ਕੈਨੇਡਾ-ਅਮਰੀਕਾ ਦੇ ਵਿਉਪਾਰਕ ਸਬੰਧ, ਬਿਜ਼ਨੈੱਸਾਂ ਦੀ ਸਹਾਇਤਾ ਕਰਨ ਅਤੇ ਸਥਾਨਕ ਨੌਕਰੀਆਂ ਨੂੰ ਸੁਰੱਖ਼ਿਅਤ ਰੱਖਣ ਬਾਰੇ ਸੋਨੀਆ ਸਿੱਧੂ ਵੱਲੋਂ ਜਾਣਕਾਰੀ
ਬਰੈਂਪਟਨ, 27 ਅਗਸਤ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੈਨੇਡਾ ਤੇ ਅਮਰੀਕਾ ਵਿਉਪਾਰਕ ਸਬੰਧਾਂ ਬਾਰੇ ਜਾਰੀ ਕੀਤੇ ਗਏ ਹਾਲੀਆ ਬਿਆਨ ਦੀ ਰੌਸ਼ਨੀ ਵਿੱਚ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਦੇ ਬਿਜ਼ਨੈੱਸਾਂ ਦੀ ਸਹਾਇਤਾ ਕਰਨ ਤੇ ਸਥਾਨਕ ਨੌਕਰੀਆਂ ਨੂੰ ਸੁਰੱਖ਼ਿਅਤ ਰੱਖਣ ਦੀ ਵਚਨਬੱਧਤਾ ਅਤੇ ਇਸ ਦੇ ਨਾਲ ਹੀ ਵਿਸ਼ਵ ਪੱਧਰ ‘ਤੇ ਕੈਨੇਡਾ ਵੱਲੋਂ ਅਰਥਚਾਰੇ ਵਿੱਚ ਮੁਕਾਬਲੇਬਾਜ਼ੀ ਨੂੰ ਜਾਰੀ ਰੱਖਣ ਬਾਰੇ ਤਾਜ਼ੀ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਕੈਨੇਡਾ ਤੇ ਅਮਰੀਕਾ ਦੇ ਵਿਉਪਾਰਕ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਦਾ ਬਿਆਨ ਅਤੀ ਮਹੱਤਵਪੂਰਨ ਹੈ। ‘ਕੁਸਮਾ’ (ਸੀਯੂਐੱਸਐੱਮਏ) ਸਮਝੌਤੇ ਅੰਦਰ ਆਉਂਦੇ ਅਮਰੀਕਨ ਵਸਤਾਂ ਉੱਪਰ ਕੈਨੇਡਾ ਵੱਲੋਂ ਟੈਰਿਫ਼ ਹਟਾਏ ਜਾਣ ‘ਤੇ ਅਸੀਂ ਉੱਤਰੀ ਅਮਰੀਕਾ ਦੇ ਵਿਉਪਾਰ ਵਿੱਚ ਬਰੈਂਪਟਨ ਦੇ ਮੁੱਖ ਉਦਯੋਗਾਂ ਸਟੀਲ, ਐਲੂਮੀਨੀਅਮ ਤੇ ਆਟੋ ਦੇ ਖ਼ੇਤਰਾਂ ਵਿੱਚ ਉਸ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ।“
ਨਵੇਂ ਟੈਰਿਫ਼ ਰੇਟ ਜੋ ਕਿ ਪਹਿਲੀ ਸਤੰਬਰ 2025 ਤੋਂ ਲਾਗੂ ਹੋ ਰਹੇ ਹਨ, ਇਹ ਯਕੀਨੀ ਬਨਾਉਣਗੇ ਕਿ ਅਮਰੀਕਾ ਤੇ ਕੈਨੇਡਾ ਵਿਚਕਾਰ ਚੱਲ ਰਿਹਾ 85% ਵਿਓਪਾਰ ਟੈਰਿਫ਼-ਮੁਕਤ ਰਹੇ ਅਤੇ ਕੈਨੇਡਾ ਦੀ ਅਮਰੀਕਾ ਨਾਲ ਸੱਭ ਤੋਂ ਵੱਡੇ ਭਾਈਵਾਲ ਵਜੋਂ ਸਥਿਤੀਬਰਕਰਾਰ ਰਹੇ। ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ ਇਹ ਕੈਨੇਡਾ ਅਤੇ ਵਿਸ਼ੇਸ਼ ਤੌਰ ‘ਤੇ ਬਰੈਂਪਟਨ-ਵਾਸੀਆਂ ਦੀ ਜਿੱਤ ਹੈ ਜਿੱਥੇ ਮੈਨੂਫ਼ੈਕਚਰਿੰਗ, ਲੌਜਿਸਟਿਕਸ ਅਤੇ ਛੋਟੇ ਬਿਜ਼ਨੈੱਸ ਸਥਾਨਕ ਅਰਥਚਾਰੇ ਵਿੱਚ ਕੇਂਦਰੀ ਭੂਮਿਕਾ ਨਿਭਾਅ ਰਹੇ ਹਨ।
ਸੋਨੀਆ ਸਿੱਧੂ ਨੇ ਹੋਰ ਕਿਹਾ, “ਹੁਣ ਜਦੋਂ ‘ਕੁਸਮਾ ਸਮਝੌਤੇ’ ਉੱਪਰ ਮੁੜ-ਸਮੀਖੀਆ ਹੋ ਰਹੀ ਹੈ ਅਤੇ ਕੈਨੇਡਾ ਦੇ ਵਿਓਪਾਰ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ, ਮੈਂ ਬਰੈਂਪਟਨ ਦੇ ਹਿੱਤਾਂ ਦਾ ਖ਼ਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਇਹ ਯਕੀਨੀ ਬਣਾਵਾਂਗੀ ਕਿ ਸਾਡੀ ਆਵਾਜ਼ ਸੁਣੀ ਜਾਏ ਅਤੇ ਸਾਡੇ ਉਦਯੋਗ ਸੁਰੱਖ਼ਿਅਤ ਰਹਿਣ।“
ਫ਼ੈੱਡਰਲ ਸਰਕਾਰ ਨੇ ਸਮੂਹਿਕ ਉਦਯੋਗ ਨੀਤੀ ਸਬੰਧੀ ਨਵੀਂ ਯੋਜਨਾ ਬਾਰੇ ਦੱਸਿਆ ਕਿ ਇਹ ਕੈਨੇਡਾ ਦੀਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ੀ ਕਰਨ, ਘਰੇਲੂ ਉਤਪਾਦਨ ਦੀ ਸਹਾਇਤਾ ਕਰਨ ਅਤੇ ਵਿਦੇਸ਼ੀ ਵਿਓਪਾਰ ਵਿੱਚ ਵਿਭਿੰਨਤਾ ਲਿਆਉਣ ਵਿੱਚ ਸਹਾਈ ਹੋਵੇਗੀ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਨੀਤੀ ਬਰੈਂਪਟਨ ਦੇ ਵਿਸਥਾਰ ਲਈ ਲਾਭਦਾਇਕ ਹੋਵੇਗੀ ਅਤੇ ਇਸ ਦੇ ਨਾਲ ਅਮਰੀਕਾ ਦੇ ਹਾਲੀਆ ਟੈਰਿਫ਼ਾਂ ਨਾਲ ਸਬੰਧਿਤ ਖ਼ੇਤਰ ਹੋਰ ਵਿਕਾਸ ਕਰਨਗੇ।
ਉਨ੍ਹਾ ਕਿਹਾ, “ਬਰੈਂਪਟਨ ਵਿਓਪਾਰ ਅਤੇ ਖੋਜ ਦੇ ਇਸ ਨਵੇਂ ਯੁੱਗ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਤਿਆਰ-ਬਰ-ਤਿਆਰ ਹੈ। ਅਸੀਂ ਸਾਰੇ ਮਿਲ ਕੇ ਕੈਨੇਡਾ ਦੇ ਅਰਥਚਾਰੇ ਨੂੰ ਲਚਕੀਲਾਅਤੇ ਹੋਰ ਮਜ਼ਬੂਤ ਬਣਾਵਾਂਗੇ। ਇਹ ਅਰਥਚਾਰਾ ਨਵੀਆਂ ਨੌਕਰੀਆਂ ਪੈਦਾ ਕਰੇਗਾ, ਪਰਿਵਾਰਾਂ ਦੀ ਸਹਾਇਤਾ ਕਰੇਗਾ ਅਤੇ ਵਿਸ਼ਵ ਪੱਧਰ ‘ਤੇ ਕੈਨੇਡਾ ਨੂੰ ਮੋਹਰੀ ਦੇਸ਼ ਬਣਾਏਗਾ।’