ਗੁਰਦਾਸਪੁਰ, 27 ਅਗਸਤ (ਪੋਸਟ ਬਿਊਰੋ): ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਲਈ ਆਪਣਾ ਹੈਲੀਕਾਪਟਰ ਪ੍ਰਸ਼ਾਸਨ ਨੂੰ ਸੌਂਪਣ ਦਾ ਐਲਾਨ ਕੀਤਾ ਹੈ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਸਕੇ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਕਈ ਪਿੰਡਾਂ ਵਿੱਚ ਲੋਕ ਫਸੇ ਹੋਏ ਹਨ। ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ 92 ਸੀਟਾਂ ਵਾਲਾ ਹੈਲੀਕਾਪਟਰ ਦਿੱਤਾ ਸੀ। ਹੁਣ ਮੈਂ ਉਹੀ ਹੈਲੀਕਾਪਟਰ ਲੋਕਾਂ ਨੂੰ ਸੌਂਪ ਰਿਹਾ ਹਾਂ। ਮੈਂ ਇਸਨੂੰ ਇੱਥੇ ਛੱਡ ਰਿਹਾ ਹਾਂ ਤਾਂ ਜੋ ਇਸ ਰਾਹੀਂ ਲੋਕਾਂ ਤੱਕ ਦੁੱਧ, ਰਾਸ਼ਨ ਅਤੇ ਪਾਣੀ ਪਹੁੰਚਾਇਆ ਜਾ ਸਕੇ। ਮੈਂ ਇਸ ਲਈ ਡੀਸੀ ਸਾਹਿਬ ਨੂੰ ਨਿਰਦੇਸ਼ ਦੇ ਦਿੱਤੇ ਹਨ। ਮੈਂ ਖੁਦ ਕਾਰ ਰਾਹੀਂ ਵਾਪਸ ਜਾਵਾਂਗਾ।