ਬਰੈਂਪਟਨ, 14 ਅਗਸਤ (ਪੋਸਟ ਬਿਊਰੋ): ਪਿਛਲੇ ਸ਼ਨੀਵਾਰ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਸੇਵ ਮੈਕਸ ਕਮਿਊਨੀਟੀ ਸੈਂਟਰ (ਸੋਕਰ ਸੈਟਰ)ਵਿਖੇ ਬਰੈਂਪਟਨ ਦੀਆਂ ਲੱਗਭਗ ਸਾਰੀਆਂ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਅੱਠਵਾਂ ਮਲਟੀਕਲਚਰਲ ਕੈਨੇਡਾ ਡੇਅ ਫੈਸਟੀਵਲ ਮਨਾਇਆ। ਬਰੈਂਪਟਨ ਦੇ ਸਾਰੇ ਸੀਨੀਅਰਜ਼ ਦੇ ਮਨਾਂ ਵਿੱਚ ਆਪਣਾ ਨਿਵੇਕਲਾ ਸਥਾਨ ਬਣਾ ਚੁੱਕਾ ਇਹ ਸਮਾਗਮ ਇਸ ਵਾਰ ਕਨੇਡਾ ਦੀ ਬਹੁਪੱਖੀ ਸਭਿਆਚਾਰਕ ਬਣਤਰ ਦੀ ਦਿੱਖ ਪੇਸ਼ ਕਰਨ ਵਿੱਚ ਕਾਮਯਾਬ ਰਿਹਾ,ਜਿਸ ਵਿੱਚ ਪੰਜਾਬੀ ਤੇ ਹੋਰ ਵਖ ਵਖ ਭਾਸ਼ਾਈ ਵੰਨਗੀਆਂ ਦੇ ਪੇਸ਼ ਕੀਤੇ ਈਵੈਂਟਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਲਗਭਗ ਚਾਰ ਅੰਕ ਨੂੰ ਪਾਰ ਕਰ ਗਈ ਦਰਸ਼ਕਾਂ ਦੀ ਗਿਣਤੀ, ਵੱਡੇ ਹਾਲ ਤੇ ਗੈਲਰੀ ਵਿੱਚ ਬੈਠ ਕੇ ਹਰ ਪ੍ਰਫਾਰਮਿੰਸ ਨੂੰ ਮਾਣਦੀ ਰਹੀ ਤੇ ਲਗਾਤਾਰ ਤਾੜੀਆਂ ਨਾਲ ਹੌਸਲਾ ਅਫਜਾਈ ਕਰਦੀ ਰਹੀ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਟੇਜ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਸਭ ਤੋਂ ਪਹਿਲਾਂ ਸਕੂਲ ਦੀ ਵਿਦਿਆਰਥਣ ਅਸ਼ਨੀਰ ਕੌਰ ਮਾਂਗਟ ਨੂੰ “ਓ ਕੈਨੇਡਾ”, ਦਾ ਕੋਮੀ ਗੀਤ ਉਚਾਰਨ ਕਰਨ ਦਾ ਮੋਕਾ ਦਿੱਤਾ। ਇਸ ਪਿਛੋਂ ਅਸ਼ਨੀਰ ਕੌਰ ਮਾਂਗਟ ਨੇ ਸੁਰੀਲੀ ਅਵਾਜ ਵਿੱਚ ਗੁਰਬਾਣੀ ਦੇ ਸ਼ਬਦ ਦਾ ਉਚਾਰਨ ਕਰਕੇ ਸਾਰੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।ਇਸ ਦੇ ਨਾਲ ਹੀ ਵਖ ਵਖ ਸਭਿਆਚਾਰਕ ਪੇਸ਼ਕਾਰੀਆਂ ਦੀ ਲੜੀ ਚਲਦੀ ਰਹੀ।ਦੂਜੇ ਪਾਸੇ ਪ੍ਰਬੰਧਕਾਂ ਵਲੋਂ ਫੂਡ ਟਰੱਕ ਰਾਹੀ ਖਾਣ ਪੀਣ ਦੀ ਸਪਲਾਈ ਲਗਾਤਾਰ ਜਾਰੀ ਸੀ।ਸਾਰੇ ਸੀਨੀਅਰਜ ਲੰਬੀ ਹੁੰਦੀ ਜਾਂਦੀ ਉਡੀਕ ਦੇ ਬਾਵਜੂਦ ਜਾਬਤੇ ਵਿੱਚ ਰਹਿ ਕੇ ਰਿਫਰੈਸ਼ਮੈਂਟ ਦਾ ਸਵਾਦ ਲੈਦੇ ਰਹੇ।ਸਟੇਜ ਦੇ ਸਾਮਣੇ ਸਾਰੋਕਾਰਾ ਦੀ ਅਵਾਜ ਵਾਲੇ ਹਰਬੰਸ ਸਿੰਘ, ਦਵਿੰਦਰ ਸਿੰਘ ਤੂਰ ਤੋ ਬਲਦੇਵ ਸਿੰਘ ਔਲਖ ਦੀ ਟੀਮ ਨੇ ਵਡੀ ਗਿਣਤੀ ਵਿੱਚ ਅਗਾਂਹ ਵਧੂ ਕਿਤਾਬਾ ਦਾ ਵੱਡਾ ਸਟਾਲ ਲਾਇਆ ਹੋਇਆ ਸੀ।ਜਿਥੇ ਵੱਡੀ ਗਿਣਤੀ ਵਿੱਚ ਸੀਨੀਅਰ ਦਿਲਚਸਪੀ ਲੈਦਿਆਂ ਕਿਤਾਬਾ ਖਰੀਦ ਰਹੇ ਸਨ।
ਸਟੇਜ ਤੇ ਐਸ਼ੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਆਪਣੀ ਸਾਰੀ ਅਗਜ਼ੈਕਟਿਵ ਮੈਂਬਰਾਂ ਨਾਲ ਆ ਰਹੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ ਤੇ ਉਹਨਾ ਨੂੰ ਐਸ਼ੋਸੀਏਸ਼ਨ ਵਲੋਂ ਸਨਮਾਨ ਚਿੰਨ੍ਹ ਭੇਟ ਕਰ ਰਹੇ ਸਨ। ਕਿਰਪਾਲ ਸਿੰਘ ਪੰਨੂ ਜਿਨਾਂ ਨੇ ਹਜਾਰਾ ਦੀ ਗਿਣਤੀ ਵਿੱਚ ਸੀਨੀਅਰਜ ਨੂੰ ਕੰਪਿਊਟਰ ਦੀ ਫਰੀ ਸਿਖਲਾਈ ਦਿੱਤੀ ਹੈ,ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਰਘਬੀਰ ਸਿੰਘ ਸੋਮਲ ਜਿਨਾਂ ਦੀ ਉਮਰ 98 ਸਾਲ 9 ਮਹੀਨੇ ਹੋ ਚੁੱਕੀ ਹੈ ਤੇ ਉਹ ਮਾਉਂਟਿਨਐਸ਼ ਸੀਨੀਅਰ ਕਲੱਬ ਦੇ ਸਰਗਰਮ ਮੈਂਬਰ ਹਨ ਤੇ ਡਰਾਈਵ ਕਰਦੇ ਹਨ, ਦਾ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸੇ ਤਰਾਂ ਲੇਡੀਜ ਵਿੱਚੌ ਵੀ ਅਰਜਿੰਦਰ ਕੋਰ ਮਾਗਟ ਜਿਨਾਂ ਦੀ ਉਮਰ 90 ਸਾਲ 8ਮਹੀਨੇ ਹੈ,ਨੂੰ ਵੀ ਸਨਮਾਨਿਤ ਕਰਕੇ ਹੋਰ ਲੰਬੀ ਤੇ ਸਿਹਤਮੰਦ ਉਮਰ ਦੀ ਕਾਮਨਾਂ ਕੀਤੀ ਗਈ। ਪਰੋਵੈਨਸ ਵਲੋਂ ਐਮ ਪੀ ਪੀ ਅਮਰਜੋਤ ਸਿੰਘ ਸੰਧੂ,ਫੈਡਰਲ ਵਲੋੰ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ,ਅਮਰਜੀਤ ਸਿੰਘ ਗਿੱਲ, ਸੋਨੀਆ ਸਿੱਧੂ, ਰੂਬੀ ਸਹੋਤਾ ਸ਼ੌਕਤ ਅਲੀ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆ ਸੀਨੀਅਰਜ ਨੂੰ ਮਲਟੀਕਲਚਰਲ ਕਨੇਡਾ ਡੇਅ ਮਨਾਉਣ ਲਈ ਵਧਾਈ ਦਿੱਤੀ। ਸਿਟੀ ਵਲੋਂ ਡਿਪਟੀ ਮੇਅਰ ਗੁਰਕੀਰਤ ਸਿੰਘ, ਰਿਜਨਲ ਕੌਸਲਰ ਗੁਰਪ੍ਰਤਾਪ ਸਿੰਘ ਤੂਰ, ਕੌਸਲਰ ਨਵਜੋਤ ਕੌਰ ਬਰਾੜ ਤੇ ਪਾਲ ਵਿੰਨਸਨਤੇ ਨੇ ਐਸੋਸੀਏਸ਼ਨ ਵਲੋਂ ਮਲਟੀਕਲਚਰਲ ਕਨੇਡਾ ਡੇਅ ਮਨਾਉਣ ਲਈ ਇੰਨਾ ਵੱਡਾ ਪ੍ਰਬੰਧ ਕਰਨ ਤੇ ਵੱਡੀ ਗਿਣਤੀ ਵਿੱਚ ਸੀਨੀਅਰਜ ਦੇ ਪ੍ਰੀਵਾਰਾਂ ਸਮੇਤ ਪਹੁੰਚਣ ਤੇ ਐਸੋਸੀਏਸ਼ਨ ਨੂੰ ਤੇ ਸਾਰੇ ਦਰਸ਼ਕਾਂ ਨੂੰ ਵਧਾਈ ਦਿਤੀ। ਐਸੋਸੀਏਸ਼ਨ ਵਲੋ ਸਿਟੀ ਵਲੋਂ ਵਧਾਏ ਗਏ ਪ੍ਰਾਪਰਟੀ ਟੈਕਸ ਤੇ ਘਰਾਂ ਵਿੱਚ ਕੋਈ ਵੀ ਤਬਦੀਲੀ ਕਰਨ ਲਈ ਪਰਮਿਟ ਲੈਣ ਤੇ ਲਗਾਈ ਗਈ ਕਈ ਗੁਣਾ ਨਜਾਇਜ ਫੀਸ ਨੂੰ ਵਾਪਸ ਲੈਣ ਦੀ ਮੰਗ ਕਰਦਾ, ਡਿਮਾਂਡ ਚਾਰਟਰ ਡਿਪਟੀ ਮੇਅਰ ਹਰਕੀਰਤ ਸਿੰਘ ਤੇ ਸਿਟੀ ਦੇ ਸਾਰੇ ਕੌਸਲਰ ਦੀ ਟੀਮ ਨੂੰ ਦਿੱਤਾ ਗਿਆ।
ਸਕੂਲ ਟਰੱਸਟੀ ਸਤਪਾਲ ਜੌਹਲ ਨੇ ਵੀ ਵਧੀਆ ਵਿਚਾਰ ਪੇਸ਼ ਕਰਦਿਆ ਆਪਣੀ ਹਾਜਰੀ ਲਗਵਾਈ।ਐਸੋਸੀਏਸ਼ਨ ਦੇ ਮੀਡੀਆ ਐਡਵਾਈਜ਼ਰ ਮਹਿੰਦਰ ਸਿੰਘ ਮੋਹੀ ਨੇ ਕਨੇਡਾ ਡੇਅ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਬੋਲਦਿਆਂ 1982 ਦੇ ਐਕਟ ਰਾਹੀ ਕਨੇਡਾ ਨੂੰ ਮਿਲੀ ਪੂਰੀ ਅਜਾਦੀ ਤੇ ਚਾਰਟਰ ਆਫ ਰਾਈਟਸ ਦੀ ਮਹੱਤਤਾ ਦਾ ਵਰਨਣ ਕੀਤਾ।ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਬੀਂ ਨੇ ਸਾਰੇ ਸੀਨੀਅਰਜ ਤੇ ਉਹਨਾਂ ਦੀਆ ਕਲੱਬਜ ਦੇ ਪ੍ਰਧਾਨ ਤੇ ਕਮੇਟੀਆ ਦਾ ਧੰਨਵਾਦ ਕੀਤਾ, ਜਿੰਨਾ ਦੇ ਸਹਿਯੋਗ ਨਾਲ ਐਸੋਸੀਏਸ਼ਨ ਇੰਨਾ ਵੱਡਾ ਸਮਾਗਮ ਕਰਵਾਉਣ ਵਿੱਚ ਕਾਮਯਾਬ ਹੋ ਸਕੀ।ਐਸੋਸੀਏਸ਼ਨ ਦੇ ਡਰੈਕਟਰ ਇਕਬਾਲ ਸਿੰਘ ਵਿਰਕ ਦੀ ਅਗਵਾਈ ਵਿੱਚ ਪੂਰੀ ਟੀਮ ਨੇ ਫੂਡ ਸਪਲਾਈ ਦਾ ਪੂਰਾ ਧਿਆਨ ਰੱਖਿਆ ਤੇ ਆਸ ਨਾਲੋਂ ਗਿਣਤੀ ਵਧ ਜਾਣ ਤੇ ਵੀ ਗਰਮਾ ਗਰਮ ਫੂਡ ਤੇ ਚਾਹ ਦੀ ਸਪਲਾਈ ਨਿਰੰਤਰ ਜਾਰੀ ਰੱਖੀ। ਡਰੈਕਟਰ ਲਾਲ ਸਿੰਘ ਬਰਾੜ ਵਲੋਂ ਸਟੇਜ ਤੇ ਸਨਮਾਨ ਚਿੰਨ੍ਹ ਤੇ ਸਰਟੀਫੀਕੇਟਸ ਨੂੰ ਵਧੀਆ ਢੰਗ ਨਾਲ ਸੰਭਾਲਿਆ ਤੇ ਤਰਤੀਬ ਨਾਲ ਮਾਨ ਸਨਮਾਨ ਸਮਾਰੋਹ ਨੂੰ ਲਗਾਤਾਰ ਬਿਨਾ ਕਿਸੇ ਵਿਘਨ ਦੇ ਜਾਰੀ ਰੱਖਣ ਵਿੱਚ ਕੋਈ ਰੁਕਾਵਟ ਨਹੀ ਆਉਣ ਦਿੱਤੀ।ਅਮਰੀਕ ਸਿੰਘ ਕੁਮਰੀਆ ਨੇ ਫਾਈਨਾਂਸ ਦਾ ਔਖਾ ਕੰਮ ਸਾਭਿਆ ਹੋਇਆ ਸੀ, ਤੇ ਇੰਨੇ ਵਡੇ ਫੰਕਸ਼ਨ ਤੇ ਖਰਚੇ ਪੱਖੋਂ ਸਾਰੀ ਮੈਨੇਜਮੈਂਟ ਦੀ ਟੀਮ ਨੂੰ ਬੇਫਿਕਰ ਕੀਤਾ ਹੋਇਆ ਸੀ।
ਉਪ ਪ੍ਰਧਾਨ ਰਣਜੀਤ ਸਿੰਘ ਤਗੜ ਆਏ ਮਹਿਮਾਨਾਂ ਦੇ ਸਵਾਗਤ ਵਿੱਚ ਲਗਾਤਾਰ ਰੁਝੇ ਰਹੇ।ਐਸੋਸੀਏਸ਼ਨ ਦੇ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਸਟੇਜ ਸੰਚਾਲਨ ਦਾ ਕੰਮ ਵਧੀਆ ਢੰਗ ਨਾਲ ਨਿਭਾਇਆ। ਐਸ਼ੋਸੀਏਸ਼ਨ ਦੀਆ ਅਗਜੇਕਟਿਵ ਮੈਂਬਰ ਕੁਲਦੀਪ ਕੌਰ ਗਰੇਵਾਲ ਤੇ ਰਜਨੀ ਸ਼ਰਮਾਂ ਨੇ ਫੈਸਟੀਵਲ ਦੇ ਪ੍ਰਬੰਧ ਵਿੱਚ ਹੀ ਹਿਸਾ ਨਹੀ ਪਾਇਆ ਸਗੋ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਹੋਣ ਕਰਕੇ ਆਪਣੀ ਪ੍ਰਫਾਰਮਿੰਸ ਰਾਹੀ ਦਰਸ਼ਕਾਂ ਦੀ ਖੂਬ ਵਾਹਵਾ ਵੀ ਖੱਟੀ। ਲਗਾਤਾਰ ਚਾਰ ਘੰਟੇ ਚਲੇ ਫੈਸਟੀਵਲ ਨੰ ਦਰਸ਼ਕਾਂ ਨੇ ਰਜ ਕੇ ਮਾਣਿਆ। ਜਾਗੋ ਦੀਆਂ ਦੋਵੇ ਟੀਮਾ ਨੇ ਪੰਜਾਬ ਦੇ ਵਧੀਆ ਸਭਿਆਚਾਰਕ ਫੰਕਸ਼ਨ ਦੀ ਯਾਦ ਦਵਾ ਦਿੱਤੀ ਤੇ ਬੋਲੀਆਂ ਤੇ ਗਿਧੇ ਦੀ ਧਮਕ ਨੇ ਸਾਰੇ ਹਾਲ ਨੂੰ ਹੀ ਗੂੰਜਣ ਲਾ ਦਿਤਾ।ਚਾਈਨੀਜ ਸਭਿਆਚਾਰ ਨੂੰ ਦੋ ਚੀਨੀ ਟੀਮਾ ਨੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ।ਬੋਲੀ ਦੀ ਭਾਵੇ ਸਮਝ ਨਹੀ ਆਉਦੀ ਸੀ, ਪਰ ਉਹਨੇ ਦੇ ਐਕਸ਼ਨ ਤੇ ਹਾਵ ਭਾਵ ਉਹਨੇ ਦੀ ਮਨ ਦੀ ਬਾਤ ਪਾਈ ਜਾਂਦੇ ਸਨ। ਅਖੀਰ ਵਿੱਚ ਪੰਜਾਬੀ ਸਹਿਤ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਆਪਣੇ ਲੈਕਚਰ ਵਿੱਚ ਕਨੇਡਾ ‘ਚ ਅਜ ਦੇ ਸਮੇ ਵਿੱਚ ਮਿਲ ਰਹੀ ਇਮੀਗ੍ਰੇਸ਼ਨ ਤੇ ਸਹੂਲਤਾਂ ਦੀ ਪ੍ਰਾਪਤੀ ਲਈ ਸਾਡੇ ਵੱਡੇ ਵੱਡੇਰਿਆਂ ਤੇ ਗਦਰੀ ਬਾਬਿਆਂ ਵਲੋਂ ਕੀਤੀਆ ਕੁਰਬਾਨੀਆਂ ਦਾ ਜਿਕਰ ਕਰਦਿਆ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਜਰੂਰੀ ਦਸਿਆ। ਇਸ ਦੇ ਨਾਲ ਹੀ ਕਨੇਡਾ ਡੇਅ ਫੈਸਟੀਵਲ ਦਰਸ਼ਕਾਂ ਦੇ ਦਿਲਾਂ ਤੇ ਵਖਰੀ ਛਾਪ ਛੱਡਦਾ ਹੋਇਆ ਤੇ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ।
ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਦੀ ਅਗਵਾਈ ਵਿੱਚ ਸਾਰੀ ਅਗਜ਼ੈਕਟਿਵ ਕਮੇਟੀ, ਬਰੈਂਪਟਨ ਦੀਆਂ ਸਾਰੀਆਂ ਕਲੱਬਾਂ ਦੇ ਪ੍ਰਧਾਨ ਤੇ ਅਗਜ਼ੈਕਟਿਵ ਕਮੇਟੀਆਂ ਤੇ ਉਹਨਾਂ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ।