ਬਰੈਂਪਟਨ, (ਡਾ. ਝੰਡ) - ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ ਲੰਘੇ ਐਤਵਾਰ 17 ਅਗਸਤ ਨੂੰ 2250 ਬੋਵੇਰਡ ਡਰਾਈਵ (ਈਸਟ) ਦੇ ਮੀਟਿੰਗ-ਹਾਲ ਵਿੱਚ ਹੋਇਆ। ਸਮਾਗ਼ਮ ਦੇ ਮੁੱਖ-ਮਹਿਮਾਨ ਤੇ ਬੁਲਾਰੇਉੱਘੇ ਇਤਿਹਾਸਕਾਰ ਤੇ ‘ਇੰਡੀਅਨ ਐੱਕਸਪਰੈੵਸ’ ਦੇ ਸਾਬਕਾ ਪੱਤਰਕਾਰ ਜਗਤਾਰ ਸਿੰਘ ਸਨ। ਪ੍ਰਧਾਨਗੀ-ਮੰਡਲ ਵਿੱਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਅਜਾਇਬ ਸਿੰਘ ਸੰਘਾ, ਸ਼ਮਸ਼ੇਰ ਸਿੰਘ ਅਤੇ ਸੁਰਿੰਦਰਜੀਤ ਕੌਰ ਸੁਸ਼ੋਭਿਤ ਸਨ। ਸਮਾਗ਼ਮ ਦੇ ਆਰੰਭ ਵਿੱਚ ਮਲੂਕ ਸਿੰਘ ਕਾਹਲੋਂਨੇ ਸਮਾਗ਼ਮ ਦੇ ਮੁੱਖ-ਮਹਿਮਾਨ, ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਨਿੱਘੀ ‘ਜੀ-ਆਇਆਂ’ ਕਹੀ।
ਉਪਰੰਤ, ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਮੁੱਖ-ਬੁਲਾਰੇ ਜਗਤਾਰ ਸਿੰਘ ਹੁਰਾਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੱਤਰਕਾਰੀ ਦੇ ਖ਼ੇਤਰ ਵਿੱਚ ਪੱਤਰਕਾਰਾਂ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ, ਖ਼ਾਸ ਤੌਰ ਉਨ੍ਹਾਂ ਨੂੰ ਜੋ ਇਹ ਕਠਨ ਕਾਰਜ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਮੀਡੀਆ ਦੇ ਵੱਡੇ ਚੈਨਲ ਤੇ ਅਖ਼ਬਾਰੀ ਅਦਾਰੇ ‘ਖ਼ਰੀਦ’ ਲਏ ਜਾਂਦੇ ਹਨ ਅਤੇ ਉਹ ਫਿਰ ਸਰਕਾਰ ਚਲਾ ਰਹੀ ਪਾਰਟੀ ਦੀਆਂ ਪਾਲਸੀਆਂ ਤੇ ਉਸਦੀ ਵਿਚਾਰਧਾਰਾ ਦੇ ਹੀ ਸੋਹਲੇ ਗਾਉਂਦੇ ਹਨ। ਉਨ੍ਹਾਂ ਕਿਹਾ ਕਿਪੱਤਰਕਾਰੀ ਵਿੱਚ ਵੀ ਪੱਤਰਕਾਰਾਂ ਦੇ ਅੱਗੋਂ ਕਈ ਗਰੁੱਪ ਬਣ ਜਾਂਦੇ ਹਨ। ਇੱਕ ਗਰੁੱਪ ਰਾਜਸੱਤਾ ‘ਤੇ ਕਾਬਜ਼ ਪਾਰਟੀ ਦੀਆਂ ਪਾਲਸੀਆਂ ਨੂੰ ਅੰਜਾਮ ਦੇਣ ਵਾਲਿਆਂ ਦਾ ਅਤੇ ਦੂਸਰਾ ਨਿਧੜਕ ਤੇ ਨਿਡਰ ਹੋ ਕੇ ਲਿਖਣ ਵਾਲਿਆਂ ਦਾ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਸਦੀ ਦੇ 80’ਵਿਆਂ ਵਿੱਚ ਪੱਤਰਕਾਰਾਂ ਨੂੰ ਅਨੇਕਾਂ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਭਾਰਤ ਅਤੇ ਪੰਜਾਬ ਦੇ ਅਜੋਕੇ ਹਾਲਾਤ ਬਾਰੇ ਵੀ ਕੁਝ ਟਿਪਣੀਆਂ ਕੀਤੀਆਂ ਅਤੇ ਪੰਜਾਬ ਦੇ ਇਤਿਹਾਸ ਬਾਰੇ ਲਿਖੀਆਂ ਗਈਆਂ ਆਪਣੀਆਂ ਪੁਸਤਕਾਂ ਬਾਰੇ ਵੀ ਜ਼ਿਕਰ ਕੀਤਾ। ਪ੍ਰਧਾਨਗੀ-ਮੰਡਲ ਵਿੱਚੋਂ ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ ਤੇ ਸੁਰਿੰਦਰਜੀਤ ਕੌਰ ਵੱਲੋਂ ਅਤੇ ਸਰੋਤਿਆਂ ਵਿੱਚੋਂ ਮਲੂਕ ਸਿੰਘ ਕਾਹਲੋਂ, ਡਾ. ਜਗਮੋਹਨ ਸੰਘਾ, ਤਲਵਿੰਦਰ ਮੰਡ, ਸੁਰਜੀਤ ਸਿੰਘ ਵਿਰਕ, ਸੁੱਚਾ ਸਿੰਘ ਮਾਂਗਟ, ਰਾਜਕੁਮਾਰ ਓਸ਼ੋਰਾਜਤੇ ਹਰਜੀਤ ਸਿੰਘ ਬਾਜਵਾ ਵੱਲੋਂ ਉਨ੍ਹਾਂ ਨੂੰ ਕਈ ਸੁਆਲ ਪੁੱਛੇ ਗਏ ਜਿਨਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀਪੂਰਵਕ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਬੁਲਾਰੇ ਪਰਮਵੀਰ ਬਾਠ ਨੇ ਪੰਜਾਬੀ ਰੇਡੀਓ ਤੇ ਟੀ.ਵੀ. ਚੈਨਲਾਂ ਅਤੇ ਪੰਜਾਬੀ ਸਾਹਿਤਕ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਇਹ ਪੰਜਾਬੀ ਸੰਸਕ੍ਰਿਤਕ ਪ੍ਰੰਪਰਾਵਾਂ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਅੱਗੇ ਤੋਰ ਰਹੇ ਹਨ, ਉੱਥੇ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਕਰਕੇ ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਦਾ ਨਿਰਾਦਰ ਹੋ ਰਿਹਾ ਹੈ। ਸਭਾ ਦੇ ਮੈਂਬਰਾਂ ਤੇ ਸਰੋਤਿਆਂ ਨੂੰ ਅਜਿਹੇ ਸਮਾਗ਼ਮਾਂ ਵਿੱਚ ਮਿਲ਼ ਬੈਠ ਕੇ ਵਿਚਾਰ-ਚਰਚਾ ਕਰਨ ਲਈ ਮੁਬਾਰਕਬਾਦ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਤੁਸੀ ਸਾਰੇ ਕਰਮਾਂ-ਭਾਗਾਂ ਵਾਲੇ ਹੋ ਜੋ ਇਸ ਤਰ੍ਹਾਂ ਦੇ ਸਾਹਿਤਕ ਸਮਾਗ਼ਮਾਂ ਵਿੱਚ ਆਉਣ ਲਈ ਸਮਾਂ ਕੱਢਦੇ ਹੋ। ਇੱਥੋਂ ਬੜਾ ਕੁਝ ਸਿੱਖਣ ਲਈ ਮਿਲਦਾ ਹੈ।
ਇਸ ਦੌਰਾਨ ਸਮਾਗ਼ਮ ਨੂੰ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਅਤੇ ਇੰਜੀ. ਈਸ਼ਰ ਸਿੰਘ ਨੇ ਵੀ ਸੰਬੋਧਨ ਕੀਤਾ।ਪ੍ਰਧਾਨਗੀ-ਮੰਡਲ ਵਿੱਚੋਂ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਇਸ ਸੈਸ਼ਨ ਦੀ ਕਾਰਵਾਈ ਨੂੰ ਬੜੇ ਸਾਰਥਿਕ ਸ਼ਬਦਾਂ ਵਿੱਚ ਸਮੇਟਿਆ ਗਿਆ ਅਤੇ ਬਲਰਾਜ ਚੀਮਾ ਵੱਲੋਂ ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਮੁੱਖ-ਮਹਿਮਾਨ ਜਗਤਾਰ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਨੂੰ ਸਭਾ ਵੱਲੋਂ ਸਰਟੀਫ਼ੀਕੇਟ, ਦਸਤਾਰ ਅਤੇ ਸ਼ਾਨਦਾਰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਦੇ ਦੂਸਰੇ ਭਾਗ ਵਿੱਚ ਕਵੀ-ਦਰਬਾਰ ਦਾ ਸੰਚਾਲਨ ਡਾ. ਜਗਮੋਹਨ ਸੰਘਾ ਵੱਲੋਂ ਕੀਤਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਪ੍ਰੋ. ਆਸ਼ਿਕ ਰਹੀਲ, ਇਕਬਾਲ ਬਰਾੜ, ਪ੍ਰਿੰ. ਗਿਆਨ ਸਿੰਘ ਘਈ, ਹਰਜੀਤ ਸਿੰਘ ਬਾਜਵਾ ਅਤੇ ਸੁਖਚਰਨਜੀਤ ਕੌਰ ਗਿੱਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋੜ੍ਹ-ਕਵੀ ਪ੍ਰੀਤਮ ਧੰਜਲ ਦੀ ਸੰਜੀਦਾ ਕਵਿਤਾਨਾਲ ਕੀਤੀ ਗਈ। ਉਪਰੰਤ, ਵਾਰੋ-ਵਾਰੀ ਜੱਸੀ ਭੁੱਲਰ, ਰਾਜਕੁਮਾਰ ਓਸ਼ੋਰਾਜ, ਹਰਮੇਸ਼ ਜੀਂਦੋਵਾਲ, ਮਕਸੂਦ ਚੌਧਰੀ, ਅਮਰ ਸਿੰਘ ਪੰਛੀ, ਕਰਨ ਅਜਾਇਬ ਸੰਘਾ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਇਕਬਾਲ ਬਰਾੜ, ਸੁਰਜੀਤ ਕੌਰ, ਹਰਜੀਤ ਬੰਮਰਾ, ਬਲਬੀਰ ਰਾਇਕੋਟੀ, ਪ੍ਰੋ. ਆਸ਼ਿਕ ਰਹੀਲ, ਅਜੀਤ ਸਿੰਘ ਲਾਇਲ, ਹਰਜੀਤ ਸਿੰਘ ਬਾਜਵਾ, ਪਿਆਰਾ ਸਿੰਘ ਕੁੱਦੋਵਾਲ, ਹਰਦਿਆਲ ਝੀਤਾ, ਮਲੂਕ ਸਿੰਘ ਕਾਹਲੋਂ, ਸਤਪਾਲ ਸਿੰਘ ਕੋਮਲ, ਜਗਮੋਹਨ ਸੰਘਾ ਤੇ ਹੋਰ ਕਈਆਂ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸੁਖਚਰਨਜੀਤ ਕੌਰ ਗਿੱਲ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ। ਕਵੀਆਂ-ਕਵਿੱਤਰੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿੱਚਪ੍ਰੋ. ਸਿਕੰਦਰ ਸਿੰਘ ਗਿੱਲ,ਰਮਿੰਦਰ ਵਾਲੀਆ, ਰਿੰਟੂ ਭਾਟੀਆ, ਹਰਭਿੰਦਰ ਕੌਰ, ਮਿਸਿਜ਼ ਘਈ, ਮਿਸਿਜ਼ ਸ਼ਮਸ਼ੇਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।