ਬਰੈਂਪਟਨ, - ਸੀਨੀਅਰ ਬੈਂਕਰਜ਼ ਦੀ ਵੱਕਾਰੀ ਸੰਸਥਾ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਲੰਘੇ ਸ਼ਨੀਵਾਰ ਐਲੋਰਾ ਕਨਜ਼ਰਵੇਸ਼ਨ ਏਰੀਏ ਦਾ ਸ਼ਾਨਦਾਰ ਪਿਕਨਿਕ ਟੂਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਲੱਬ ਦੇ 100 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ। ਓਨਟਾਰੀਓ ਖਾਲਸਾ ਦਰਬਾਰ ਦੀ ਪਾਰਕਿੰਗ ਤੋਂ ਕਲੱਬ ਦੇ ਮੈਂਬਰ ਕਾਫ਼ਲੇ ਦੇ ਰੂਪ ਵਿੱਚ ਬੱਸਾਂ ਤੇ ਕਾਰਾਂ ਵਿੱਚ ਸਵਾਰ ਹੋ ਕੇ ਸਵਾ ਦਸ ਵਜੇ ਐਲੋਰਾ ਕਨਜ਼ਰਵੇਸ਼ਨ ਏਰੀਏ ਵਿੱਚ ਪਹੁੰਚ ਗਏ। ਬੱਦਲਵਾਈ ਹੋਣ ਕਰਕੇ ਇਸ ਦਿਨ ਮੌਸਮ ਬੜਾ ਸੁਹਾਵਣਾ ਤੇ ਖ਼ੁਸ਼ਗਵਾਰ ਸੀ ਜਿਸ ਨਾਲ ਮੈਂਬਰਾਂ ਵਿੱਚ ਇਸ ਪਿਕਨਿਕ ਲਈ ਹੋਰ ਵੀ ਵਧੇਰੇ ਉਤਸ਼ਾਹ ਦਿਖਾਈ ਦੇ ਰਿਹਾ ਸੀ। ਪਿਕਨਿਕ ਸਥਾਨ ‘ਤੇ ਪਹੁੰਚਦਿਆਂ ਹੀ ਪ੍ਰਬੰਧਕਾਂ ਵੱਲੋਂ ਮੈਂਬਰਾਂ ਨੂੰ ਸੁਅਦਲੇ ਸਨੈਕਸ ਤੇ ਗਰਮ-ਗਰਮ ਚਾਹ ਨਾਲ ਬਰੇਕ-ਫ਼ਾਸਟ ਕਰਵਾਇਆ ਗਿਆ।
ਉਪਰੰਤ, ਗਿਆਰਾਂ ਕੁ ਵਜੇ ਸਾਰੇ ਮੈਂਬਰ ਵੱਖ-ਵੱਖ ਗਰੁੱਪਾਂ ਵਿੱਚ ਇਸ ਖ਼ੂਬਸੂਰਤ ਸਥਾਨ ‘ਤੇ ਬਣੀ ਟਰੇਲ ਵੱਲ ਘੁੰਮਣ-ਫਿਰਨ ਲਈ ਚੱਲ ਪਏ। ਕਾਫ਼ੀ ਪੌੜੀਆਂ ਉੱਤਰਨ ਬਾਅਦ ਉਹ ਟਰੇਲ ਤੱਕ ਪਹੁੰਚੇ ਅਤੇ ਇਸ ਦੇ ਵੱਖ-ਵੱਖ ਕੋਨਿਆਂ ਵਿੱਚ ਖੜੇ ਹੋ ਕੇ ਉਨ੍ਹਾਂ ਇਸ ਦੇ ਮਨਮੋਹਕ ਦ੍ਰਿਸ਼ਾਂ ਦੀ ਫ਼ੋਟੋਗ੍ਰਾਫ਼ੀ ਕੀਤੀ। ਇਸ ਦੌਰਾਨ ਹਲਕੀ ਜਿਹੀ ਬੂੰਦਾ-ਬਾਂਦੀ ਵੀ ਸ਼ੁਰੂ ਹੋ ਗਈ ਜਿਸ ਨੇ ਉਨ੍ਹਾਂ ਦੇ ਉਤਸ਼ਾਹ ਵਿੱਚ ਹੋਰ ਵੀ ਵਾਧਾ ਕੀਤਾ। ਡੇਢ-ਦੋ ਘੰਟੇ ਘੁੰਮਣ ਤੋਂ ਬਾਅਦ ਸਾਰੇ ਮੈਂਬਰ ਕੇਂਦਰੀ-ਸਥਾਨ ਦੇ ਸ਼ੈੱਡ ਹੇਠ ਪਹੁੰਚ ਗਏ ਅਤੇ ਇਸ ਦੇ ਨਾਲ ਹੀ ਕਲਚਰਲ ਪ੍ਰੋਗਰਾਮ ਆਰੰਭ ਹੋ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਖੱਖ ਨੇ ਸੱਭ ਤੋਂ ਪਹਿਲਾਂ ਨਵੇਂ ਮੈਂਬਰਾਂ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨ੍ਹਾਂ ਨੂੰ ਜੀ-ਆਇਆਂ ਕਿਹਾ। ਉਪਰੰਤ, ਪ੍ਰਬੰਧਕੀ ਮੈਂਬਰ ਦਿਲਬੀਰ ਸਿੰਘ ਕਾਲੜਾ, ਸੁਖਦੇਵ ਸਿੰਘ ਬੇਦੀ, ਤਰਲੋਕ ਸਿੰਘ ਸੋਢੀ, ਸੁਖਵਿੰਦਰ ਸਿੰਘ ਗਾਂਧੀ ਨੇ ਹਿੰਦੀ ਫ਼ਿਲਮੀ ਗੀਤ ਗਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਸਤਪਾਲ ਸਿੰਘ ਕੋਮਲ ਨੇ ਮਾਂ-ਬੋਲੀ ਪੰਜਾਬੀ ਬਾਰੇ ਭਾਵਪੂਰਤ ਕਵਿਤਾ ਸੁਣਾਈ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸ਼੍ਰੀਮਤੀ ਜੋਗਿੰਦਰ ਕੌਰ ਮਰਵਾਹਾ, ਬਲਜਿੰਦਰ ਕੌਰ ਮਰਵਾਹਾ, ਸੁਖਵਿੰਦਰ ਕੌਰ ਤੇ ਰਵਿੰਦਰ ਕੌਰ ਜਸਾਨੀ ਨੇ ਪੰਜਾਬੀ ਗੀਤ ਤੇ ਲੋਕ-ਗੀਤ ਗਾ ਕੇ ਮੈਂਬਰਾਂ ਨੂੰ ਪੈਰ ਥਿਰਕਾਉਣ ਲਈ ਮਜਬੂਰ ਕਰ ਦਿੱਤਾ ਜਿਸ ਦੇ ਦੇਖਦੇ ਹੀ ਗਿੱਧਾ ਸ਼ੁਰੂ ਹੋ ਗਿਆ। ਬੀਬੀਆਂ ਨੇ ਇਸ ਦੌਰਾਨ ਇੱਕ-ਦੂਸਰੀ ਤੋਂ ਵੱਧ-ਚੜ੍ਹ ਕੇ ਬੋਲੀਆਂ ਪਾਈਆਂ ਤੇ ਇਹ ਸਿਲਸਿਲਾ ਕੋਈ ਦੋ ਵਜੇ ਤੱਕ ਨਿਰੰਤਰ ਚੱਲਦਾ ਰਿਹਾ।
ਏਨੇ ਚਿਰ ਨੂੰ ਪ੍ਰਬੰਧਕਾਂ ਵੱਲੋਂ ਆਰਡਰ ਕੀਤਾ ਗਿਆ ਵੱਖ-ਵੱਖ ਤਰ੍ਹਾਂ ਦਾ ਪੀਜ਼ਾ ਵੀ ਪਹੁੰਚ ਗਿਆ ਅਤੇ ਸਾਰਿਆਂ ਨੇ ਇਸ ਸੁਆਦਲੇ ਪੀਜ਼ੇ ਦਾ ਖ਼ੂਬ ਅਨੰਦ ਮਾਣਿਆਂ। ਸੱਭਨਾਂ ਵੱਲੋਂ ਇਸ ਲਜ਼ੀਜ਼ ਪੀਜ਼ੇ ਦੀ ਭਰਪੂਰ ਸਰਾਹਨਾ ਕੀਤੀ ਗਈ। ਇਸ ਦੌਰਾਨ ਕੋਲਡ-ਡਰਿੰਕਸ ਦੀ ਸੇਵਾ ਮਰਵਾਹਾ ਪਰਿਵਾਰ ਵੱਲੋਂ ਕੀਤੀ ਗਈ ਜਿਸ ਦੇ ਲਈ ਉਨ੍ਹਾਂ ਦਾ ਸਾਰਿਆਂ ਵੱਲੋਂ ਧੰਨਵਾਦ ਕੀਤਾ ਗਿਆ।
ਲੰਚ ਕਰਨ ਉਪਰੰਤ ਸਾਰੇ ਮੈਂਬਰ ਆਰਟ ਗੈਲਰੀ, ਡਾਊਨ-ਟਾਊਨ ਬਰਿੱਜ, ਵਾਟਰ ਫ਼ਾਲਜ਼ ਤੇ ਫਾਰਮਰਜ਼ ਮਾਰਕੀਟ ਵੇਖਣ ਲਈ ਚੱਲ ਪਏ। ਕਈਆਂ ਨੇ ਆਰਟ ਗੈਲਰੀ ਵਿੱਚ ਜਿਊਲਰੀ, ਸ਼ਹਿਦ ਤੇ ਕਲਾ-ਕਿਰਤਾਂ ਮੈਂਬਰਾਂ ਦੀ ਵਿਸ਼ੇਸ਼ ਖਿੱਚ ਦੇ ਕਾਰਨ ਬਣੇ, ਜਦਕਿ ਕਈਆਂ ਨੇ ਕਿਸਾਨਾਂ ਦੀ ਮੰਡੀ ਵਿੱਚੋਂ ਲੋੜੀਂਦੀਆਂ ਸਬਜ਼ੀਆਂ ਤੇ ਫ਼ਲ ਵੀ ਖ਼ਰੀਦ ਲਏ।
ਇਸ ਸ਼ਾਨਦਾਰ ਪਿਕਨਿਕ ਟੂਰ ਦੇ ਆਯੋਜਨ ਲਈ ਮੈਂਬਰਾਂ ਵੱਲੋਂ ਪ੍ਰਬੰਧਕੀ ਟੀਮਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਰਾਮ ਸਿੰਘ, ਮਨਜੀਤ ਸਿੰਘ ਗਿੱਲ, ਦਲਬੀਰ ਸਿੰਘ ਕਾਲੜਾ, ਸੁਖਦੇਵ ਸਿੰਘ ਬੇਦੀ,ਬਰਜਿੰਦਰ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਖੱਖ ਤੇ ਪ੍ਰਧਾਨ ਹਰਚਰਨ ਸਿੰਘ ਨੇ ਇਸ ਟੂਰ ਲਈ ਭਰਪੂਰਵ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਸ਼ੁਕਰਾਨਾ ਕੀਤਾ ਅਤੇ ਆਉਂਦੇ 4 ਅਕਤੂਬਰ ਨੂੰ ਮੁੜ ਮਿਲਣ ਦਾ ਵਾਅਦਾ ਕਰਕੇ ਸ਼ਾਮ ਦੇ ਸਾਢੇ ਚਾਰ ਵਜੇ ਸਾਰਿਆਂ ਨੂੰ ਵਾਪਸੀ ਲਈ ਵਿਦਾ ਕੀਤਾ ਗਿਆ।