ਓਟਵਾ, 27 ਅਗਸਤ (ਪੋਸਟ ਬਿਊਰੋ): ਓਟਵਾ ਦੇ ਦੱਖਣੀ ਸਿਰੇ 'ਤੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਅਮਲੇ ਨੂੰ ਮੰਗਲਵਾਰ ਸਵੇਰੇ 10:53 ਵਜੇ ਫੇਲਨ ਰੋਡ ਈਸਟ ਨੇੜੇ ਫਸਟ ਲਾਈਨ ਰੋਡ 'ਤੇ ਹੋਏ ਹਾਦਸੇ ਬਾਰੇ ਸੂਚਨਾ ਮਿਲੀ ਸੀ। ਓਟਵਾ ਫਾਇਰ ਸਰਵਿਸਿਜ਼ ਪਬਲਿਕ ਇਨਫਰਮੇਸ਼ਨ ਅਫਸਰ ਨਿੱਕ ਡੀਫਾਜ਼ੀਓ ਨੇ ਕਿਹਾ ਕਿ ਇੱਕ ਪਿਕਅੱਪ ਟਰੱਕ ਜੋ ਸੜਕ ਤੋਂ ਨਿਕਲ ਕੇ ਇੱਕ ਦਰੱਖਤ ਨਾਲ ਟਕਰਾ ਗਿਆ ਸੀ, ਦਾ ਡਰਾਈਵਰ ਵਾਹਨ ਦੇ ਅੰਦਰ ਫਸ ਗਿਆ। ਫਾਇਰਫਾਈਟਰਾਂ ਨੇ ਅੰਦਰ ਫਸੇ ਡਰਾਈਵਰ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ। ਜਦਕਿ ਦੂਸਰੇ ਵਾਹਨ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ।
ਪੈਰਾਮੈਡਿਕ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਪਿਕਅੱਪ ਟਰੱਕ ਚਲਾ ਰਹੇ ਵਿਅਕਤੀ ਨੂੰ ਹਾਦਸੇ ਤੋਂ ਪਹਿਲਾਂ ਮੈਡੀਕਲ ਐਮਰਜੈਂਸੀ ਹੋਈ ਜਾਪਦੀ ਹੈ। ਉਸਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਔਰੰਜ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਹਾਦਸਾਗ੍ਰਸਤ ਕਾਰ ਦੇ ਡਰਾਈਵਰ ਦਾ ਇਲਾਜ ਕੀਤਾ ਗਿਆ, ਜਿਸਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ।