-ਸੜਕਾਂ 'ਤੇ ਪ੍ਰਾਰਥਨਾ ਕਰਨ ਨੂੰ ਸਰਕਾਰ ਮੰਨ ਰਹੀ ਹੈ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ
ਕਿਊਬੈਕ, 28 ਅਗਸਤ (ਪੋਸਟ ਬਿਊਰੋ): ਕਿਊਬੈਕ ਦੀ ਸਰਕਾਰ ਜਨਤਕ ਥਾਂਵਾਂ 'ਚ ਪ੍ਰਾਰਥਨਾ 'ਤੇ ਪਾਬੰਦੀ ਲਗਾਉਣ ਲਈ ਇੱਕ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
ਸੈਕਿੂਲਰਿਜ਼ਮ ਮੰਤਰੀ ਜੌਂ-ਫ੍ਰਾਂਸੋਆ ਰੌਬਰਜ ਨੇ ਕਿਹਾ ਕਿ ਸੜਕਾਂ 'ਤੇ ਪ੍ਰਾਰਥਨਾ ਕਰਨਾ ਇੱਕ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਮੀਅਰ ਨੇ ਉਨ੍ਹਾਂ ਨੂੰ ਕਿਊਬੈਕ ਵਿੱਚ ਧਰਮ-ਨਿਰਪੱਖਤਾ ਮਜ਼ਬੂਤ ਕਰਨ ਦਾ ਕੰਮ ਦਿੱਤਾ ਹੈ ਅਤੇ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਅੱਗੇ ਵਧਾਉਣਗੇ।
ਇਸੇ ਕਾਰਨ, ਸਰਕਾਰ ਇਸ ਫ਼ੌਲ ਸੀਜ਼ਨ ਵਿੱਚ ਇੱਕ ਨਵਾਂ ਬਿੱਲ ਲਿਆਏਗੀ ਜਿਸ ਵਿੱਚ ਖਾਸ ਕਰਕੇ ਸੜਕਾਂ 'ਤੇ ਪ੍ਰਾਰਥਨਾ ਕਰਨ 'ਤੇ ਰੋਕ ਲਾਈ ਜਾਵੇਗੀ।
ਇਹ ਐਲਾਨ ਉਸ ਮੁਹਿੰਮ ਦਾ ਹਿੱਸਾ ਹੈ ਜੋ ਕੋਅਲੀਸ਼ਨ ਐਵੇਨਿਰ ਕਿਊਬੈਕ ਪਾਰਟੀ ਦੀ ਸਰਕਾਰ ਕਿਊਬੈਕ ਵਿੱਚ ਧਰਮ-ਨਿਰਪੱਖਤਾ ਨੂੰ ਵਧਾਉਣ ਲਈ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਹ ਸਰਕਾਰ ਇੱਕ ਐਸਾ ਕਾਨੂੰਨ ਵੀ ਲਿਆ ਚੁੱਕੀ ਹੈ ਜਿਸ ਤਹਿਤ ਇੰਮੀਗ੍ਰੈਂਟਾਂ ਨੂੰ ਸੂਬੇ ਦਾ ਸਾਂਝਾ ਸੱਭਿਆਚਾਰ ਅਪਣਾਉਣਾ ਪੈਂਦਾ ਹੈ ਅਤੇ ਇੱਕ ਹੋਰ ਬਿੱਲ ਲਿਆਂਦਾ ਗਿਆ ਹੈ ਜੋ ਧਾਰਮਿਕ ਚਿੰਨ੍ਹ ਪਹਿਨਣ 'ਤੇ ਰੋਕ ਵਾਲੇ ਕਾਨੂੰਨ ਦੇ ਦਾਇਰੇ ਵਿਚ ਸਕੂਲਾਂ ਦੇ ਸਹਾਇਕ ਮੁਲਾਜ਼ਮਾਂ ਨੂੰ ਵੀ ਲਿਆਂਦਾ ਹੈ।
ਹਾਲਾਂਕਿ ਮੰਤਰੀ ਰੌਬਰਜ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਨਵਾਂ ਕਾਨੂੰਨ ਅਮਲ ਵਿੱਚ ਕਿਵੇਂ ਲਿਆਇਆ ਜਾਵੇਗਾ, ਪਰ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਪਹਿਲਾਂ ਕਿਹਾ ਸੀ ਕਿ ਜੇ ਲੋੜ ਪਈ ਤਾਂ ਉਹ ਨੌਟਵਿਥਸਟੈਂਡਿੰਗ ਕਲੌਜ਼ ਵੀ ਵਰਤ ਸਕਦੇ ਹਨ ਜਿਸ ਰਾਹੀਂ ਕਿਸੇ ਵੀ ਕਾਨੂੰਨ ਨੂੰ ਸੰਵਿਧਾਨਕ ਚੁਣੌਤੀਆਂ ਤੋਂ ਬਚਾਇਆ ਜਾ ਸਕਦਾ ਹੈ।