ਕੋਲੰਬੋ, 22 ਅਗਸਤ (ਪੋਸਟ ਬਿਊਰੋ): ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੂੰ ਪੁਲਿਸ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਹ 2023 ਵਿੱਚ ਰਾਸ਼ਟਰਪਤੀ ਹੁੰਦਿਆਂ ਆਪਣੀ ਪਤਨੀ ਪ੍ਰੋਫੈਸਰ ਮੈਤਰੀ ਵਿਕਰਮਸਿੰਘੇ ਦੇ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਲਈ ਲੰਡਨ ਗਏ ਸਨ। ਇਸ ਲਈ ਸਰਕਾਰੀ ਪੈਸੇ ਦੀ ਵਰਤੋਂ ਕੀਤੀ ਗਈ ਸੀ।
ਇਸ ਤੋਂ ਇਲਾਵਾ, ਉਨ੍ਹਾਂ 'ਤੇ ਸਰਕਾਰੀ ਖਜ਼ਾਨੇ ਤੋਂ ਆਪਣੇ ਨਿੱਜੀ ਅੰਗ ਰੱਖਿਅਕ ਨੂੰ ਤਨਖਾਹ ਦੇਣ ਦਾ ਵੀ ਦੋਸ਼ ਹੈ। ਨਿਊਜ਼ ਏਜੰਸੀ ਏਐੱਫਪੀ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਵਿਕਰਮਸਿੰਘੇ ਅੱਜ ਸਵੇਰੇ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਵਿੱਤੀ ਅਪਰਾਧ ਜਾਂਚ ਵਿਭਾਗ (ਐੱਫਸੀਆਈਡੀ) ਪਹੁੰਚੇ ਸਨ। ਐੱਫਸੀਆਈਡੀ ਨੇ ਉਨ੍ਹਾਂ ਨੂੰ ਕੋਲੰਬੋ ਫੋਰਟ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।