ਮਾਂਟਰੀਅਲ, 28 ਅਗਸਤ (ਪੋਸਟ ਬਿਊਰੋ): ਮਾਂਟਰੀਅਲ ਦੇ ਸਾਊਥ ਏਂਡ 'ਤੇ ਹਾਈਵੇਅ 30 'ਤੇ ਅੱਠ ਵਾਹਨਾਂ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ਾਮ 4 ਵਜੇ ਦੇ ਕਰੀਬ ਬਾਊਚਰਵਿਲ ਵਿੱਚ ਹਾਈਵੇਅ 'ਤੇ ਇਕ ਟਰੱਕ ਦੇ ਕਈ ਵਾਹਨਾਂ ਨਾਲ ਟਕਰਾਉਣ ਦੀ ਸੂਚਨਾ ਮਿਲੀ। ਸੂਰੇਤੇ ਡੂ ਕਿਊਬੇਕ ਦੇ ਸਪੋਕਸਪਰਸਨ ਐਲਿਜ਼ਾਬੈਥ ਮਾਰਕਿਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਟਰੱਕ ਚਾਲਕ ਬ੍ਰੇਕ ਨਹੀਂ ਲਗਾ ਸਕਿਆ। ਐਸਕਿਊ ਦੀ ਸਪੋਕਸਪਰਸਨ ਲੌਰੀ ਐਵੋਇਨ ਨੇ ਪੁਸ਼ਟੀ ਕੀਤੀ ਕਿ ਦੋ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿੱਚ ਚਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਘਟਨਾ ਦੀਆਂ ਫੋਟੋਆਂ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਵੱਡੇ ਟਰੱਕ ਨੇ ਕਈ ਕਾਰਾਂ ਨੂੰ ਟੱਕਰ ਮਾਰ ਦਿੱਤੀ ਅਤੇ ਦੋ ਕਾਰਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਘਟਨਾ ਤੋਂ ਬਾਅਦ ਖੇਤਰ ਵਿੱਚ ਸੱਤ ਕਿਲੋਮੀਟਰ ਤੱਕ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ। ਪੁਲਿਸ ਜਾਂਚ ਦੌਰਾਨ ਹਾਈਵੇਅ ਦਾ ਕੁਝ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਇਸ ਖੇਤਰ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ।