ਓਟਵਾ, 11 ਅਗਸਤ (ਪੋਸਟ ਬਿਊਰੋ): ਓਟਵਾ ਵਿੱਚ ਹਾਈਵੇਅ 417 'ਤੇ ਖਤਰਨਾਕ ਤੌਰ 'ਤੇ ਤੇਜ਼ ਰਫ਼ਤਾਰ ਨਾਲ ਪਤਨੀ ਅਤੇ ਤਿੰਨ ਬੱਚਿਆਂ ਨਾਲ ਜਾ ਰਹੇ ਕਾਰ ਚਾਲਕ ਦੀ ਗੱਡੀ ਜ਼ਬਤ ਕਰ ਲਈ ਗਈ ਹੈ। ਓਟਾਵਾ ਪੁਲਿਸ ਦੀ ਟ੍ਰੈਫਿਕ ਐਸਕਾਰਟ ਅਤੇ ਇਨਫੋਰਸਮੈਂਟ ਯੂਨਿਟ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਅਧਿਕਾਰੀਆਂ ਨੇ ਐਤਵਾਰ ਨੂੰ ਬਾਊਂਡਰੀ ਰੋਡ ਦੇ ਨੇੜੇ 165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੇ ਵਾਹਨ ਨੂੰ ਦੇਖਿਆ। ਇਲਾਕੇ ਵਿੱਚ ਗਤੀ ਸੀਮਾ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਪੁਲਿਸ ਦਾ ਕਹਿਣਾ ਹੈ ਕਿ ਟ੍ਰੈਫਿਕ ਯੂਨਿਟ ਦੇ ਅਧਿਕਾਰੀ ਸ਼ਹਿਰ ਦੇ ਆਲੇ-ਦੁਆਲੇ ਅਜਿਹੇ ਡਰਾਈਵਰਾਂ ਅਤੇ ਤੇਜ਼ ਰਫ਼ਤਾਰ ਵਾਲਿਆਂ ਨੂੰ ਫੜਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਓਨਟਾਰੀਓ ਵਿੱਚ, ਸਟੰਟ ਡਰਾਈਵਿੰਗ ਦੇ ਦੋਸ਼ ਵਿੱਚ ਤੁਰੰਤ 30 ਦਿਨਾਂ ਲਈ ਲਾਇਸੈਂਸ ਮੁਅੱਤਲ ਅਤੇ 14 ਦਿਨਾਂ ਲਈ ਵਾਹਨ ਜ਼ਬਤ ਕੀਤਾ ਜਾਂਦਾ ਹੈ। ਦੋਸ਼ੀ ਠਹਿਰਾਏ ਜਾਣ 'ਤੇ ਘੱਟੋ-ਘੱਟ 2 ਹਜ਼ਾਰ ਡਾਲਰ ਜੁਰਮਾਨਾ, ਇੱਕ ਸਾਲ ਦਾ ਵਾਧੂ ਲਾਇਸੈਂਸ ਮੁਅੱਤਲ, ਛੇ ਡੀਮੈਰਿਟ ਪੁਆਇੰਟ ਅਤੇ ਛੇ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।