ਟੋਰਾਂਟੋ, 12 ਅਗਸਤ (ਪੋਸਟ ਬਿਊਰੋ): ਇੱਕ 18 ਸਾਲਾ ਲੜਕੇ ‘ਤੇ ਕਾਰ ਹਾਦਸੇ ਵਿਚ ਖ਼ਤਰਨਾਕ ਡਰਾਇਵਿੰਗ ਦੇ ਦੋਸ਼ ਲਾਏ ਗਏ ਹਨ, ਜਿਸ ਤਿੰਨ ਬੱਚਿਆਂ ਦੇ ਪਿਤਾ ਐਂਡਰਿਊ ਕ੍ਰਿਸਟੀਲੋ ਦੀ ਮੌਤ ਹੋ ਗਈ ਸੀ ਅਤੇ ਉਸਦੀ ਪਤਨੀ ਅਤੇ ਧੀਆਂ ਜ਼ਖਮੀ ਹੋ ਗਈਆਂ ਸਨ। ਮੁਲਜ਼ਮ ਜੈਵਿਨ ਵਿਕਟਰ ਕਿਰੂਬਨੰਤਨ ‘ਤੇ ਇਸ ਸਾਲ ਦੇ ਸ਼ੁਰੂ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਨੂੰ ਲੈ ਕੇ ਜਾ ਰਹੀ ਕਾਰ ਨਾਲ ਹੋਏ ਹਾਦਸੇ ਵਿੱਚ ਵੀ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਲੱਗੇ ਸਨ। ਬੀਤੀ 3 ਅਗਸਤ ਨੂੰ ਔਰੋਰਾ ਰੋਡ ਨੇੜੇ ਹਾਈਵੇਅ 48 'ਤੇ ਹੋਏ ਹਾਦਸੇ ਵਿਚ 3 ਧੀਆਂ ਦੇ ਪਿਤਾ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਨੂੰ ਹਾਲ ਹੀ ਵਿੱਚ ਸਟੇਜ ਫੋਰ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਹੈ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਹ ਐਂਡਰਿਊ ਲਈ ਇਨਸਾਫ਼ ਚਾਹੁੰਦੇ ਹਨ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਹਾਦਸੇ ਵਾਲੇ ਦਿਨ ਕ੍ਰਿਸਟੀਲੋ ਪਤਨੀ ਕ੍ਰਿਸਟੀਨਾ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ, 7 ਸਾਲ ਦੀ ਲੀਆ, 6 ਸਾਲ ਦੀ ਕਲੋਏ ਅਤੇ 4 ਸਾਲ ਦੀ ਐਲਾ ਨਾਲ ਆਪਣੇ ਮਾਪਿਆਂ ਦੇ ਘਰ ਤੋਂ ਵਾਪਸ ਆ ਰਹੇ ਸਨ।
ਪਰਿਵਾਰ ਨੇ ਧੀਆਂ ਲਈ ਪੈਸੇ ਇਕੱਠੇ ਕਰਨ ਲਈ ਇੱਕ ਫੰਡਿੰਗ ਮੁਹਿੰਮ ਸਥਾਪਤ ਕੀਤੀ ਹੈ। ਇਸ ਵਿਚ ਕਰੀਬ 3 ਲੱਖ ਡਾਲਰ ਇਕੱਠੇ ਕੀਤੇ ਗਏ ਹਨ। ਇਸ ਦੌਰਾਨ, ਕਿਰੂਬਨਾਥਨ ਸੋਮਵਾਰ ਸਵੇਰੇ ਨਿਊਮਾਰਕੇਟ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਵਿੱਚ ਪੇਸ਼ ਹੋਇਆ ਪਰ ਸੁਣਵਾਈ ਮੁਲਤਵੀ ਹੋ ਗਈ।