ਬਰੈਂਪਟਨ, (ਡਾ. ਝੰਡ) – ਲੰਘੇ 17 ਅਗਸਤ ਐਤਵਾਰ ਦੇ ਦਿਨ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ‘ਨੱਚ ਬੱਲੀਏ -ਤੀਆਂ ਦਾ ਮੇਲਾ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਦੇ ਇਸ ਮੇਲੇ ਵਿੱਚ ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਨੇ ਬੜੇ ਜੋਸ਼ ਅਤੇ ਸ਼ੌਕ ਨਾਲ ਹਿੱਸਾ ਲੈ ਕੇ ਪੰਜਾਬੀ ਸੱਭਿਆਚਾਰ ਦੇ ਅਮੀਰ ਸੱਭਿਆਚਾਰਕ ਵਿਰਸੇ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਤੀਆਂ ਦਾ ਇਹ ਸ਼ਾਨਾਂਮੱਤਾਮੇਲਾ ਬਰੈਂਪਟਨ ਦੇ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ਮਨਾਇਆ ਗਿਆ।
ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਕਲੱਬ ਦੇ ਮੈਂਬਰਾਂ ਦਾ ਨਿੱਘਾ ਸੁਆਗ਼ਤ ਕਰਦਿਆਂ ਕਿਹਾ, “ਤੀਆਂ ਦੇ ਇਸ ਮੇਲੇ ਵਰਗੇ ਈਵੈਂਟ ਨਾ ਕੇਵਲ ਸਾਡੀ ਮਾਣ-ਮੱਤੀ ਵਿਰਾਸਤ ਨੂੰ ਹੀ ਦਰਸਾਉਂਦੇ ਹਨ, ਬਲਕਿ ਇਹ ਸਾਨੂੰ ਇਕੱਠੇ ਹੋ ਕੇ ਖ਼ੁਸ਼ੀ ਸਾਂਝੀ ਕਰਨ ਅਤੇ ਆਪਣੇ ਸੀਨੀਅਰਾਂ ਦੇ ਮਾਣ-ਸਤਿਕਾਰ ਦੀ ਭਾਵਨਾ ਪ੍ਰਗਟ ਕਰਨ ਵਿੱਚ ਵੀ ਸਹਾਈ ਹੁੰਦੇ ਹਨ।“
ਇਸ ਦੌਰਾਨ ਸਮਾਗ਼ਮ ਵਿੱਚ ਰੰਗ-ਬਰੰਗੀਆਂ ਰਵਾਇਤੀ ਪੁਸ਼ਾਕਾਂ ਵਿੱਚ ਸਜੇ ਹੋਏ ਮੈਂਬਰਾਂ ਨੇ ਗਿੱਧੇ, ਭੰਗੜੇ, ਗੀਤ-ਸੰਗੀਤ ਅਤੇ ਹਾਸੇ-ਮਖ਼ੌਲ ਦੇ ਖ਼ੁਸ਼ਗਵਾਰ ਮਾਹੌਲ ਦਾ ਖ਼ੂਬ ਅਨੰਦ ਮਾਣਿਆਂ। ਈਵੈਂਟ ਦਾ ਕੇਂਦਰ-ਬਿੰਦੂ ਬਣੀ ਰਹੀਊਰਜਾ ਨਾਲ ਭਰਪੂਰ ਜਿਓਤੀ ਨੇ ਸਰੋਤਿਆਂ ਨੂੰ ਸਾਰਾ ਸਮਾਂ ਮਨੋਰੰਜਨ ਦੀਆਂ ਵੱਖ-ਵੱਖ ਵੰਨਗੀਆਂ ਨਾਲ ਰਿਝਾਈ ਰੱਖਿਆ। ਉਸ ਦਾ ਕਹਿਣਾ ਸੀ, “ਇਸ ਤਰ੍ਹਾਂ ਦੇ ਸ਼ਾਨਦਾਰ ਸਮਾਗ਼ਮ ਨੂੰ ਹੋਸਟ ਕਰਨਾ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ। ਕਲੱਬ ਦੇ ਸੀਨੀਅਰ ਮੈਂਬਰਾਂ ਵੱਲੋਂ ਹਰੇਕ ਪਲ ਮੈਨੂੰ ਬੜਾ ਜੋਸ਼ ਤੇ ਉਤਸ਼ਾਹ ਬਖ਼ਸ਼ਿਆ ਗਿਆ ਹੈ ਜਿਸ ਦੇ ਲਈ ਮੈਂ ਉਨ੍ਹਾਂ ਦੀ ਬੜੀ ਧੰਨਵਾਦੀ ਹਾਂ।“
ਸਮਾਗ਼ਮ ਦੌਰਾਨ ਗੀਤ-ਸੰਗੀਤ, ਸੋਲੋ ਗਾਣਿਆਂ, ਸਕਿੱਟਾਂ, ਭੰਗੜੇ ਅਤੇ ਗਿੱਧੇ ਸਮੇਤ ਕਈ ਗੇਮਾਂ ਦਾ ਵੀ ਆਯੋਜਨ ਕੀਤਾ ਗਿਆ। ਪੁਸ਼ਪਿੰਦਰ ਕੌਰ ਵੱਲੋਂ ਪੇਸ਼ ਕੀਤੀ ਗਈ ਸਕਿੱਟ ਇਸ ਸ਼ਾਨਦਾਰ ਸ਼ਾਮ ਦੀ ਵਿਸ਼ੇਸ਼ ਖਿੱਚ ਬਣੀ। ਫ਼ੈਸ਼ਨ-ਸ਼ੋਅ ਅਤੇ ਜੋੜਿਆਂ ਦੇ ਨਾਚ ਵੀ ਹੋਏ, ਜਦ ਕਿ ਅਵਤਾਰ ਬਰਾੜ ਵੱਲੋਂ ਪੇਸ਼ ਕੀਤੀ ਗਈ ਸ਼ਾਨਦਾਰ ਆਈਟਮ ਨੇ ਸਰੋਤਿਆਂ ਦਾ ਮਨ ਮੋਹ ਲਿਆ। ਉਨ੍ਹਾਂ ਕਿਹਾ, “ਸੀਨੀਅਰਾਂ ਦੇ ਮਨੋਰੰਜਨ ਲਈ ਆਪਣੀ ਪ੍ਰਫ਼ਾਰਮੈਂਸ ਦੇਣਾ ਮੇਰੇ ਲਈ ਊਰਜਾ ਦਾ ਸਰੋਤ ਹੈ। ਉਨ੍ਹਾਂ ਨੂੰ ਮੁਸਕ੍ਰਾਉਂਦਿਆਂ ਵੇਖ ਕੇ ਮੈਨੂੰ ਬੜੀ ਖ਼ੁਸ਼ੀ ਹੁੰਦੀ ਹੈ ਅਤੇ ਇਹ ਸਾਡੀ ਕਮਿਊਨਿਟੀ ਦੀ ਜ਼ਿੰਦਾਦਿਲੀ ਦਾ ਖ਼ੂਬਸੂਰਤ ਪ੍ਰਗਟਾਵਾ ਹੈ।“
ਕਲੱਬ ਦੀ ਸੀਨੀਅਰ ਮੈਂਬਰ ਰੇਨੂੰ ਸੋਢੀ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ, “ਮੈਨੂੰ ਇਸ ਸ਼ਾਨਦਾਰ ਸ਼ਾਮ ਦੀ ਭਾਈਵਾਲ ਬਣ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਅਜਿਹੇ ਪ੍ਰੋਗਰਾਮ ਸਾਨੂੰ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ, ਸਾਨੂੰ ਚੁਸਤ-ਦਰੁੱਸਤ ਰੱਖਦੇ ਹਨ ਅਤੇ ਕਮਿਊਨਿਟੀ ਦੇ ਮਾਣਯੋਗ ਮੈਂਬਰ ਹੋਣ ਦੀ ਯਾਦ ਦਿਵਾਉਂਦੇ ਹਨ।
ਸਮਾਗ਼ਮ ਦੀ ਮੁੱਖ-ਮਹਿਮਾਨ ਪਾਰਲੀਮੈਂਟਰੀ ਸੈਕਟਰੀ ਰੂਬੀ ਸਹੋਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਤੀਆਂ ਦਾ ਇਹ ਮੇਲਾ ਸਾਡੀ ਮਾਣ-ਮੱਤੀ ਵਿਰਾਸਤ ਦਾ ਅਹਿਮ ਭਾਗ ਹੈ। ਇਸ ਤਰ੍ਹਾਂ ਦੇ ਇਕੱਠ ਸਾਡੀਆਂ ਸਮਾਜਿਕ-ਤੰਦਾਂ ਨੂੰ ਮਜ਼ਬੂਤ ਕਰਨ ਅਤੇ ਸੱਭਿਚਾਰਕ ਜੜ੍ਹਾਂ ਨੂੰ ਹੋਰ ਤਾਕਤ ਦੇਣ ਲਈ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਦੇ ਹਨ।“
ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਨੇ ਨਾ ਕੇਵਲ ਸ਼ਾਨਦਾਰ ਮਨੋਰੰਜਕ ਆਈਟਮਾਂ ਦਾ ਹੀ ਅਨੰਦ ਲਿਆ, ਸਗੋਂ ਇਸ ਦੌਰਾਨ ਸੁਆਦਲੇ ਭੋਜਨ ਦੀਆਂ ਵੱਖ-ਵੱਖ ਵੰਨਗੀਆਂ ਅਤੇ ਹਾਸੇ-ਮਜ਼ਾਕ ਨੂੰ ਵੀ ਪੂਰੀ ਤਰ੍ਹਾਂ ਮਾਣਿਆਂ। ਅਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਜਸਵਿੰਦਰ ਦੈਂਦ ਵੱਲੋਂ ਇਸ ਸਮਾਗ਼ਮ ਦੀ ਸਫ਼ਲਤਾ ਲਈ ਸਮੂਹ ਮੈਂਬਰਾਂ, ਵਾਲੰਟੀਅਰਾਂ ਅਤੇ ਵੱਖ-ਵੱਖ ਆਈਟਮਾਂ ਪੇਸ਼ ਕਰਨ ਵਾਲਿਆਂ ਦਾ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ।