-ਅਮਰੀਕੀ ਅਧਿਕਾਰੀ ਨੇ ਕਿਹਾ- ਪੁਤਿਨ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦੇਣ ਲਈ ਸਹਿਮਤ
ਵਾਸਿ਼ੰਗਟਨ ਡੀਸੀ, 18 ਅਗਸਤ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਯੂਕਰੇਨ ਨੂੰ ਫੌਜੀ ਗੱਠਜੋੜ ਨਾਟੋ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਹ 2014 ਤੋਂ ਰੂਸ ਦੇ ਕਬਜ਼ੇ ਵਾਲੇ ਕਰੀਮੀਆ ਨੂੰ ਵਾਪਿਸ ਪ੍ਰਾਪਤ ਕਰੇਗਾ।
ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਜੇਕਰ ਜ਼ੇਲੇਂਸਕੀ ਚਾਹੁੰਦੇ ਹਨ, ਤਾਂ ਰੂਸ ਨਾਲ ਚੱਲ ਰਹੀ ਜੰਗ ਤੁਰੰਤ ਖਤਮ ਹੋ ਸਕਦੀ ਹੈ। ਸਭ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜ਼ੇਲੇਂਸਕੀ ਲੜਾਈ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਸ਼ਾਂਤੀ ਦਾ ਰਸਤਾ ਅਪਣਾਉਣਾ ਚਾਹੁੰਦੇ ਹਨ।
ਉਨ੍ਹਾਂ ਯਾਦ ਦਿਵਾਇਆ ਕਿ 12 ਸਾਲ ਪਹਿਲਾਂ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ, ਕਰੀਮੀਆ ਨੂੰ ਬਿਨ੍ਹਾਂ ਗੋਲੀ ਚਲਾਏ ਰੂਸ ਨੂੰ ਸੌਂਪ ਦਿੱਤਾ ਗਿਆ ਸੀ ਅਤੇ ਯੂਕਰੇਨ ਵੀ ਨਾਟੋ ਵਿੱਚ ਸ਼ਾਮਿਲ ਨਹੀਂ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।
ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਨੂੰ ਨਾਟੋ ਵਰਗੀ ਸੁਰੱਖਿਆ ਗਾਰੰਟੀ ਦੇਣ ਲਈ ਤਿਆਰ ਹਨ।
ਸੀਐੱਨਐੱਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਵਿਟਕੌਫ ਨੇ ਕਿਹਾ ਕਿ 15 ਅਗਸਤ ਨੂੰ ਅਲਾਸਕਾ ਵਿੱਚ ਟਰੰਪ ਨਾਲ ਹੋਈ ਗੱਲਬਾਤ ਵਿੱਚ, ਯੂਕਰੇਨ ਦੀ ਸੁਰੱਖਿਆ ਗਾਰੰਟੀ 'ਤੇ ਇੱਕ ਸਮਝੌਤਾ ਹੋਇਆ ਸੀ।
ਹਾਲਾਂਕਿ, ਪੁਤਿਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੂਸ ਕਦੇ ਵੀ ਯੂਕਰੇਨ ਨੂੰ ਨਾਟੋ ਦੀ ਮੈਂਬਰਸਿ਼ਪ ਦੇਣ ਲਈ ਸਹਿਮਤ ਨਹੀਂ ਹੋਵੇਗਾ। ਪੁਤਿਨ ਨੇ ਇਸਨੂੰ ਲਾਲ ਲਕੀਰ ਕਿਹਾ ਹੈ।
ਵਿਟਕੌਫ ਅਨੁਸਾਰ, ਪ੍ਰਸਤਾਵਿਤ ਸਮਝੌਤੇ ਤਹਿਤ, ਅਮਰੀਕਾ ਅਤੇ ਯੂਰਪੀ ਦੇਸ਼ ਯੂਕਰੇਨ ਨੂੰ ਨਾਟੋ ਦੇ ਆਰਟੀਕਲ-5 ਵਰਗਾ ਸੁਰੱਖਿਆ ਸਿਸਟਮ ਪ੍ਰਦਾਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਆਰਟੀਕਲ-5 ਤਹਿਤ, ਇੱਕ ਮੈਂਬਰ ਦੇਸ਼ 'ਤੇ ਹਮਲਾ ਸਾਰਿਆਂ 'ਤੇ ਹਮਲਾ ਮੰਨਿਆ ਜਾਂਦਾ ਹੈ।