ਤਲਅਵੀਵ, 25 ਅਗਸਤ (ਪੋਸਟ ਬਿਊਰੋ): ਗਾਜ਼ਾ ਸਿਹਤ ਮੰਤਰਾਲੇ ਅਨੁਸਾਰ, ਸੋਮਵਾਰ ਨੂੰ ਦੱਖਣੀ ਗਾਜ਼ਾ ਦੇ ਨਾਸਰ ਹਸਪਤਾਲ ਦੀ ਚੌਥੀ ਮੰਜਿ਼ਲ 'ਤੇ ਇਜ਼ਰਾਈਲ ਦੇ ਮਿਜ਼ਾਈਲ ਹਮਲੇ ਵਿੱਚ ਤਿੰਨ ਪੱਤਰਕਾਰਾਂ ਸਮੇਤ 15 ਲੋਕ ਮਾਰੇ ਗਏ। ਮਾਰੇ ਗਏ ਲੋਕਾਂ ਵਿੱਚ ਅਲਜਜ਼ੀਰਾ ਅਤੇ ਰਾਈਟਰਜ਼ ਦੇ ਪੱਤਰਕਾਰ ਵੀ ਸ਼ਾਮਿਲ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਹਮਲਾ ਇੱਕ "ਡਬਲ-ਟੈਪ" ਹਮਲਾ ਸੀ, ਜਿਸ ਵਿੱਚ ਲਗਾਤਾਰ ਦੋ ਮਿਜ਼ਾਈਲ ਹਮਲੇ ਹੋਏ। ਇਸ ਨਾਲ ਬਚਾਅ ਕਾਰਜ ਹੋਰ ਵੀ ਖ਼ਤਰਨਾਕ ਹੋ ਗਿਆ।
ਇਜ਼ਰਾਈਲ ਦੀ ਫੌਜ ਨੇ ਹਾਲੇ ਤੱਕ ਇਸ ਹਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਹਾਲਾਂਕਿ, ਇਜ਼ਰਾਈਲ ਨੇ ਪਹਿਲਾਂ ਇਹ ਕਹਿ ਕੇ ਹਸਪਤਾਲਾਂ 'ਤੇ ਹਮਲਿਆਂ ਨੂੰ ਜਾਇਜ਼ ਠਹਿਰਾਇਆ ਹੈ ਕਿ ਹਮਾਸ ਦੇ ਅੱਤਵਾਦੀ ਉੱਥੇ ਕਮਾਂਡ ਅਤੇ ਕੰਟਰੋਲ ਸੈਂਟਰ ਚਲਾ ਰਹੇ ਸਨ।
ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (ਸੀਪੀਜੇ) ਅਨੁਸਾਰ, ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਹੁਣ ਤੱਕ ਕੁੱਲ 192 ਪੱਤਰਕਾਰ ਮਾਰੇ ਗਏ ਹਨ। ਜਦੋਂਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 200 ਤੋਂ ਵੱਧ ਪੱਤਰਕਾਰ ਮਾਰੇ ਗਏ ਹਨ। ਇਸ ਯੁੱਧ ਦੇ ਮੁਕਾਬਲੇ, ਰੂਸ-ਯੂਕਰੇਨ ਯੁੱਧ ਵਿੱਚ ਹੁਣ ਤੱਕ ਸਿਰਫ 18 ਪੱਤਰਕਾਰਾਂ ਦੀ ਮੌਤ ਹੋਈ ਹੈ।
ਗਾਜ਼ਾ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਜੰਗ ਵਿੱਚ ਹੁਣ ਤੱਕ 62,686 ਫਲਸਤੀਨੀ ਮਾਰੇ ਗਏ ਹਨ। ਅੰਦਾਜ਼ੇ ਅਨੁਸਾਰ, ਮਾਰੇ ਗਏ ਲੋਕਾਂ ਵਿੱਚੋਂ ਲਗਭਗ ਅੱਧੇ ਔਰਤਾਂ ਅਤੇ ਬੱਚੇ ਹਨ।