ਵੈਨਕੁਵਰ, 13 ਅਗਸਤ (ਪੋਸਟ ਬਿਊਰੋ) : ਬੀ.ਸੀ. ਦੇ ਆਫ-ਰੋਡਿੰਗ ਲਈ ਪ੍ਰਸਿੱਧ ਯੂਟਿਊਬ ਚੈਨਲ ਚਲਾਉਣ ਵਾਲੇ ਜੋੜੇ ਦੀ ਪਰਸੇਲਜ਼ ਪਹਾੜਾਂ ਵਿੱਚ ਕਾਰ ਪਲਟਣ ਨਾਲ ਮੌਤ ਹੋ ਗਈ। ਖੋਜ ਅਮਲੇ ਨੇ ਇੱਕ ਰਿਮੋਟ ਸਰਵਿਸ ਰੋਡ 'ਤੇ 911 ਕਾਲ ‘ਤੇ ਸੂਚਨਾ ਮਿਲਣ ਤੋਂ ਬਾਅਦ ਮੈਥਿਊ ਯੋਮੈਨਸ ਅਤੇ ਸਟੇਸੀ ਟੂਰਆਉਟ ਨੂੰ ਲੱਭ ਲਿਆ। ਯੋਮੈਨਸ ਅਤੇ ਟੂਰਆਉਟ ਟੋਇਟਾ ਵਰਲਡ ਰਨਰਜ਼ ਯੂਟਿਊਬ ਚੈਨਲ 'ਤੇ ਆਪਣੇ ਆਫ-ਰੋਡਿੰਗ ਟ੍ਰਿਪਾਂ ਬਾਰੇ ਵੀਡੀਓਜ਼ ਅਪਲੋਡ ਕਰਦੇ ਸਨ ਤੇ ਉਨ੍ਹਾਂ ਦੇ 2 ਲੱਖ 3 ਹਜ਼ਾਰ ਸਬਸਕ੍ਰਾਈਬਰ ਸਨ।
ਕਾਸਲੋ ਸਰਚ ਐਂਡ ਰੈਸਕਿਊ ਨੇ ਕਿਹਾ ਕਿ ਜੋੜੇ ਦੀ ਗੱਡੀ ਕੋਲੰਬੀਆ ਵੈਲੀ ਵਿੱਚ ਰੌਕੀ ਪਹਾੜਾਂ ਦੇ ਪੱਛਮ ਵਿੱਚ ਸਥਿਤ ਪਰਸੇਲਜ਼ ਵਿੱਚ ਇੱਕ ਢਲਾਣ ਤੋਂ ਲਗਭਗ 200 ਮੀਟਰ ਹੇਠਾਂ ਮਿਲੀ। ਅਮਲੇ ਨੇ ਟੂਰਆਉਟ ਨੂੰ ਜ਼ਿੰਦਾ ਪਾਇਆ ਪਰ ਗੰਭੀਰ ਰੂਪ ਵਿੱਚ ਜ਼ਖਮੀ ਸੀ। ਇੱਕ ਹੈਲੀਕਾਪਟਰ ਵਿੱਚ ਪਹਾੜ ਤੋਂ ਏਅਰਲਿਫਟ ਕੀਤੇ ਜਾਣ ਤੋਂ ਬਾਅਦ ਉਸਦੀ ਮੌਤ ਹੋ ਗਈ। ਉਨ੍ਹਾਂ ਦੇ ਦੋਸਤ ਅਤੇ ਸਾਥੀ ਨੈਟ ਪਿਕਲ ਨੇ ਯੂ ਟਿਊਬ ਚੈਨਲ ‘ਤੇ ਇਸ ਜੋੜੇ ਨੂੰ ਸ਼ਰਧਾਂਜਲੀ ਭੇਟ ਕੀਤੀ।