਤਰਕਾਰ ਕਹਿੰਦਾ ਹੈ ਤੇ ਕੋਈ ਖੇਡ ਸਾਹਿਤ ਦਾ ਬਾਬਾ ਬੋਹੜ।ਜਸਵੰਤ ਸਿੰਘ ਕੰਵਲ ਨੇ ਉਸ ਨੂੰ ‘ਖੇਡਾਂ ਦਾ ਵਣਜਾਰਾ’ਕਹਿੰਦਿਆਂ ਲਿਖਿਆ ਸੀ: ਬੁਨਿਆਦੀ ਪੱਖੋਂ ਉਸ ਨੇ ਖੇਡ ਸਾਹਿਤ ਦਾ ਪਿੜ ਬੰਨ੍ਹ ਦਿੱਤਾ ਹੈ। ਖਿਡਾਰੀਆਂ ਦੇ ਉਤਸ਼ਾਹ ਨੂੰ ਜ਼ਰਬਾਂ ਦਿੱਤੀਆਂ ਹਨ। ਨਵੇਂ ਪੋਚ ਦੇ ਲਹੂ ਵਿੱਚ ਅੰਗੜਾਈਆਂ ਛੇੜੀਆਂ ਹਨ ਅਤੇ ਸੈਂਕੜੇ ਹਜ਼ਾਰਾਂ ਪਾਠਕਾਂ ਨੂੰ ਖੇਡਾਂ ਵੱਲ ਮੋੜਿਆ ਹੈ।ਡਾ. ਹਰਿਭਜਨ ਸਿੰਘ ਨੇ ਲਿਖਿਆ: ਸਰਵਣ ਸਿੰਘ ‘ਸ਼ਬਦਾਂ ਦਾ ਓਲੰਪੀਅਨ’ ਹੈ। ਵੇਖਣ ਨੂੰ ਉਹਦੀ ਲਿਖਤ ਸਿਧੀ ਸਾਦੀ ਜਾਪਦੀ ਹੈ, ਪਰ ਉਹਦੀ ਸ਼ਬਦ-ਘਾੜਤ ਪਿੱਛੇ ਬੜੀ ਕਰੜੀ ਘਾਲਣਾ ਦਾ ਝਾਉਲਾ ਪੈਂਦਾ ਹੈ। ਹਰ ਵਾਕ ਤਿੱਖੀ ਝੁੱਟੀ ਮਾਰ ਕੇ ਨੱਸਦਾ ਹੈ। ਉਹਦੇ ਵੇਗ ਤੋਂ ਤਾਂ ਇਹੋ ਜਾਪਦਾ ਹੈ ਕਿ ਉਹਨੇ ਜੱਗ ਜਿੱਤਣ ਦੇ ਮਨੋਰਥ ਨਾਲ ਕਰੜੀ ਮਸ਼ਕ ਕੀਤੀ ਹੈ। ਉਹਦੀ ਲਿਖਤ ਆਪਣੀ ਫ਼ਾਰਮ ਨਾਲ ਹੀ ਚਕਾਚੌਂਧ ਕਰ ਦੇਂਦੀ ਹੈ!
ਵਰਿਆਮ ਸਿੰਘ ਸੰਧੂ ਨੇ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ’ ਪੁਸਤਕ ਵਿੱਚ ਲਿਖਿਆ: ਸਰਵਣ ਸਿੰਘ ਦੀਆਂ ਲਿਖਤਾਂ ਵਿੱਚ ਵੱਖਰਾ ਹੀ ਜਨੂੰਨ ਹੈ। ਪਾਠਕ ਉਸ ਦੀਆਂ ਰਚਨਾਵਾਂ ਦੀ ਟਿਕ-ਟਿਕੀ ਲਾ ਕੇ ਉਡੀਕ ਕਰਦੇ ਹਨ। ਉਸ ਦੀਆਂ ਰਚਨਾਵਾਂ ਨੇ ਪਾਠਕਾਂ ਅੰਦਰਲਾ ਖਿਡਾਰੀ ਜੋ ਅਲੋਪ ਹੋ ਚੁੱਕਾ ਸੀ ਉਸ ਨੂੰ ਮੁੜ ਕੇ ਸੁਰਜੀਤ ਕਰ ਦਿੱਤਾ ਹੈ। ਸਰਵਣ ਸਿੰਘ ਦੀਆਂ ‘ਆਰਸੀ’ ਵਿਚ ਛਪ ਰਹੀਆਂ ਪਹਿਲੀਆਂ ਰਚਨਾਵਾਂ ਹੀ ਮਾਊਂਟ ਐਵਰੈੱਸਟੀ ਬੁਲੰਦੀ ਤੋਂ ਬੋਲਦੀਆਂ ਸਨ। ਉਸ ਕੋਲ ਸ਼ਬਦਾਂ ਦੇ ਹੁਸਨ ਨੂੰ ਪਛਾਨਣ, ਤਰਤੀਬਣ ਤੇ ਵਿਉਂਤਣ ਦੀ ਅਲੋਕਾਰੀ ਸਮਰੱਥਾ ਸੀ। ਕਵੀ ਗੁਰਚਰਨ ਰਾਮਪੁਰੀ ਨੇ ਉਹਦਾ ‘ਤੁਰੋ ਤੇ ਤੰਦਰੁਸਤ ਰਹੋ’ ਲੇਖ ਪੜ੍ਹ ਕੇ ਚਿੱਠੀ ਲਿਖੀ: ਅਜਿਹੀ ਸੋਹਣੀ ਵਾਰਤਕ ਪੜ੍ਹ ਕੇ ਪੰਜਾਬੀ ਬੋਲੀ ਦੀ ਸਮਰੱਥਾ ਉਤੇ ਮੇਰਾ ਭਰੋਸਾ ਹੋਰ ਪੱਕਾ ਹੋ ਗਿਆ। ਤੁਹਾਡੀ ਵਾਰਤਕ ਅਜਿਹੀ ਸੰਜਮ ਭਰੀ ਹੁੰਦੀ ਹੈ ਕਿ ਤੁਹਾਡੇ ਉਤੇ ਰਸ਼ਕ ਆਉਂਦਾ ਹੈ। ਨਾਟਕਕਾਰ ਆਤਮਜੀਤ ਦੇ ਲਿਖਣ ਅਨੁਸਾਰ: ਸਰਵਣ ਸਿੰਘ ਦੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਪੜ੍ਹਨ ਤੋਂ ਬਾਅਦ ਇਸ ਗੱਲ ਵਿਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਉਹ ਪੰਜਾਬੀ ਵਿੱਚ ਸਰਵੋਤਮ ਵਾਰਤਕ ਰਚ ਰਹੇ ਉਂਗਲਾਂ `ਤੇ ਗਿਣੇ ਜਾਣ ਵਾਲੇ ਲੇਖਕਾਂ ਵਿੱਚੋਂ ਇੱਕ ਹੈ।
ਕੋਈ ਕਲਮਕਾਰ ਉਸ ਨੂੰ ਪੰਜਾਬੀ ਦਾ ਇੰਟਰਨੈਸ਼ਨਲ ਖੇਡ ਲੇਖਕ ਕਹਿੰਦਾ ਹੈ, ਕੋਈ ਪੰਜਾਬੀ ਖੇਡ ਸਭਿਆਚਾਰ ਦਾ ਖੇਡ ਰਤਨ ਤੇ ਕੋਈ ਗਿਆਨੀ ਗੁਰਦਿੱਤ ਸਿੰਘ ਵਰਗਾ ਪੇਂਡੂ ਰਹਿਤਲ ਦਾ ਦਿਲਚਸਪ ਲੇਖਕ। ਵਰਿਆਮ ਸਿੰਘ ਸੰਧੂ ਨੇਇਹ ਵੀ ਲਿਖਿਆ: ਪਿਛਲੇ ਪੰਜਾਹ-ਸੱਠਾਂ ਸਾਲਾਂ ਵਿੱਚ ਪੰਜਾਬ ਦਾ ਪਿੰਡ ਕਿਵੇਂ ਜੀਵਿਆ, ਵਿਚਰਿਆ ਤੇ ਬਦਲਿਆ, ਇਸ ਦੀ ਸਭ ਤੋਂ ਵੱਡੀ ਯਾਦ-ਜੋਗ ਝਾਕੀ ਸਰਵਣ ਸਿੰਘ ਦੀਆਂ ਲਿਖਤਾਂ ਵਿਚੋਂ ਹੀ ਮਿਲੇਗੀ। ਇਹਨਾਂ ਲਿਖਤਾਂ ਵਿੱਚ ਬਦਲ ਰਹੇ ਪੰਜਾਬ ਦੀ ਆਤਮਾ ਦੇ ਬਹੁਰੰਗੇ ਝਲਕਾਰੇ ਦ੍ਰਿਸ਼ਟਮਾਨ ਹੁੰਦੇ ਹਨ। ਉਸ ਨੇ ਗਿਆਨੀ ਗੁਰਦਿੱਤ ਸਿੰਘ ਦੇ ਬੁਲੰਦ ਝੰਡੇ ਦੇ ਨਾਲ ਆਪਣਾ ਝੰਡਾ ਵੀ ਬਰਾਬਰ ਗੱਡ ਦਿੱਤਾ ਹੈ। ਜੇ ਇਹ ਝੰਡਾ ਗਿਆਨੀ ਹੁਰਾਂ ਦੇ ਝੰਡੇ ਤੋਂ ਉੱਚਾ ਨਹੀਂ ਤਾਂ ਨੀਵਾਂ ਤਾਂ ਕਿਸੇ ਸੂਰਤ ਵਿਚ ਵੀ ਨਹੀਂ।
ਗੁਰਬਚਨ ਸਿੰਘ ਭੁੱਲਰ ਨੇ ਲਿਖਿਆ: ਯੂਨੀਵਰਸਿਟੀਆਂ ਬੇਸ਼ਕ ਅੱਖਾਂ ਬੰਦ ਕਰੀ ਰੱਖਣ, ਜਿਥੋਂ ਤੱਕ ਪੰਜਾਬੀ ਖੇਡ-ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਤੇ ਉਸ ਵਿੱਚ ਪਾਏ ਸਰਵਣ ਸਿੰਘ ਦੇ ਹਿੱਸੇ ਦੇ ਕਦਰਦਾਨਾਂ ਦਾ ਸੰਬੰਧ ਹੈ, ਉਹ ਪੰਜਾਬੀ ਖੇਡ-ਸਾਹਿਤ ਦਾ ਪੀਐੱਚ.ਡਾਕਟਰ ਹੀ ਨਹੀਂ, ਡੀ.ਲਿਟ ਹੈ!ਸਗੋਂ ਮੇਰੀ ਚਾਹ ਅਤੇ ਕਲਪਨਾ ਤਾਂ ਇਸ ਤੋਂ ਵੀ ਅੱਗੇ ਜਾਂਦੀ ਹੈ। ਪੰਜਾਬ ਦੀ ਕੋਈ ਦੂਰਦਰਸ਼ੀ ਸਰਕਾਰ ਹੋਵੇ ਤੇ ਖੇਡ-ਯੂਨੀਵਰਸਿਟੀ ਕਾਇਮ ਕਰ ਕੇ ਸਾਰੀਆਂ ਖੇਡਾਂ ਦੇ ਕਣ-ਕਣ ਦੇ ਗਿਆਤਾ ਸਰਵਣ ਸਿੰਘ ਨੂੰ ਉਹਦਾ ਵਾਈਸ-ਚਾਂਸਲਰ ਬਣਾਵੇ। ਸਰਕਾਰ ਬਣਾਵੇ, ਨਾ ਬਣਾਵੇ, ਸਰਵਣ ਸਿੰਘ ਖੇਡ-ਸਾਹਿਤ ਦੇ ਵਿਕਾਸ ਦਾ ਨਿਰਵਿਵਾਦ ਵਾਈਸ-ਚਾਂਸਲਰ ਹੈ।
ਸੱਠ-ਪੈਂਟ੍ਹਸਾਲਾਂਤੋਂ ਉਸ ਦੀ ਕਲਮ ਲਗਾਤਾਰ ਚੱਲ ਰਹੀ ਹੈ। ਪੱਚੀ ਛੱਬੀ ਕਿਤਾਬਾਂ ਤਾਂ ਉਸ ਨੇ ਖੇਡਾਂ ਖਿਡਾਰੀਆਂ ਬਾਰੇ ਹੀ ਲਿਖ ਧਰੀਆਂ ਹਨ ਤੇ ਪੱਚੀ ਤੀਹ ਹੋਰਨਾਂ ਸਾਹਿਤ ਵਿਧਾਵਾਂ ਵਿਚ ਲਿਖੀਆਂ ਹਨ। ਨਾਵਲ ਤੇ ਨਾਟਕ ਤੋਂ ਬਿਨਾਂ ਸ਼ਾਇਦ ਹੀ ਕੋਈ ਸਾਹਿਤ ਦਾ ਰੂਪ ਹੋਵੇ ਜਿਸ ਵਿਚ ਉਸ ਨੇ ਨਾ ਲਿਖਿਆ ਹੋਵੇ। ਨਾਲੇ ਅਜੇ ਕਿਹੜਾ ਬੱਸ ਹੈ! ਅੱਜਕੱਲ੍ਹ ਬਾਬਾ ਫੌਜਾ ਸਿੰਘ ਦੀ ਜੀਵਨੀ ਲਿਖ ਰਿਹੈ ਤੇ ਨਾਲ ਹੀ ਦੋਹਾਂ ਦਾਰਿਆਂ ਦੀ ਦਾਸਤਾਨ। ਉਹਦੀ ਕਲਮ ਦੀ ਮੈਰਾਥਨ ਅਜੇ ਜਾਰੀ ਹੈ। ਵੇਖਦੇ ਹਾਂ ਕਦੋਂ ਬੱਸ ਕਰਦੈ?
ਉਸ ਨੇ ਨਾਮੀ ਖਿਡਾਰੀਆਂ ਦੀ ਲਗਨ, ਮਿਹਨਤ, ਸਿਦਕ ਤੇ ਸਿਰੜ,ਉਨ੍ਹਾਂ ਦੀ ਖਾਧ-ਖੁਰਾਕਤੇ ਉਨ੍ਹਾਂ ਦੀਆਂ ਖੇਡਾਂ ਨੂੰ ਬਹੁਤ ਬਰੀਕੀ ਨਾਲ਼ ਦੇਖਿਆ ਤੇ ਆਪਣੀ ਵਿਲੱਖਣਲਿਖਣ-ਸ਼ੈਲੀ `ਚ ਉਨ੍ਹਾਂ ਦਾ ਵਰਨਣ ਕੀਤਾ ਹੈ। ਕੇਵਲ ਅਜੋਕੇ ਸਮੇ ਦੀਆਂ ਖੇਡਾਂ ਬਾਰੇ ਹੀ ਨਹੀਂ; ਸਗੋਂ ਬਹੁਤ ਸਾਰੀਆਂ ਅਲੋਪ ਹੋ ਰਹੀਆਂ ਖੇਡਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਕਲਮ ਦੀ ਰਫਤਾਰ ਅਜੇ ਵੀ ਮੈਰਾਥਨ ਦੀ ਚਾਲ ਚੱਲ ਰਹੀ ਹੈ। ਹਰ ਸਾਲ ਇੱਕ ਦੋ ਕਿਤਾਬਾਂ ਛਪੀ ਜਾ ਰਹੀਆਂ ਹਨ।
ਸਰਵਣ ਸਿੰਘ ਦਾਜਨਮ ਸ. ਬਾਬੂ ਸਿੰਘਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁਖੋਂ 8 ਜੁਲਾਈ 1940 ਨੂੰ ਪਿੰਡ ਚਕਰ ਜਿ਼ਲ੍ਹਾ ਲੁਧਿਆਣਾ ਵਿਚ ਹੋਇਆ ਸੀ।ਮੁੱਢਲੀ ਪੜ੍ਹਾਈ ਚਕਰ, ਹਾਈ ਮੱਲ੍ਹਾ, ਕਾਲਜ ਦੀ ਫਾਜਿ਼ਲਕਾ, ਬੀ.ਐੱਡ ਮੁਕਤਸਰ ਤੇ ਐਮ.ਏ. ਦੀ ਦਿੱਲੀ ਯੂਨੀਵਰਸਿਟੀ ਤੋਂ ਕਰ ਕੇ1965 `ਚ ਦਿੱਲੀ ਦੇ ਖਾਲਸਾ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਸੀ। 1967 ਵਿੱਚ ਢੁੱਡੀਕੇ ਕਾਲਜ ਬਣਿਆ ਤਾਂ ਜਸਵੰਤ ਸਿੰਘ ਕੰਵਲ ਨੇ ਦਿੱਲੀ ਤੋਂ ਪੁੱਟ ਕੇ ਢੁੱਡੀਕੇ ਲੈ ਆਂਦਾ। ਤੀਹ ਸਾਲ ਢੁੱਡੀਕੇ ਕਾਲਜ ਵਿਚ ਪੇਂਡੂ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਖਿਡਾਇਆ। ਪੜ੍ਹਾਈ ਨਾਲ ਖੇਡਾਂ ਵਿਚ ਵੀ ਯੂਨੀਵਰਸਿਟੀ ਦੀਆਂ ਟਰਾਫੀਆਂਜਿੱਤੀਆਂ ਜਿਸ ਨਾਲ ਢੁੱਡੀਕੇ ਕਾਲਜ ਦੀ ਬੱਲੇ-ਬੱਲੇ ਹੋਈ।
1996 ਤੋਂ 2000 ਤਕ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਬਣ ਕੇ ਖੇਡ ਟਰਾਫੀਆਂ ਉਸ ਕਾਲਜ ਨੂੰਵੀ ਜਿੱਤਵਾਈਆਂ ਤੇ ਪੇਂਡੂ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਸਵਾ ਤਿੰਨ ਸੌ ਤੋਂ ਸਾਢੇ ਗਿਆਰਾਂ ਸੌ ਤਕ ਪੁਚਾਈ। ਉਹ ਕਾਲਜ ਸ. ਗੁਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਇਕਲੌਤੇ ਪੁੱਤਰ ਅਮਰਦੀਪ ਦੀ ਯਾਦ ਵਿਚ ਸਥਾਪਿਤ ਕੀਤਾ ਸੀ। ਡਾ. ਸਰਦਾਰਾ ਸਿੰਘ ਜੌਹਲ ਜੋ ਮੁਕੰਦਪੁਰ ਵਿਆਹੇ ਸਨ, ਉਨ੍ਹਾਂ ਨੂੰ ਉਮਰ ਭਰ ਲਈ ਕਾਲਜ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ।ਜੌਹਲ ਸਾਹਿਬ ਹੀਕੰਵਲ ਸਾਹਿਬ ਦੀ ਸਲਾਹ ਨਾਲ ਪ੍ਰੋ. ਸਰਵਣ ਸਿੰਘ ਨੂੰ ਢੁੱਡੀਕੇ ਦੇ ਪੇਂਡੂ ਕਾਲਜ ਤੋਂ ਮੁਕੰਦਪੁਰ ਦੇ ਪੇਂਡੂ ਕਾਲਜ ਵਿਚ ਲੈ ਗਏ ਸਨ।
ਮੈ ਆਪਣੀ ਕਿਤਾਬ ‘ਮੇਰੇ ਸਜਣ ਮੀਤ ਮੁਰਾਰੇ ਜੀਓ’ਵਿੱਚ ਇਨ੍ਹਾਂ ਦੇ ਸ਼ਬਦ ਚਿੱਤਰ ਦਾ ਸਿਰਲੇਖ ਦਿੱਤਾ ਸੀ: ‘ਸੁਰੀਲੀਆਂ ਸੁਰਾਂ ਦਾ ਸੰਗੀਤ ਸਰਵਣ ਸਿੰਘ’। ਕਾਵਿਕ ਸੰਸਾਰ ਅਨੁਸਾਰ ਜੇ ਕਿਸੇ ਵਾਕ ਜਾਂ ਸਤਰ ਵਿਚ,ਇੱਕ ਤੋਂ ਵਧੇਰੇ ਅੱਖਰ ਜਾਂ ਸ਼ਬਦ ਬਾਰ ਬਾਰ ਆਉਣ ਅਤੇ ਲੈਅ ਪੈਦਾ ਕਰਨ ਉਸ ਅਲੰਕਾਰ ਨੂੰ ਅਨੁਪ੍ਰਾਸ ਅਲੰਕਾਰ ਆਖਿਆ ਜਾਂਦੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਅਲੰਕਾਰ ਦੀਆਂ ਬਹੁਤ ਖੂਬਸੂਰਤ ਮਿਸਾਲਾਂ ਹਨ।
ਪ੍ਰਿੰ.ਸਰਵਣ ਸਿੰਘ ਦੀ ਵਾਰਤਕ-ਸ਼ੈਲੀ ਕਿਸੇ ਹੋਰ ਦੀ ਨਕਲ ਨਹੀਂ, ਉਸ ਨੇ ਕਿਸੇ ਦੀ ਵੱਟ `ਤੇ ਖਲੋਅ ਕੇ ਹਾਕਾਂ ਨਹੀਂ ਮਾਰੀਆਂ, ਆਪਣੇ ਆਪ ਸਿੱਧੇ ਬਨੇਰਿਆਂ ਨੂੰ ਹੱਥ ਪਾਏ ਹਨ ਅਤੇ ਮਮਟੀਆਂ `ਤੇ ਚੜ੍ਹ ਕੇ ਆਪਣੀ ਚਮਕ ਬਿਖੇਰੀ ਹੈ। ਆਪਣੇ ਨਗਮੇ ਦੀ ਸਰਗਮ ਉਸ ਨੇ ਆਪ ਤਿਆਰ ਕੀਤੀ ਹੈ। ਇਹ ਉਸ ਦਾ ਮੌਲਕ ਨਗਮਾ ਹੈ। ਉਸ ਦੀ ਵਾਰਤਕ ਨਾਲ਼ ਖੇਡਾਂ ਬਾਰੇ ਇੱਕ ਨਵੀਂ ਤੇ ਨਿਵੇਕਲੀ ਖੇਡ-ਸ਼ੈਲੀ ਹੋਂਦ ਵਿਚ ਆਈ ਹੈ। ਖੇਡ ਖੇਤਰ ਵਿਚ ਸਾਦੇ ਤੇ ਸੌਖੇ ਸ਼ਬਦਅਤੇ ਚੁਸਤ ਛੋਟੀ ਵਾਕ ਬਣਤਰ ਦਾ ਹੋਣਾ ਜ਼਼ਰੂਰੀ ਹੈ। ਇਸੇ ਗੁਣ ਕਰ ਕੇਉਸ ਦੀ ਵਾਰਤਕ ਲੰਮੇ, ਭਾਰੇ ਤੇ ਔਖੇ ਫਿਕਰਿਆਂ ਦਾ ਜਾਲ਼ ਜੰਜਾਲ ਨਹੀਂ। ਉਹ ਵਿਸ਼ੇਸ਼ਣਾਂ, ਕਿਰਿਆ ਵਿਸ਼ੇਸ਼ਣਾ ਦੀ ਸੁਰਖੀ ਬਿੰਦੀ ਨਹੀਂ ਲਾਉਂਦਾ, ਅਲੰਕਾਰਾਂ, ਕੁਟੇਸ਼ਨਾਂਜਾਂ ਕਾਵਿ-ਟੋਟਿਆਂ ਨਾਲ਼ ਵਾਰਤਕ ਦਾ ਹਾਰ ਸਿ਼ੰਗਾਰ ਨਹੀਂ ਕਰਦਾ।
ਉਹਦੀ ਵਾਰਤਕ ਸਹਿਜ ਸੁਭਾਅ ਤੇ ਸਿੱਧੀਆਂ ਸਪੱਸ਼ਟ ਗੱਲਾਂ ਹੁੰਦੀਆਂ ਹਨ। ਫਿਰ ਵੀ ਉਸ ਦੀ ਵਾਰਤਕ-ਸ਼ੈਲੀ ਵਿਚ ਪੇਂਡੂ ਮੁਟਿਆਰ ਦੀ ਸਾਦਗੀ ਵਰਗਾ ਲੋਹੜਿਆਂ ਦਾ ਹੁਸਨ ਤੇ ਅੰਤਾਂ ਦੀ ਖੂਬਸੂਰਤੀ ਹੁੰਦੀ ਹੈ। ਵਾਕ-ਬਣਤਰ ਵਿਚ ਇਨ੍ਹਾਂ ਤੇਜ਼ ਤੇ ਤਿੱਖਾਪ੍ਰਭਾਵ ਹੁੰਦਾ ਹੈ ਅਤੇ ਬਿਆਨ ਵਿਚ ਇੰਨਾ ਵੇਗ ਤੇ ਵਹਾਅ ਹੁੰਦਾ ਹੈ ਕਿ ਨਗਮੇ ਦੀ ਧੁਨ ਵਾਂਗ ਹਰ ਵਾਕ ਵਿਚ,ਇੱਕ ਇੱਕ ਸ਼ਬਦ ਤਾਲ ਦਿੰਦਾਤੇ ਅੱਖਰ ਨਿਰਤ ਕਰਦੇ ਜਾਪਦੇ ਹਨ। ਦ੍ਰਿਸ਼ ਵਰਨਣ ਇੰਨਾ ਤੀਬਰ ਤੇ ਰੌਚਕ ਹੁੰਦਾ ਹੈ ਕਿ ਪਾਠਕ ਪੱਬਾਂ ਭਾਰ ਹੁੰਦਾ,ਖਿਡਾਰੀ ਦੇ ਸਾਹਾਂ ਨਾਲ ਸਾਹੋ ਸਾਹ ਹੋਇਆ ਮਹਿਸੂਸ ਕਰਦਾ ਹੈ।ਉਹਦੀ ਵਾਰਤਕ ਦੀ ਫਲਸਫਾਨਾ ਵੰਨਗੀ ਵੀ ਵੇਖੋ:ਸ੍ਰਿਸ਼ਟੀ ਅਲੌਕਿਕ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਸ ਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇਗੇੜ ਮੈਚਾਂ ਦਾ ਸਮਾਂ ਹਨ।ਜੀਵਨ ਇੱਕ ਖੇਡ ਹੀਤਾਂ ਹੈ। ਜੀਵ ਆਉਂਦੇ ਹਨ ਤੇ ਤੁਰੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ: ਬਾਜੀਗਰ ਡੰਕ ਬਜਾਈ।ਸਭ ਖਲਕ ਤਮਾਸ਼ੇ ਆਈ।
ਪ੍ਰਿੰ. ਸਰਵਣ ਸਿੰਘ ਦੀ ਲਿਖਣ-ਸ਼ੈਲੀ ਹੋਵੇ, ਬੋਲਣ-ਸ਼ੈਲੀ ਜਾਂ ਉਸ ਦੀ ਸਮੁੱਚੀ ਜੀਵਨ-ਸ਼ੈ਼ਲੀ; ਉਸ ਨੂੰ ਜਿਸ ਕੋਨ ਤੋਂ ਮਰਜੀ ਦੇਖ ਲਵੋ, ਜਿੱਥੋਂ ਮਰਜੀ ਫਰੋਲ਼ ਲਵੋ; ਹਰ ਥਾਂ ਸਹਿਜ ਤੇ ਸੁਰੀਲੀਆਂ ਸੁਰਾਂ ਦਾ ਸੰਗੀਤ ਸੁਣਾਈ ਦੇਵੇਗਾ। ਗੱਲ ਕਰੇਗਾ ਠਰੰਮੇ ਤੇ ਧੀਮੇ ਅੰਦਾਜ਼ ਵਿਚ, ਜਿਵੇਂ ਮੰਦਰ ਸਪਤਕ ਦੀਆਂ ਸੁਰਾਂ ਵਿਚ ਸਹਿਗਲ ਗੀਤ ਗਾ ਰਿਹਾ ਹੋਵੇ। ਚੋਣਵੇਂ ਸ਼ਬਦ, ਢੁਕਵੇਂ ਬੋਲਤੇ ਉਚਾਰਣ ਵਿਚ ਕਿਸੇ ਮੁਟਿਆਰ ਦੀ ਫੁਲਕਾਰੀਦੇ ਉੱਭਰਦੇ ਰੰਗਾਂ ਵਰਗਾ ਹੁਸਨ। ਸਾਦਾ ਰਹਿਣ ਸਹਿਣ, ਸਾਦਾ ਪਹਿਨਣ-ਪੱਚਰਣ ਤੇ ਸਾਦਾ ਖਾਣ-ਪੀਣ। ਕਿਸੇ ਥਾਂ ਉਚੇਚ ਜਾਂ ਬਨਾਵਟ ਨਹੀਂ, ਕੋਈ ਓਪਰਾਪਣ ਜਾਂ ਦਿਖਾਵਾ ਨਹੀਂ। ਨਿੰਦਾ, ਚੁਗਲੀ ਜਾਂ ਈਰਖਾ ਕਰਨੀ ਉਹਦੇ ਖ਼ਮੀਰ ਵਿਚ ਹੀ ਨਹੀਂ।ਬੁਰਾ ਕਰਨਾ ਜਾਂ ਬੇਵਫ਼ਾਈ ਕਰਨੀ ਉਸ ਦੀ ਜ਼ਮੀਰ ਵਿਚ ਨਹੀਂ। ਉੱਚੀ ਬੋਲ ਕੇ ਜਾਂ ਧੱਕੇ ਨਾਲ਼ ਗੱਲ ਕਰਨ ਦਾ ਉਸ ਦਾ ਸੁਭਾਅ ਨਹੀਂ, ਕਿਸੇ ਦੀ ਗੱਲ ਰੋਕਣ-ਟੋਕਣ ਦੀਵੀ ਉਸ ਦੀ ਆਦਤ ਨਹੀਂ। ਗੱਲ ਸੁਣੇਗਾ ਧੀਰਜ ਤੇ ਠਰੰਮੇ ਨਾਲ਼, ਉੱਤਰ ਦੇਵੇਗਾ ਦਲੀਲ ਤੇ ਵਿਸਥਾਰ ਨਾਲ਼।ਦਲੀਲ ਨੂੰ ਜ਼ੋਰ ਨਾਲ਼ ਪ੍ਰਗਟਾਉਣ ਦੀ ਥਾਂ ਜੋਰਦਾਰ ਦਲੀਲ ਨੂੰ ਧੀਰਜ ਤੇ ਸਹਿਜ ਨਾਲ਼ ਪ੍ਰਗਟਾਉਣ ਗੁਰ ਸਰਵਣ ਸਿੰਘ ਦੀ ਬੋਲ ਚਾਲ `ਚੋਂ ਵੇਖਿਆ ਜਾ ਸਕਦਾ ਹੈ।
ਪ੍ਰਿੰ. ਸਰਵਣ ਸਿੰਘ ਨੂੰ ਅਨੇਕਾਂ ਮਾਨ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਜਿਵੇਂਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਲੇਖਕ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬੀ ਸੱਥ ਲਾਂਬੜਾਂ ਦਾ ਵਾਰਸਸ਼ਾਹ ਅਵਾਰਡ, ਸਾਹਿਤ ਟ੍ਰਸਟ ਢੁੱਡੀਕੇ ਦਾ ਅਵਾਰਡ, ਸਪੋਰਟਸ ਅਥਾਰਟੀ ਆਫ ਇੰਡੀਆਂ ਵੱਲੋਂ ਖੇਡ-ਸਾਹਿਤ ਦਾ ਨੈਸ਼ਨਲ ਅਵਾਰਡ, ਪਰਵਾਸੀ ਅਦਾਰੇ ਦਾ ਪਰਵਾਸੀ ਸਾਹਿਤਕਾਰ ਅਵਾਰਡ, ਗਲੋਬਲ ਪੰਜਾਬੀ ਗੌਰਵ ਅਵਾਰਡ। ਇਨ੍ਹਾਂ ਤੋਂ ਇਲਾਵਾ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਅਨੇਕਾਂ ਮਾਨ ਸਨਮਾਲ ਮਿਲੇ ਹਨ।
ਪ੍ਰਿੰਸੀਪਲ ਸਰਵਣ ਸਿੰਘ ਨੂੰ ਹੁਣ ‘ਕਲਮਾਂ ਦੀ ਸਾਂਝ ਸਾਹਿਤ ਸਭਾ’ਦੇ ਸੁਘੜ ਸੁਜਾਨ ਪ੍ਰਧਾਨ ਸ. ਹਰਦਿਆਲ ਸਿੰਘ ਝੀਤਾ ਅਤੇ ਨਾਮਧਾਰੀ ਸਭਾ ਦੇ ਉੱਦਮੀ ਤੇ ਉਤਸ਼ਾਹੀ ਪ੍ਰਧਾਨ ਸ. ਕਰਨੈਲ ਸਿੰਘ ਮਰਵਾਹਾ ਹੋਰਾਂ ਵੱਲੋਂ ਤੀਸਰਾ ‘ਸਤਿਗੁਰੂ ਰਾਮ ਸਿੰਘ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ’ਦਿੱਤਾ ਜਾ ਰਿਹੈ। ਸਮਾਗਮ 14 ਸਤੰਬਰ ਐਤਵਾਰਨੂੰ 11-00 ਵਜੇ, ਪੰਜਾਬ ਭਵਨ ਬਰੈਂਪਟਨ, 114 ਕਨੇਡੀ ਰੋਡ ਵਿਖੇ ਹੋਵੇਗਾ। ਸਾਹਿਤ ਪ੍ਰੇਮੀਆਂ, ਖਿਡਾਰੀਆਂ ਤੇ ਪ੍ਰਿੰ. ਸਰਵਣ ਸਿੰਘ ਦੇ ਸ਼ੁਭਚਿੰਤਕਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।
ਸਤਿਗੁਰੂ ਰਾਮ ਸਿੰਘ ਯਾਦਗਾਰੀ ਲਾਈਫ ਟਾਈਮ ਅਚੀਵਮੈਂਟਅਵਾਰਡ
ਪ੍ਰਿੰਸੀਪਲ ਸਰਵਣ ਸਿੰਘ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪੰਜਾਬੀ ਖੇਡ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਪਚਵੰਜਾ ਪੁਸਤਕਾਂ ਵਿੱਚੋਂ ਪੱਚੀ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਉਹ ਖ਼ੁਦ ਖਿਡਾਰੀ, ਕੋਚ, ਰੈਫਰੀ, ਖੇਡ ਪ੍ਰਬੰਧਕ, ਖੇਡ ਪ੍ਰਮੋਟਰ, ਖੇਡ ਬੁਲਾਰੇ, ਖੇਡ ਪੱਤਰਕਾਰ, ਸ਼੍ਰੋਮਣੀ ਪੰਜਾਬੀ ਲੇਖਕ, ਪੰਜਾਬੀ ਦੇ ਪ੍ਰੋਫ਼ੈਸਰ, ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟਰ, ਸਿੰਡਕ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ ਵਿਸ਼ਵ ਕਬੱਡੀ ਕੱਪ ਪੰਜਾਬ ਵਿੱਚ ਅਹਿਮ ਰੋਲ ਨਿਭਾਇਆ ਅਤੇ ਖਿਡਾਰੀਆਂ ਤੇ ਖੇਡ ਪ੍ਰਮੋਟਰਾਂ ਦੇ ਕਦਰਦਾਨ ਹਨ। ਉਨ੍ਹਾਂ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖਿਡਾਰੀਆਂ ਤੇ ਖੇਡ ਮੇਲਿਆਂ ਬਾਰੇ ਲਿਖਿਆ ਅਤੇ ਖਿਡਾਰੀਆਂ ਦੀਆਂ ਜੀਵਨੀਆਂ ਲਿਖੀਆਂ। ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਨੈਸ਼ਨਲ, ਏਸਿ਼ਆਈ, ਕਾਮਨਵੈਲਥ, ਓਲੰਪਿਕ ਖੇਡਾਂ ਤੇ ਵਿਸ਼ਵ ਕੱਪਾਂ ਬਾਰੇ ਲਿਖਦਿਆਂ ਉਨ੍ਹਾਂ ਦਾ ਇਤਿਹਾਸ ਵੀ ਲਿਖਿਆ। ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਨੂੰ ਭਾਰਤੀ ਤੇ ਕੌਮਾਂਤਰੀ ਭਾਸ਼ਾਵਾਂ ਦੇ ਮੰਚ `ਤੇ ਸਨਮਾਨਯੋਗ ਸਥਾਨ ਦਿਵਾਇਆ। ਉਹ ਛੇ ਦਹਾਕਿਆਂ ਤੋਂ ਲਗਾਤਾਰ ਲਿਖਦੇ ਆ ਰਹੇ ਹਨ। ਪੰਜਾਬੀ ਜਗਤ ਦਾ ਸ਼ਾਇਦ ਹੀ ਕੋਈ ਮੈਗਜ਼ੀਨ ਜਾਂ ਅਖ਼ਬਾਰ ਹੋਵੇ ਜਿਸ ਵਿਚ ਉਨ੍ਹਾਂ ਦੀਆਂ ਲਿਖਤਾਂ ਨਾ ਛਪੀਆਂ ਹੋਣ। ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਦਾ ਇਤਿਹਾਸ ਚਾਰ ਜਿਲਦਾਂ, ਸ਼ਬਦਾਂ ਦੇ ਖਿਡਾਰੀ, ਖੇਡ ਸਾਹਿਤ ਦੀਆਂ ਬਾਤਾਂ, ਖੇਡ ਸਾਹਿਤ ਦੇ ਮੋਤੀ ਤੇ ਖੇਡ ਸਾਹਿਤ ਦੇ ਹੀਰੇ, ਵਿਚ ਕਲਮਬੱਧ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕ 'ਪੰਜਾਬ ਦੀਆਂ ਦੇਸੀ ਖੇਡਾਂ' ਵਿੱਚ ਸਤਾਸੀ ਖੇਡਾਂ ਦਾ ਵੇਰਵਾ ਦਿੱਤਾ ਹੈ ਅਤੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਪ੍ਰਕਾਸਿ਼ਤ ਪੁਸਤਕ 'ਪੰਜਾਬ ਦੇ ਚੋਣਵੇਂ ਖਿਡਾਰੀ' ਵਿਚ ਪੰਜਾਸੀ ਖਿਡਾਰੀਆਂ ਦੇ ਸ਼ਬਦ ਚਿੱਤਰ ਉਲੀਕੇ ਹਨ। 'ਪੰਜਾਬ ਦੇ ਕੋਹੇਨੂਰ' ਪੁਸਤਕ ਦੇ ਤਿੰਨ ਭਾਗਾਂ ਵਿੱਚ ਤੇਈ ਹੀਰਿਆਂ ਦੀਆਂ ਲੰਮੀਆਂ ਬਾਤਾਂ ਪਾਈਆਂ ਹਨ। ਮੌਲਿਕ ਪੁਸਤਕਾਂ ਰਚਣ ਨਾਲ ਉਨ੍ਹਾਂ ਨੇ ਕੁਝ ਪੁਸਤਕਾਂ ਦਾ ਸੰਪਾਦਨ ਤੇ ਅਨੁਵਾਦ ਵੀ ਕੀਤਾ ਹੈ। ਉਹ ਅਨੇਕਾਂ ਨਵੇਂ ਪੰਜਾਬੀ ਖੇਡ ਲੇਖਕਾਂ ਦੇ ਪ੍ਰੇਰਨਾਸ੍ਰੋਤ ਹਨ ਜਿਨ੍ਹਾਂ ਨੇ ਲਗਭਗ ਦੋ ਸੌ ਤੋਂ ਵੱਧ ਖੇਡ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਖੇਡ ਮੇਲੇ ਕਵਰ ਕਰਦਿਆਂ ਅਨੇਕਾਂ ਮਾਣ ਸਨਮਾਨ ਮਿਲੇ। ਜਸਵੰਤ ਸਿੰਘ ਕੰਵਲ ਨੇ ਉਨ੍ਹਾਂ ਨੂੰ 'ਖੇਡਾਂ ਦਾ ਵਣਜਾਰਾ', ਡਾ. ਹਰਿਭਜਨ ਸਿੰਘ ਨੇ 'ਸ਼ਬਦਾਂ ਦਾ ਓਲੰਪੀਅਨ' ਤੇ ਵਰਿਆਮ ਸਿੰਘ ਸੰਧੂ ਨੇ 'ਪੰਜਾਬੀ ਵਾਰਤਕ ਦਾ ਉੱਚਾ ਬੁਰਜ' ਕਿਹਾ ਅਤੇ ਹੋਰ ਬਹੁਤ ਸਾਰੇ ਲੇਖਕਾਂ ਤੇ ਪਾਠਕਾਂ ਨੇ ਉਨ੍ਹਾਂ ਦੀਆਂ ਲਿਖਤਾਂ ਨੂੰ ਸਲਾਹਿਆ ਤੇ ਵਡਿਆਇਆ। ਉਨ੍ਹਾਂ ਦੀ ਕਲਮ ਦੀ ਮੈਰਾਥਨ ਦੌੜ 1960ਵਿਆਂ ਤੋਂ ਜਾਰੀ ਹੈ। ਪ੍ਰਿੰਸੀਪਲ ਸਰਵਣ ਸਿੰਘ ਜੀ ਦੀਆਂ ਉਮਰ ਭਰ ਦੀਆਂ ਖੇਡ ਸੇਵਾਵਾਂ ਲਈ ਉਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ।