ਕੈਲਗਰੀ, 11 ਅਗਸਤ (ਪੋਸਟ ਬਿਊਰੋ): ਗੈਰੀਸਨ ਗ੍ਰੀਨ ਸਾਊਥ ਵੇਲਜ਼ ਦੇ ਪੀਸਕੀਪਰਜ਼ ਪਾਰਕ ਵਿੱਚ ਐਤਵਾਰ ਨੂੰ ਸੈਂਕੜੇ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਸਕੀਪਰਜ਼ ਡੇਅ ਉਨ੍ਹਾਂ ਨੌਂ ਕੈਨੇਡੀਅਨ ਸ਼ਾਂਤੀ ਰੱਖਿਅਕਾਂ ਨੂੰ ਸ਼ਰਧਾਂਜਲੀ ਵਜੋਂ ਮਨਾਇਆ ਜਾਂਦਾ ਹੈ ਜੋ 1974 ਵਿੱਚ ਮਾਰੇ ਗਏ ਸਨ, ਜਦੋਂ ਉਨ੍ਹਾਂ ਦੇ ਜਹਾਜ਼ ਨੂੰ ਤਿੰਨ ਸੀਰੀਆਈ ਮਿਜ਼ਾਈਲਾਂ ਨੇ ਮਾਰ ਸੁੱਟਿਆ ਸੀ। ਸੇਵਾਮੁਕਤ ਸ਼ਾਂਤੀ ਰੱਖਿਅਕ ਰਿਚਰਡ ਰਾਈਟ ਸੁਏਜ਼ ਵਿੱਚ 1974 ਦੇ ਸ਼ਾਂਤੀ ਰੱਖਿਅਕ ਮਿਸ਼ਨ ਦਾ ਹਿੱਸਾ ਸਨ ਅਤੇ ਐਤਵਾਰ ਨੂੰ ਸਮਾਗਮ ‘ਚ ਵੀ ਮੌਜੂਦ ਸਨ। ਰਾਈਟ ਨੇ ਕਿਹਾ ਕਿ ਪੀਸਕੀਪਰਜ਼ ਡੇਅ ਇੱਕ ਮਹੱਤਵਪੂਰਨ ਉਦੇਸ਼ ਦੀ ਪੂਰਤੀ ਕਰਦਾ ਹੈ। ਅਸੀਂ ਹੁਣ ਸਕੂਲ ਵਿੱਚ ਇਤਿਹਾਸ ਨਹੀਂ ਪੜ੍ਹਾਉਂਦੇ, ਅਤੇ ਅਜਿਹੇ ਮੌਕੇ ਹੀ ਸਾਨੂੰ ਲੋਕਾਂ ਨੂੰ ਕੈਨੇਡਾ ਦੇ ਸ਼ਾਂਤੀ ਰੱਖਿਅਕਾਂ ਬਾਰੇ ਦੱਸਣ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਬੀਤੇ ਕੱਲ੍ਹ ਇੱਕ ਵਿਅਕਤੀ ਨੂੰ ਮਿਲੇ। ਉਸ ਵਿਅਕਤੀ ਨੇ ਕਦੇ ਸ਼ਾਂਤੀ ਰੱਖਿਅਕਾਂ ਬਾਰੇ ਨਹੀਂ ਸੁਣਿਆ ਸੀ। ਇਹ ਕੈਨੇਡਾ ਅਤੇ ਕੈਨੇਡੀਅਨ ਸਿੱਖਿਆ ਪ੍ਰਣਾਲੀ ਦੀ ਹਕੀਕਤ ਹੈ ਕਿ ਸਾਡੇ ਬੱਚੇ, ਸਾਡੇ ਪੋਤੇ-ਪੋਤੀਆਂ ਅਤੇ ਸਾਡੇ ਪੜਪੋਤੇ ਇਸ ਦੇਸ਼ ਦੇ ਇਤਿਹਾਸ ਤੋਂ ਹੱਥ ਧੋ ਰਹੇ ਹਨ। ਐਤਵਾਰ ਨੂੰ ਹਾਜ਼ਰ ਲੋਕਾਂ ਵਿੱਚੋਂ ਸਿਆਨ ਲੇਸੂਅਰ ਵੀ ਮੌਜੂਦ ਸਨ, ਜਿਨ੍ਹਾਂ ਦਾ ਪੁੱਤਰ, ਗੈਰੇਟ ਵਿਲੀਅਮ ਚਿਡਲੀ, 30 ਦਸੰਬਰ, 2009 ਨੂੰ ਅਫਗਾਨਿਸਤਾਨ ਵਿੱਚ ਮਾਰਿਆ ਗਏ ਸਨ।