ਮਿਨੀਸੋਟਾ, 28 ਅਗਸਤ (ਪੋਸਟ ਬਿਊਰੋ): ਬੁੱਧਵਾਰ ਨੂੰ ਮਿਨੀਐਪਲਿਸ ਦੇ ਇੱਕ ਕੈਥੋਲਿਕ ਸਕੂਲ ਦੀ ਚਰਚ 'ਚ ਹੋਈ ਗੋਲੀਬਾਰੀ ਵਿਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ 17 ਹੋਰ ਲੋਕ ਜ਼ਖਮੀ ਹੋਏ ਹਨ।
ਮਿਨੀਐਪਲਿਸ ਪੁਲਿਸ ਚੀਫ਼ ਬਰਾਇਨ ਓ’ਹੈਰਾ ਨੇ ਕਿਹਾ ਕਿ ਮਾਰੇ ਗਏ ਬੱਚਿਆਂ ਵਿਚ ਇੱਕ ਦੀ ਉਮਰ 8 ਸਾਲ ਤੇ ਦੂਜੇ ਦੀ 10 ਸਾਲ ਸੀ। ਪੁਲਿਸ ਅਨੁਸਾਰ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਸ਼ੂਟਰ ਵੀ ਹਲਾਕ ਹੋ ਗਿਆ ਹੈ।
ਇਹ ਹਮਲਾ ਐਨਨਸੀਏਸ਼ਨ ਚਰਚ ਦੀ ਇਕ ਖਿੜਕੀ ਤੋਂ ਕੀਤਾ ਗਿਆ, ਜਿੱਥੇ ਹਮਲਾਵਰ ਨੇ ਬਾਹਰੋਂ ਹੀ ਚਰਚ ਦੇ ਅੰਦਰ ਮੌਜੂਦ ਲੋਕਾਂ ਉੱਤੇ ਗੋਲੀਆਂ ਚਲਾਈਆਂ। ਉਸ ਕੋਲ ਰਾਈਫਲ, ਸ਼ਾਟਗਨ ਅਤੇ ਪਿਸਤੌਲ ਸੀ।
ਪੁਲਿਸ ਦੇ ਅਨੁਸਾਰ ਹਮਲਾਵਰ ਦੀ ਉਮਰ 20 ਕੁ ਸਾਲ ਸੀ ਅਤੇ ਉਸ ਦਾ ਸਕੂਲ ਜਾਂ ਚਰਚ ਨਾਲ ਕੋਈ ਸਬੰਧ ਨਹੀਂ ਲੱਗਦਾ।
ਪੁਲਿਸ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਖ਼ੁਦ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿਚੋਂ 14 ਬੱਚੇ ਹਨ।
ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਇਸ ਹਮਲੇ ਨੂੰ ਭਿਆਨਕ ਦੱਸਿਆ ਅਤੇ ਕਿਹਾ ਕਿ ਉਹ ਬੱਚਿਆਂ ਅਤੇ ਅਧਿਆਪਕਾਂ ਲਈ ਦੁਆ ਕਰ ਰਹੇ ਹਨ ਜਿਨ੍ਹਾਂ ਦੇ ਸਕੂਲ ਦੇ ਪਹਿਲੇ ਹਫਤੇ ਨੂੰ ਇੰਨੀ ਵੱਡੀ ਹਿੰਸਾ ਨੇ ਹਿਲਾ ਕੇ ਰੱਖ ਦਿੱਤਾ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਸ ਹਮਲੇ ਦੀ ਜਾਣਕਾਰੀ ਲੈਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਵਾਈਟ ਹਾਊਸ ਇਸ ਉੱਤੇ ਨਿਗਰਾਨੀ ਰੱਖੇ ਹੋਏ ਹੈ।