ਟੋਰਾਂਟੋ, 11 ਅਗਸਤ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਰਿਹਾਈ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਅਕਤੀ ਦੀ ਭਾਲ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 22 ਜੁਲਾਈ ਤੋਂ 7 ਅਗਸਤ ਦੇ ਵਿਚਕਾਰ, ਸ਼ੱਕੀ ਨੇ ਕਈ ਵਾਰ ਇੱਕ ਪੀੜਤ ਨਾਲ ਸੰਪਰਕ ਕੀਤਾ, ਜਦਕਿ ਰਿਹਾਈ ਹੁਕਮਾਂ ਵਿਚ ਉਸ ਨੂੰ ਪੀੜਤ ਨਾਲ ਸੰਪਰਕ ਨਾ ਕਰਨ ਦੀਆਂ ਹਦਾਇਤਾਂ ਸਨ। ਜਿਸ ਮਗਰੋਂ 29 ਸਾਲਾ ਜਾਰਜ ਸੇਬੂ ਲਈ ਵਾਰੰਟ ਜਾਰੀ ਕੀਤਾ ਗਿਆ ਹੈ, ਜਿਸਦਾ ਅਜੇ ਕੋਈ ਪੱਕਾ ਪਤਾ ਨਹੀਂ ਹੈ। ਪੁਲਸ ਵੱਲੋਂ ਮੁਲਜ਼ਮ ਦੀ ਪਛਾਣ ਬਾਰੇ ਦੱਸਿਆ ਗਿਆ ਕਿ ਉਸ ਦਾ ਕੱਦ ਪੰਜ ਫੁੱਟ ਨੌਂ ਇੰਚ, ਪਤਲਾ ਸਰੀਰ, ਛੋਟੇ ਸਿੱਧੇ ਕਾਲੇ ਵਾਲ ਅਤੇ ਪੂਰੀ ਕਾਲੀ ਦਾੜ੍ਹੀ ਹੈ। ਮੁਲਜ਼ਮ ਰਿਹਾਈ ਦੇ ਹੁਕਮ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਦੇ ਤਿੰਨ ਮਾਮਲਿਆਂ ਲਈ ਲੋੜੀਂਦਾ ਹੈ। ਪੁਲਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-3200 'ਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਜਾਂ ਗੁਪਤ ਰੂਪ ਵਿੱਚ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।