-ਪਾਰਸਲ ਦੇਣ ਆਇਆ ਸੀ, ਵਾਪਿਸੀ ਸਮੇਂ ਘਰ ਵਾਲਿਆਂ ਦੇ ਧੋਤੇ ਹੋਏ ਕੱਪੜੇ ਮੀਂਹ ਤੋਂ ਬਚਾਉਣ ਲਈ ਰੱਖੇ ਅੰਦਰ
ਕੁਈਨਜ਼ਲੈਂਡ, 19 ਅਗਸਤ (ਪੋਸਟ ਬਿਊਰੋ): ਆਸਟਰੇਲੀਆ ਦੇ ਕੁਈਨਜ਼ਲੈਂਡ ਦੀ ਇਕ ਮਹਿਲਾ ਨੇ ਭਾਰਤੀ ਮੂਲ ਦੇ ਡਾਕੀਏ ਦੀ ਸੀਸੀਟੀਵੀ ਫੁਟੇਜ ਸ਼ੋਸਲ ਮੀਡੀਆ ’ਤੇ ਸਾਂਝੀ ਕੀਤੀ ਹੈ। ਡਾਕੀਏ ਵੱਲੋਂ ਕੀਤੇ ਗਏ ਛੋਟੇ ਜਿਹੇ ਕੰਮ ਨੇ ਇੰਟਰਨੈੱਟ ’ਤੇ ਸਭ ਦਾ ਧਿਆਨ ਆਪਣੇ ਵੱਲ ਖਿਚ ਲਿਆ। ਇਸ ਵੀਡੀਓ ਨੂੰ ਸ਼ੋਸਲ ਮੀਡੀਆ ’ਤੇ ਲੱਖਾਂ ਵਿਊਜ਼ ਮਿਲੇ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵੱਲੋਂ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ।
ਇਹ ਘਟਨਾ ਵੇਰੀਟੀ ਵੈਂਡਲ ਦੇ ਘਰ ’ਚ ਲੱਗੇ ਸੁਰੱਖਿਆ ਕੈਮਰੇ ਵਿੱਚ ਉਸ ਸਮੇਂ ਕੈਦ ਹੋਈ ਜਦੋਂ ਇਕ ਸਿੱਖ ਡਾਕੀਆ ਪਾਰਸਲ ਦੇਣ ਤੋਂ ਬਾਅਦ ਜਾਣ ਲੱਗਿਆ ਤਾਂ ਅਚਾਨਕ ਮੀਂਹ ਪੈਣ ਲੱਗਿਆ। ਵਾਪਿਸ ਜਾਂਦੇ ਸਮੇਂ ਜਦੋਂ ਡਾਕੀਏ ਦਾ ਧਿਆਨ ਘਰ ਦੇ ਬਾਹਰ ਧੋ ਕੇ ਸੁੱਕਣੇ ਪਾਏ ਕੱਪੜਿਆਂ ’ਤੇ ਗਿਆ। ਤਾਂ ਉਸ ਨੇ ਜਾਣ ਦੀ ਬਜਾਏ ਦਿਆਲਤਾ ਨਾਲ ਕੱਪੜੇ ਇਕੱਠੇ ਕੀਤੇ ਅਤੇ ਅੰਦਰ ਰੱਖ ਦਿੱਤੇ ਅਤੇ ਕੱਪੜੇ ਗਿੱਲੇ ਹੋਣ ਤੋਂ ਬਚ ਗਏ।
ਵੇਰੀਟੀ ਨੇ ਬਾਅਦ ’ਚ ਇਸ ਵੀਡੀਓ ਨੂੰ ਆਨਲਾਈਨ ਪੋਸਟ ਕਰ ਦਿੱਤਾ ਅਤੇ ਡਾਕੀਏ ਦੀ ਪਹਿਚਾਣ ਕਰਨ ਵਿੱਚ ਮਦਦ ਕਰਨ ਲਈ ਕਿਹਾ ਤਾਂ ਜੋ ਉਹ ਉਸਦਾ ਧੰਨਵਾਦ ਕਰ ਸਕੇ। ਵੈਂਡਲ ਨੇ ਲਿਖਿਆ ਕਿ ਮੈਂ ਕਾਰ ’ਚ ਘਰ ਜਾ ਰਹੀ ਸੀ ਅਤੇ ਅਸਮਾਨ ਬੱਦਲਾਂ ਨਾਲ ਘਿਰ ਗਿਆ ਅਤੇ ਮੈਂ ਸੋਚਿਆ ਕਿ ਚਾਦਰਾਂ ਵੀ ਬਾਹਰ ਪਈਆਂ ਹਨ, ਪਰ ਜਦੋਂ ਮੈਂ ਘਰ ਪਹੁੰਚੀ ਤਾਂ ਤਾਰ ’ਤੇ ਕੁਝ ਵੀ ਨਹੀਂ ਸੀ। ਕਿਉਂਕਿ ਸਿੱਖ ਡਾਕੀਏ ਨੇ ਮੇਰੇ ਪਾਰਸਲ ਦੇ ਨਾਲ ਧੋਤੇ ਹੋਏ ਕੱਪੜੇ ਵੀ ਮੀਂਹ ਤੋਂ ਬਚਾਉਣ ਲਈ ਅੰਦਰ ਰੱਖ ਦਿੱਤੇ ਸਨ। ਜਿਸ ਤੋਂ ਬਾਅਦ ਵੈਂਡਲ ਨੇ ਉਸ ਦੀ ਬਹੁਤ ਤਾਰੀਫ਼ ਕੀਤੀ।
ਵੈਂਡਲ ਨੇ ਡਾਕੀਏ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ ਅਤੇ ਉਨ੍ਹਾਂ ਆਪਣੀ ਤਸਵੀਰ ਦੇ ਨਾਲ ਕੱਪੜੇ ਇਕੱਠੇ ਕਰਨ ਵਾਲਾ ਉਹ ਵੀਡੀਓ ਕਲਿੱਪ ਦੁੁਬਾਰਾ ਪੋਸਟ ਕੀਤਾ। ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਅਤੇ ਲੋਕਾਂ ਵੱਲੋਂ ਸਿੱਖ ਪੋਸਟਮੈਨ ਦੀ ਪ੍ਰਸੰਸਾ ਕੀਤੀ ਗਈ।