ਟੋਰਾਂਟੋ, 28 ਅਗਸਤ (ਪੋਸਟ ਬਿਊਰੋ): ਨੌਰਥ ਯੌਰਕ ਦੇ ਇੱਕ ਪਾਰਕਿੰਗ ਲਾਟ ਵਿੱਚ ਬੁੱਧਵਾਰ ਰਾਤ ਨੂੰ ਦੋ ਪੈਦਲ ਯਾਤਰੀਆਂ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਮਾਮਲੇ ਵਿਚ 33 ਸਾਲਾ ਵਿਅਕਤੀ 'ਤੇ ਕਤਲ ਦੀ ਕੋਸਿ਼ਸ਼ ਦਾ ਦੋਸ਼ ਲਾਇਆ ਗਿਆ ਹੈ। ਅਧਿਕਾਰੀਆਂ ਨੂੰ ਲਗਭਗ 10:20 ਵਜੇ ਮਾਮਲੇ ਬਾਰੇ ਸੂਚਨਾ ਮਿਲੀ। ਜਦੋਂ ਐਮਰਜੈਂਸੀ ਕਰੂ ਪਹੁੰਚੇ ਇੱਕ ਵਿਅਕਤੀ ਗੰਭੀਰ ਜ਼ਖਮੀ ਮਿਲਿਆ, ਜਿਸਨੂੰ ਟਰਾਮਾ ਸੈਂਟਰ ਲਿਜਾਇਆ ਗਿਆ। ਇੱਕ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਦੱਸਿਆ ਕਿ ਪੀੜਤ ਇੱਕ 50 ਅਤੇ 28 ਸਾਲਾ ਵਿਅਕਤੀ ਹਨ। ਡਰਾਈਵਰ, ਜੋਕਿ ਮਾਰਖਮ ਦਾ ਰਹਿਣ ਵਾਲਾ ਹੈ, ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਕਤਲ ਦੀ ਕੋਸਿ਼ਸ਼, ਹਥਿਆਰ ਨਾਲ ਹਮਲਾ ਕਰਨ ਅਤੇ ਕਈ ਹੋਰ ਅਪਰਾਧਾਂ ਦੇ ਚਾਰਜਿਜ਼ ਲਾਏ ਗਏ ਹਨ। ਸ਼ੱਕੀ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ।