ਨਵੀਂ ਦਿੱਲੀ, 19 ਅਗਸਤ (ਪੋਸਟ ਬਿਊਰੋ): ਚੀਨ ਭਾਰਤ ਨੂੰ ਖਾਦ, ਦੁਰਲੱਭ ਧਰਤੀ ਸਮੱਗਰੀ ਅਤੇ ਸੁਰੰਗ ਬੋਰਿੰਗ ਮਸ਼ੀਨਾਂ ਦੀ ਸਪਲਾਈ ਕਰੇਗਾ। ਏਐੱਨਆਈ ਦੀ ਰਿਪੋਰਟ ਅਨੁਸਾਰ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਭਰੋਸਾ ਦਿੱਤਾ ਕਿ ਇਹ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ।
ਵਾਂਗ ਯੀ 18 ਅਗਸਤ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਸਨ। ਉਨ੍ਹਾਂ ਨੇ ਸੋਮਵਾਰ ਨੂੰ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ, ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਹਿਯੋਗ ਬਣਾਈ ਰੱਖਣ 'ਤੇ ਸਹਿਮਤ ਹੋਏ।
ਚੀਨ ਦੀ ਸਰਕਾਰੀ ਏਜੰਸੀ ਸ਼ਿਨਹੂਆ ਅਨੁਸਾਰ, ਵਾਂਗ ਯੀ ਨੇ ਕਿਹਾ ਕਿ ਦੁਨੀਆਂ ਦੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਫ੍ਰੀ ਟਰੇਡ ਅਤੇ ਅੰਤਰਰਾਸ਼ਟਰੀ ਵਿਵਸਥਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਭਾਰਤ ਅਤੇ ਚੀਨ, ਜੋਕਿ ਸਭ ਤੋਂ ਵੱਡੇ ਵਿਕਾਸਸ਼ੀਲ ਦੇਸ਼ ਹਨ ਅਤੇ ਜਿਨ੍ਹਾਂ ਦੀ ਆਬਾਦੀ 2.8 ਅਰਬ ਤੋਂ ਵੱਧ ਹੈ, ਨੂੰ ਜਿ਼ੰਮੇਵਾਰੀ ਦਿਖਾਉਣੀ ਚਾਹੀਦੀ ਹੈ ਅਤੇ ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਵਾਂਗ ਯੀ ਨੇ 19 ਅਗਸਤ ਨੂੰ ਭਾਰਤ ਦੇ ਐੱਨਐੱਸਏ ਅਜੀਤ ਡੋਵਾਲ ਨਾਲ ਸਰਹੱਦੀ ਮੁੱਦੇ 'ਤੇ ਚਰਚਾ ਕੀਤੀ। ਵਾਂਗ ਯੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਸਨ।
ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਮੁਲਾਕਾਤ ਦਾ ਵੀ ਜਿ਼ਕਰ ਕੀਤਾ।
ਚੀਨੀ ਵਿਦੇਸ਼ ਮੰਤਰੀ ਨੇ ਇਸ ਮੁਲਾਕਾਤ ਨੂੰ ਦੁਵੱਲੇ ਸਬੰਧਾਂ ਦੀ ਦਿਸ਼ਾ ਨਿਰਧਾਰਤ ਕਰਨ ਅਤੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਨਵੀਂ ਪ੍ਰੇਰਣਾ ਦੇਣ ਵਾਲਾ ਦੱਸਿਆ।
ਇਸ ਦੇ ਨਾਲ ਹੀ, ਐੱਨਐੱਸਏ ਅਜੀਤ ਡੋਵਾਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗੱਲਬਾਤ ਵੀ ਪਿਛਲੀਆਂ ਗੱਲਬਾਤਾਂ ਵਾਂਗ ਸਫਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜਲਦੀ ਹੀ ਐੱਸਸੀਓ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਚੀਨ ਦਾ ਦੌਰਾ ਕਰਨਗੇ।
ਡੋਵਾਲ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਸਬੰਧਾਂ ਵਿੱਚ ਸੁਧਾਰ ਹੋਇਆ ਹੈ, ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖੀ ਗਈ ਹੈ, ਸਾਡੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਏ ਹਨ।
ਇਹ ਧਿਆਨ ਦੇਣ ਯੋਗ ਹੈ ਕਿ 2020 ਵਿੱਚ ਪੂਰਬੀ ਲੱਦਾਖ ਵਿੱਚ ਤਣਾਅ ਤੋਂ ਬਾਅਦ ਭਾਰਤ-ਚੀਨ ਸਬੰਧ ਵਿਗੜ ਗਏ ਸਨ, ਪਰ ਹਾਲ ਹੀ ਦੇ ਮਹੀਨਿਆਂ ਵਿੱਚ, ਗੱਲਬਾਤ ਅਤੇ ਸਮਝੌਤਿਆਂ ਰਾਹੀਂ ਸਬੰਧਾਂ ਨੂੰ ਸੁਧਾਰਨ ਦੀਆਂ ਕੋਸਿ਼ਸ਼ਾਂ ਤੇਜ਼ ਹੋਈਆਂ ਹਨ।