ਬਰੈਂਪਟਨ, -ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੀਤੇ ਗਏ ਦੋ ਵੱਡੇ ਐਲਾਨ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਫ਼ੌਜੀਆਂ ਦੀਆਂ ਤਨਖ਼ਾਹਾਂ ਵਿੱਚ ਕੀਤੇ ਗਏ ਵਾਧੇ ਬਾਰੇ ਹਨ ਜੋ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਹਨ।
ਟਰੈਂਟਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡੀਅਨ ਆਰਮਡ ਫੋਰਸਿਜ਼ ਦੇ ਵੱਖ-ਵੱਖ ਵਰਗਾਂ ਦੇ ਮੈਂਬਰਾਂ ਦੀਆਂ ਤਨਖ਼ਾਹਾਂ ਵਿੱਚ ਵੱਡੇ ਵਾਧਿਆਂ ਦਾ ਐਲਾਨ ਕੀਤਾ ਹੈ। ਇਹ ਵਾਧੇ ਇਸ ਪ੍ਰਕਾਰ ਹਨ :
· ਰੈਗੂਲਰ ਫੋਰਸ ਪ੍ਰਾਈਵੇਟਾਂ ਦੀ ਮੁੱਢਲੀ ਤਨਖ਼ਾਹ ਵਿੱਚ 20% ਵਾਧਾ।
· ਲੈਫ਼ਟੀਨੈਂਟ ਕਰਨਲ ਅਤੇ ਇਸ ਤੋਂ ਹੇਠਲੇ ਰੈਂਕਾਂ ਲਈ ਤਨਖ਼ਾਹ ਵਿੱਚ 13% ਅਤੇ ਕਰਨਲ ਏ ਇਸ ਤੋਂ ਉਪਰਲੇ ਰੈਂਕਾਂ ਲਈ ਇਹ ਵਾਧਾ 8% ਹੋਵੇਗਾ।
· ਫ਼ੌਜ ਵਿੱਚ ਸਾਲਾਂ ਦੇ ਹਿਸਾਬ ਨਾਲ ਕੀਤੀ ਗਈ ਸੇਵਾ ਨੂੰ ਮੁੱਖ ਰੱਖਦਿਆਂ ਨਵੇਂ ਮਿਲਟਰੀ ਸਰਵਿਸ ਬੈਨੀਫ਼ਿਟ ਦਿੱਤੇ ਜਾਣਗੇ।
· ਬਾਰ-ਬਾਰ ਹੋਣ ਵਾਲੀ ਮੁੜ-ਸਥਾਪਤੀ, ਕੁਦਰਤੀ ਆਫ਼ਤਾਂ ਨਾਲ ਨਜਿੱਠਣ ਅਤੇ ਗੁਰੀਲਾ ਸਿਖਲਾਈ ਲਈ ਲਈ ਵਾਧੂ ਮੁਆਵਜ਼ਾ ਦਿੱਤਾ ਜਾਏਗਾ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਸੋਨੀਆ ਸਿੱਧੂ ਨੇ ਕਿਹਾ, “ਅਜਿਹੇ ਪੂੰਜੀ-ਨਿਵੇਸ਼ ਸਾਡੀ ਫ਼ੌਜੀਆਂ ਦੇ ਦੇਸ਼ ਪ੍ਰਤੀ ਸਮਰਪਣ ਅਤੇ ਕੁਰਬਾਨੀ ਦੀ ਵਚਨਬੱਧਤਾ ਨੂੰ ਮਾਨਤਾ ਦਿੰਦੇ ਹਨ ਅਤੇ ਇਹ ਕੈਨੇਡਾ ਦੀ ਰੱਖਿਆ ਲਈ ਲੋੜੀਂਦੀ ਪ੍ਰਤਿਭਾ ਲਿਆਉਣ ਲਈ ਜ਼ਰੂਰੀ ਹਨ।“
ਪੱਛਮੀ ਕੋਲੋਨਾ ਵਿੱਚ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਕੀਤੇ ਗਏ ਦੂਸਰੇ ਐਲਾਨ ਵਿੱਚ ਕੈਨੇਡਾ ਦੀ ਸੌਫ਼ਟਵੁੱਡ ਲੰਬਰ ਇੰਡਸਟਰੀ ਵਿੱਚ 1.25 ਬਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤੀ ਜਾ ਰਹੀ ਹੈ ਜਿਸ ਦਾ ਵਿਸਥਾਰ ਇਸ ਤਰ੍ਹਾਂ ਹੈ :
· ਇੰਡਸਟਰੀ ਨੂੰ ਮੁੜ-ਸਥਾਪਤ ਕਰਨ ਲਈ ਲੋਨ-ਗਰੰਟੀਆਂ ਲਈ 700 ਮਿਲੀਅਨ ਡਾਲਰ।
· ਉਤਪਾਦ ਅਤੇ ਮੰਡੀਕਰਨ ਵਿੱਚ ਵਿਭਿੰਨਤਾ ਲਿਆਉਣ ਲਈ 500 ਮਿਲੀਅਨ ਡਾਲਰ। ਇਸ ਵਿੱਚ ਕੈਨੇਡਾ ਦੇ ਮੂਲ-ਵਾਸੀਆਂ ਦੀ ਅਗਵਾਈ ਵਿੱਚ ਕੀਤੇ ਜਾਣ ਵਾਲੇ ਉਪਰਾਲੇ ਵੀ ਸ਼ਾਮਲ ਹਨ।
· ਹਾਊਸਿੰਗ ਅਤੇ ਇਨਫ਼ਰਾਸਟਰੱਕਚਰ ਖ਼ੇਤਰਾਂ ਵਿੱਚ ਕੈਨੇਡੀਅਨ ਲੰਬਰ ਨੂੰ ਪ੍ਰਾਥਮਿਕਤਾ ਦੇਣ ਲਈ ਫ਼ੈੱਡਰਲ ਪੱਧਰ ‘ਤੇ ਕੀਤੇ ਜਾਣ ਵਾਲੇ ਸੁਧਾਰ।
· 6000 ਤੋਂ ਉੱਪਰ ਪ੍ਰਭਾਵਿਤ ਹੋਣ ਵਾਲੇ ਕਾਮਿਆਂ ਦੀ ਸਿਖਲਾਈ ਅਤੇ ਆਮਦਨ ਦੀ ਸਹਾਇਤਾ ਲਈ 50 ਮਿਲੀਅਨ ਡਾਲਰ ਰੱਖੇ ਗਏ ਹਨ।
ਇਸ ਦੇ ਬਾਰੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦਾ ਕਹਿਣਾ ਹੈ, “ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨਾਲ ਕੈਨੇਡੀਅਨ ਉਦਯੋਗਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ, ਨਵੀਆਂ ਨੌਕਰੀਆਂ ਉਪਲੱਭਧ ਹੋਣਗੀਆਂ ਅਤੇ ਸਾਡਾ ਅਰਥਚਾਰਾ ਲਚਕੀਲਾ ਤੇ ਮੁਕਾਬਲੇਬਾਜ਼ੀ ਵਾਲਾ ਬਣੇਗਾ।
ਕੈਨੇਡੀਅਨ ਫ਼ੌਜ ਦੇ ਵੱਖ-ਵੱਖ ਰੈਂਕਾਂ ਦੀਆਂ ਤਨਖ਼ਾਹਾਂ ਵਿੱਚ ਕੀਤੇ ਗਏ ਵਾਧੇ ਬਾਰੇ ਆਪਣੇ ਐਲਾਨ ਵਿੱਚ ਪ੍ਰਧਾਨ ਮੰਤਰੀਮਾਰਕ ਕਾਰਨੀ ਨੇ ਕਿਹਾ, “ਕੈਨੇਡੀਅਨ ਆਰਮਡ ਫੋਰਸ ਦੇ ਪੁਰਸ਼ ਤੇ ਔਰਤਾਂ ਕੈਨੇਡਾ ਨੂੰ ਤਾਕਤਵਰ ਬਣਾਉਂਦੇ ਹਨ ਅਤੇ ਅੱਜ ਅਸੀਂ ਉਸ ਤਾਕਤ ਵਿੱਚ ਵਾਧਾ ਕਰਨ ਲਈ ਨਿਵੇਸ਼ ਕਰ ਰਹੇ ਹਾਂ। ਕੈਨੇਡੀਅਨ ਫ਼ੌਜ ਦੇ ਇੱਕ-ਇੱਕ ਫ਼ੌਜੀ ਦੀ ਤਨਖ਼ਾਹ ਵਧਾਉਣ ਨਾਲ ਅਸੀਂ ਆਪਣੇ ਦੇਸ਼ ਦੀ ਫ਼ੌਜੀ ਤਾਕਤ ਨੂੰ ਵਧਾ ਰਹੇ ਹਾਂ, ਉਨ੍ਹਾਂ ਦੀ ਕੁਰਬਾਨੀ ਦੀ ਭਾਵਨਾ ਨੂੰ ਮਾਨਤਾ ਦੇ ਰਹੇ ਹਾਂ ਅਤੇ ਉਨ੍ਹਾਂ ਦੇ ਦ੍ਰਿੜ੍ਹ-ਵਿਸ਼ਵਾਸ ਨੂੰ ਬੜ੍ਹਾਵਾ ਦੇ ਰਹੇ ਹਾਂ ਜਿਸ ਦੀ ਉਨ੍ਹਾਂ ਨੂੰ ਲੋੜ ਹੈ।