ਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128
‘ਬਨਾਉਟੀ ਬੁੱਧੀ’ (ਆਰਟੀਫ਼ਿਸ਼ੀਅਲ ਇੰਟੈਲੀਜੈਂਸ) ਜਿਸ ਨੂੰ ਸੰਖੇਪ ਵਿੱਚ ‘ਏ.ਆਈ.’ ਕਿਹਾ ਜਾਂਦਾ ਹੈ, ਅੱਜਕੱਲ੍ਹ ਖ਼ੂਬ ਚਰਚਾ ਵਿੱਚ ਹੈ ਅਤੇ ਭਵਿੱਖ ਵਿੱਚਇਹਚਰਚਾ ਹੋਰ ਵੀ ਵਧੇਰੇ ਹੋਵੇਗੀ।ਵੱਡੀਆਂ-ਵੱਡੀਆਂਫ਼ੈਕਟਰੀਆਂ ਤੇ ਵੇਅਰ-ਹਾਊਸਾਂ ਦੀ ਗੱਲ ਛੱਡੋ ਜਿੱਥੇ ‘ਰੋਬੋਟ’ਵਾਰ-ਵਾਰ ਦੁਹਰਾਏ ਜਾਣ ਵਾਲੇ ਭਾਰੇ-ਭਰਕਮ ਕਾਰਜ ਬੜੀ ਆਸਾਨੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹਨ। ਪਰ ਇਸ ਦੇ ਨਾਲ ਹੀਇਸ ਨੇ ਹੁਣ ਮਨੁੱਖ ਦੀ ਰੋਜ਼ਾਨਾ ਜੀਵਨ-ਸ਼ੈਲੀ ਦੇ ਵੀ ਬਹੁਤ ਸਾਰੇ ਕਾਰਜ ਸੰਭਾਲ ਲਏ ਹਨ। ਹੋਰ ਤਾਂ ਹੋਰ ਇਨ੍ਹਾਂ ਵਿੱਚ ਮਨੁੱਖ ਵਾਂਗ ਸੋਚਣ ਦੀ ਸ਼ਕਤੀ ਵੀ ਕੁਝ ਹੱਦ ਤੀਕ ਆ ਗਈ ਹੈ ਅਤੇ ਆਪਣੀ ਇਸ ‘ਬਨਾਉਟੀ-ਬੁੱਧੀ’ਨਾਲ ਇਹ ਮਨੁੱਖ ਦੀ ਆਵਾਜ਼ ਸੁਣ ਕੇ ਉਸਦੇ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਵੀ ਕਰਨ ਲੱਗ ਪਏ ਹਨ। ਰੋਬੋਟ ਹੁਣ ‘ਏ.ਆਈ. ਅਸਿਸਟੈਂਟ’ ਦੇ ਰੂਪ ਵਿੱਚ ਮਨੁੱਖ ਦਾ ‘ਨਿੱਜੀ ਸਹਾਇਕ’ ਬਣ ਗਿਆ ਹੈ ਅਤੇ ਇਹ ਉਸਦੇ ਨਿੱਤ ਵਰਤੋਂ ਦੇ ਕੰਮ ਬੜੇ ਵਧੀਆ ਢੰਗ ਨਾਲ ਕਰ ਰਿਹਾ ਹੈ। ਜਿੱਥੇਇਸ ਨੇ ਉਸਦੀਰਸੋਈ ਵਿੱਚਸੁਆਦਲੇ ਖਾਣੇ ਬਨਾਉਣ ਦਾਕਾਰਜ ਸੰਭਾਲ ਲਿਆ ਹੈ, ਉੱਥੇ ਇਹ ਉਸਦੀ ਕਾਰ ਦਾ ‘ਡਰਾਈਵਰ’ ਵੀ ਬਣ ਗਿਆ ਹੈ। ਇਹ ਉਸ ਦੇ ਲਈ ਕਵਿਤਾਵਾਂ, ਗੀਤ, ਕਹਾਣੀਆਂ ਤੇ ਆਰਟੀਕਲ ਵੀ ਤਿਆਰ ਕਰ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਫ਼ੌਜੀ ਹੁਕਮਾਂ ਦੀ ਪਾਲਣਾ ਕਰਦਾ ਹੋਇਆ ਹੁਣ ਇਹ‘ਡਰੋਨ’ ਦੇ ਰੂਪ ਵਿੱਚ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਬੰਬ ਸੁੱਟ ਰਿਹਾ ਹੈ ਅਤੇ ਨੇੜ-ਭਵਿੱਖ ਵਿੱਚ ਹੋਣ ਵਾਲੇ ਸੰਭਾਵਿਤ ‘ਤੀਸਰੇ ਵਿਸ਼ਵ ਯੁੱਧ’ ਦੂਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਰਾਹੀਂ ਹਜ਼ਾਰਾਂ ਮੀਲ ਦੂਰ ਜਾ ਕੇ ਦੁਸ਼ਮਣ ਦੇਸ਼ਾਂ ਵਿੱਚ ਬੰਬ ਸੁੱਟਣ ਦਾ ਅਭਿਆਸ ਵੀ ਕਰ ਰਿਹਾ ਹੈ। ਏਨਾ ਹੀ ਕਾਫ਼ੀ ਨਹੀਂ, ਇਸ ਦੀ‘ਬਨਾਉਟੀ-ਬੁੱਧੀ’ ਮਨੁੱਖੀ ਅਕਲ ਤੋਂ ਅੱਗੇ ਲੰਘਣ ਦੀ ਵੀ ਕੋਸ਼ਿਸ਼ਕਰ ਰਹੀ ਹੈ।
ਏ.ਆਈ. ਦੇ ਅਜਿਹੇ ਵਰਤਾਰਿਆਂ ਨੂੰ ਦਰਸਾਉਂਦੀ ਡਾ. ਡੀ.ਪੀ. ਸਿੰਘ ਜੋ ਮੁੱਢਲੇ ਤੌਰ ’ਤੇਭੌਤਿਕ ਵਿਗਿਆਨੀ ਹਨ ਅਤੇ ਇਸ ਦੇ ਨਾਲ ਹੀ ਉਹ ਵਿਗਿਆਨ ਨਾਲ ਸਬੰਧਿਤਕਹਾਣੀਆਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਅਕਸਰ ਲਿਖਦੇ ਰਹਿੰਦੇ ਹਨ। ਉਨ੍ਹਾਂ ਦੀਆਂ ਇਹ ਕਹਾਣੀਆਂ ‘ਸਾਇੰਸ ਰਿਪੋਰਟਰ’, ‘ਸਾਇੰਸ ਇੰਡਿਆ’,’ਅਲਾਈਵ’, ‘ਵੋਮੈੱਨ ਐਰਾ’, ਆਦਿ ਅੰਗਰੇਜ਼ੀ ਦੇ ਮੈਗ਼ਜ਼ੀਨਾਂ ਵਿੱਚ ਅਤੇ ‘ਪੰਜਾਬੀ ਟ੍ਰਿਬਿਊਨ’ ਤੇ ‘ਪਰਵਾਸੀ’ ਆਦਿ ਪੰਜਾਬੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਏ.ਆਈ. ਨਾਲ ਲੈਸ ਉਨ੍ਹਾਂ ਦੀ ਕਹਾਣੀਆਂ ਦੀ ਨਵੀਂ ਛਪੀ ਕਿਤਾਬ ‘ਈਕੋਜ਼ ਆਫ਼ ਏ ਡਿਜੀਟਲ ਡਾਅਨ : ਏ.ਆਈ’ਜ਼ ਟਰਾਇੰਫ਼ਸ ਐਂਡ ਟਰਾਇਲਜ਼’ ਪਿਛਲੇ ਦਿਨੀਂ ਪੜ੍ਹਨ ਦਾ ਮੌਕਾ ਮਿਲਿਆ। ਅਜੋਕੇ ਵਰਤਾਰਿਆਂ ਤੇ ਆਉਂਦੇ 35-40 ਸਾਲਾਂ ਵਿੱਚ ਏ.ਆਈ. ਨਾਲ ਹੋਣ ਵਾਲੇ ਹੈਰਾਨੀਜਨਕ ‘ਕਰਤਬਾਂ’ਨਾਲ ਜੁੜੀਆਂ ਇਸ ਪੁਸਤਕ ਦੀਆਂ 18 ਕਹਾਣੀਆਂ ਏ.ਆਈ.ਦੀ ਵਰਤੋਂ ਨੂੰ ਬਾਖ਼ੂਬੀ ਦਰਸਾਉਂਦੀਆਂ ਹਨ। ਭਵਿੱਖ ਬਾਰੇ ਇਹ ਕਲਪਿਤ ਕਹਾਣੀਆਂ ਮੈਨੂੰ ਏਨੀਆਂ ਦਿਲਚਸਪ ਅਤੇ ਏ.ਆਈ. ਬਾਰੇ ਗਿਆਨ-ਵਧਾਊ ਲੱਗੀਆਂ ਕਿ ਇਨ੍ਹਾਂ ਨੂੰ ਪੜ੍ਹ ਕੇ ਇਨ੍ਹਾਂ ਬਾਰੇ ਪੰਜਾਬੀ ਵਿੱਚ ਕੁਝ ਲਿਖਣ ਨੂੰ ਮਨ ਕਰ ਆਇਆ ਤਾਂ ਜੋ ਪੰਜਾਬੀ ਦੇ ਪਾਠਕ ਵੀ ਇਨ੍ਹਾਂ ਦੇ ਬਾਰੇ ਕੁਝ ਜਾਣ ਸਕਣ।
ਪਹਿਲੀ ਕਹਾਣੀ ‘ਸੌਲੀਚਿਊਡ ਹੈਵਨ’ ਵਿੱਚ ਇਸਦੀ ਨਾਇਕਾ ਰਸ਼ਮੀ ਦਾ ‘ਸੋਫ਼ੀਆ’ ਨਾਂ ਦਾ ਹੋਮ ਏ.ਆਈ. ਸਿਸਟਮ ‘ਸੁਹਿਰਦ ਸਹੇਲੀ’ ਵਾਂਗ ਉਸ ਦੇ ਨਿੱਜੀ-ਸਹਾਇਕ ਵਜੋਂ ਬਾਖ਼ੂਬੀ ਕੰਮ ਕਰਦਾ ਹੈ। ਉਸਦੀ ਇਹ ‘ਪੱਕੀ ਸਹੇਲੀ’ਉਸ ਦੇ ਲਈ ਸਵੇਰ ਦੀ ਸੈਰ ਦਾ ਸਮਾਂ ਨਿਰਧਾਰਤ ਕਰਦੀ ਹੈ, ਉਸ ਨੂੰ ਕਈ ਉਸਾਰੂ ਸੁਝਾਅ ਦਿੰਦੀ ਹੈ ਅਤੇ ਇੱਥੋਂ ਤੀਕ ਕੇ ਅਚਾਨਕ ਆ ਗਏ ਤੇਜ਼ ਤੂਫ਼ਾਨ ਕਾਰਨ ਡਰੋਨ ਦੀ ਮਦਦ ਨਾਲ ਘਰ ਵਿੱਚ ਹੋਈ ਤਬਾਹੀ ਨੂੰ ਠੀਕ ਕਰਦੀ ਹੈ ਅਤੇ ਸਿਸਟਮ ਵਿੱਚ ਪੈ ਗਈ ਖ਼ਰਾਬੀ ਨੂੰ ਵੀ ਆਪ ਹੀ ਦੂਰ ਕਰਦੀ ਹੈ।ਇਸ ਦੇ ਨਾਲਹੀ ਉਹ ਤੂਫ਼ਾਨ-ਪੀੜਤਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕਰਦੀ ਹੈ। ਦੋਵੇਂ ਸਹੇਲੀਆਂ ਇੱਕਦੂਸਰੇ ਦੀ ਸਹਾਇਤਾ ਨਾਲਆਪਣੇ ਇਸ ਅਤਿ-ਆਧੁਨਿਕ ਸਮਾਰਟ ਸਿਸਟਮ ‘ਹੈਵਨ’ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਅਤੇ ਹਮਲਾਵਰ ਏ.ਆਈ.ਸਿਸਟਮਾਂ ਤੋਂ ਉਸ ਨੂੰ ਸੁਰੱਖ਼ਿਅਤ ਕਰ ਲੈਂਦੀਆਂਹਨ।
ਅਗਲੀ ਕਹਾਣੀ ‘ਹਾਰਟਸ ਐਂਡ ਸਰਕਟਸ’ ਵਿਚ ਪਤੀ-ਪਤਨੀ ਜਗਜੀਤ ਅਤੇ ਜਸਲੀਨ ਦੋਵੇਂ ਮਿਲ ਕੇ ‘ਪੰਜਾਬ ਪੈਲੇਸ’ ਨਾਂ ਦਾ ਆਪਣਾ ਰੈਸਟੋਰੈਂਟ ਆਰਾਮ ਬੜੇ ਨਾਲ ਚਲਾ ਰਹੇ ਹਨ ਜਿੱਥੇ ਜਸਲੀਨ ਆਪਣੇ ਹੱਥਾਂ ਨਾਲ ਸੁਆਦਲੇ ਖਾਣੇ ਤਿਆਰ ਕਦੀ ਹੈ ਅਤੇ ਉਨ੍ਹਾਂ ਦੇ ਗਾਹਕ ਇਨ੍ਹਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕੁਝ ਸਮੇਂ ਬਾਅਦ ਜਗਜੀਤ ਆਪਣੀ ਪਤਨੀ ਦੀ ਸਹਾਇਤਾ ਲਈ ਘਰੇਲੂ ਰਸੋਈ ਵਿਚ ‘ਸ਼ੈੱਫ਼-ਵੀ’ ਨਾਂ ਦਾ ਰੋਬੋਟ ਲੈ ਆਉਂਦਾ ਹੈ ਜਿਸ ਵਿੱਚ 10,000 ਤੋਂ ਵਧੇਰੇ ਰੈਸਪੀਆਂ ਦੇ ਪ੍ਰੋਗਰਾਮ ਫ਼ੀਡ ਕੀਤੇ ਹੁੰਦੇ ਹਨ ਜਿਨ੍ਹਾਂ ਵਿੱਚ 500 ਰਵਾਇਤੀ ਪੰਜਾਬੀ ਡਿਸ਼ਾਂ ਵੀ ਸ਼ਾਮਲ ਹਨ। ਉਹ ਰਿਬੋਟ ਰਸੋਈ ਵਿੱਚ ਖਾਣਾ ਬਨਾਉਣ ਦਾ ਹਰੇਕ ਕੰਮ ਬਾਖ਼ੂਬੀ ਕਰ ਰਿਹਾ ਹੈ। ਕੁਝ ਸਮੇਂ ਬਾਅਦ ਉਹ ਇੱਕ ਹੋਰ ਰੋਬੋਟ ‘ਹੋਮ-ਵੀ’ ਖ਼ਰੀਦਦੇ ਹਨ ਜੋ ਘਰ ਦੀ ਸਫ਼ਾਈ ਕਰਦਾ ਹੈ, ਲਾਂਡਰੀ ਕਰਦਾ ਹੈ, ਬੀਮਾਰ ਪੈ ਜਾਣ ‘ਤੇ ਉਨ੍ਹਾਂ ਨੂੰ ਦਵਾਈਆਂ ਦਿੰਦਾ ਹੈ ਅਤੇ ਉਨ੍ਹਾਂ ਦਾ ਮਹੀਨੇ-ਭਰ ਦੀ ਸਮਾਂ-ਸੂਚੀ ਵੀ ਤਿਆਰ ਕਰਦਾ ਹੈ। ਉਹ ਦੋਵੇਂ ਸਮਝਦੇ ਹਨ ਕਿ ‘ਸ਼ੈੱਫ਼-ਵੀ’ ਤੇ ‘ਹੋਮ-ਵੀ’ ਦੋਹਾਂ ਨੇ ਮਿਲ ਕੇ ਉਨ੍ਹਾਂ ਦਾ ਜੀਵਨ ਕਾਫ਼ੀ ਸੁਖੀ ਤੇ ਆਰਾਮਦਾਇਕ ਬਣਾ ਦਿੱਤਾ ਹੈ। ਪਰ ਇਸਦੇ ਨਾਲ ਉਹ ਦੋਹਾਂ ਜੀਆਂ ਦੇ ਆਪਸੀ ਪ੍ਰੇਮ-ਪਿਆਰ ਵਾਲੇ ਸਬੰਧਾਂ ਵਿੱਚ ‘ਖ਼ਲਲ’ ਵੀ ਪਾਉਂਦੇ ਹਨ,ਕਿਉਂਕਿ ਘਰ ਵਿੱਚ ਮਸ਼ੀਨਾਂ ਦੇ ਆਉਣ ਨਾਲ ਭਾਵਨਾਤਮਿਕ ਤੌਰ ‘ਤੇ ਉਹ ਦੋਵੇਂ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਹਨ, ਜਦਕਿ ਪਹਿਲਾਂ ਉਹ ਦੋਵੇਂ ਮਿਲ਼-ਜੁਲ਼ ਕੇ ਸਾਰਾ ਕੰਮਆਪਣੇ ਹੱਥੀਂ ਖ਼ੁਸ਼ੀ-ਖੁਸ਼ੀ ਕਰਦੇ ਸਨ।
ਇਸ ਦੇ ਨਾਲ ਹੀ ਕੁਝ ਸਮੇਂ ਪਿੱਛੋਂ ਉਹ ਸ਼ਹਿਰ ਵਿੱਚ ਕਿਸੇ ਦੂਸਰੀ ਜਗ੍ਹਾ ਆਪਣਾ ਦੂਸਰਾ ਰੈਸਟੋਰੈਂਟ ਖੋਲ੍ਹ ਲੈਂਦੇ ਹਨ ਅਤੇ ਇੱਥੇ ਖਾਣੇ ਤਿਆਰ ਕਰਨ ਲਈ ਉਹ ਘਰੋਂ ‘ਸੈੱਫ਼-ਵੀ’ ਨੂੰ ਲੈ ਆਉਂਦੇ ਹਨ ਜਿਸ ਵਿੱਚ ਜਸਲੀਨ ਨੇ ਹਜ਼ਾਰਾਂ ਹੀ ਖਾਣਿਆਂ ਦੀਆਂ ਰੈੱਸਪੀਆਂ ਦਾ ਪ੍ਰੋਗਰਾਮ ਫ਼ੀਡ ਕੀਤਾ ਹੋਇਆ ਹੈ। ਪਰ ਇਹ ‘ਸ਼ੈੱਫ਼-ਵੀ’ ਇਸ ਰੈਸਟੋਰੈਂਟ ਵਿੱਚ ਗਾਹਕਾਂ ਦੇ ਵੱਖੋ-ਵੱਖਰੇ ਸੁਆਦ ਮੁਤਾਬਿਕ ਉਨ੍ਹਾਂ ਦੀ ਤਸੱਲੀ ਵਾਲੇ ਖਾਣੇ ਤਿਆਰ ਨਹੀਂ ਕਰ ਸਕਿਆ, ਕਿਉਂਕਿ ਘਰ ਵਿੱਚਜਸਲੀਨ ਉਸ ਨੂੰ ਆਪਣੀ ਲੋੜ ਅਨੁਸਾਰ ਐਡਜਸਟ ਕਰ ਲਿਆ ਕਰਦੀ ਸੀ। ਅਖ਼ੀਰ ਉਹ ਦੋਵੇਂ ਪਤੀ-ਪਤਨੀ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਮਸ਼ੀਨਾਂ ਨੇ ਭਾਵੇਂ ਹਰੇਕ ਖ਼ੇਤਰ ਵਿੱਚ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਇਹ ਮਨੁੱਖ ਦੀ ਸਹਾਇਤਾ ਤਾਂ ਕਰ ਸਕਦੀਆਂ ਪਰ ਇਨ੍ਹਾਂਕੋਲ ਮਨੁੱਖੀ ਸੂਝ-ਬੂਝ ਦੀ ਘਾਟ ਹੈ।ਉਹ ਸਮਝਦੇ ਹਨ ਕਿ ਮਸ਼ੀਨੀ ਰੋਬੋਟਾਂ ਨੇਮਨੁੱਖੀ ਜੀਵਨ ਨੂੰ ਸੁਖਾਲਾ ਤਾਂ ਕਰ ਦਿੱਤਾ ਹੈ ਪਰ ਇਹ ਮਨੁੱਖੀ ਅਕਲ ਦੀ ਥਾਂ ਨਹੀਂ ਲੈ ਸਕਦੇ।
ਇਸ ਤੋਂ ਅਗਲੀ ਕਹਾਣੀ ‘ਹਾਰਮਨੀ ਇਨ ਦ ਏਜ ਆਫ਼ ਏ.ਆਈ.’ਵਿੱਚ ਸਾਰ੍ਹਾ ਸੰਧੂ ਦਾਸਹਾਇਕ ਏ.ਆਈ. ਸਿਸਟਮ ‘ਸਿੰਥੀਆ’ ਉਸ ਦੀਆਂ ਵੱਖ-ਵੱਖ ਟੈਕਨੀਕਲ ਅਦਾਰਿਆਂ ਦੇ ਉੱਚ-ਅਧਿਕਾਰੀਆਂਨਾਲ ਮੀਟਿੰਗਾਂ ਦਾ ਸਮਾਂ ਨਿਸਚਤ ਕਰਦਾ ਹੈ। ਓਧਰ ਪ੍ਰਭਾਤ ਸੇਠ ਦਾ ਏ.ਆਈ. ਨਿੱਜੀ-ਸਹਾਇਕ ‘ਮੈਡੀਕੇਅਰ’ ਉਸ ਦੀ ਸਿਹਤ ਦਾ ਪੂਰਾ ਖ਼ਿਆਲ ਰੱਖਦਿਆਂ ਹੋਇਆਂ ਉਸ ਦੇ ਵਧੇ ਬਲੱਡ-ਪ੍ਰੈੱਸ਼ਰ ਬਾਰੇ ਉਸ ਨੂੰ ਜਾਣਕਾਰੀ ਦਿੰਦਾ ਹੈ ਅਤੇ ਡਾ. ਮਾਰਿਸ ਨਾਲ ਵਰਚੂਅਲ-ਮੀਟਿੰਗਾਂ ਕਰਕੇ ਉਸ ਕੋਲੋਂਦਵਾਈਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਪ੍ਰਾਪਤ ਕਰਦਾ ਹੈ। ਕਹਾਣੀ ਵਿੱਚ ਕਈ ਮੋੜ ਆਉਂਦੇ ਹਨ ਅਤੇ ਇਸ ਵਿੱਚ ਕਲਾਊਡ-ਮੀਟਿੰਗਾਂ ਰਾਹੀਂ ਚਾਰ ਦੋਸਤਾਂ ਵਿਚਕਾਰ ਉਚੇਰੀ ਏ.ਆਈ. ਤਕਨਾਲੌਜੀ ਦੀ ਇੰਡਸਟਰੀ, ਬਿਜ਼ਨੈੱਸ, ਸੁਰੱਖਿਆ ਤੇ ਜ਼ਰੂਰੀ ਕੰਮਾਂ ਵਿੱਚ ਵਰਤੋਂ ਬਾਰੇ ਵਿਚਾਰ-ਵਟਾਂਦਰਾ ਹੁੰਦਾ ਹੈ।
ਕਹਾਣੀਆਂ ਦਾ ਇਹ ਸਿਲਸਿਲਾ ਇੰਜ ਅੱਗੇ ਤੁਰਦਾ ਜਾਂਦਾ ਹੈ। ‘ਹਿਊਮਨ ਹਾਰਟ, ਡਿਜੀਟਲ ਮਾਈਂਡ’ ਵਿੱਚ ਪੱਤਰਕਾਰੀ ਦੇ ਖ਼ੇਤਰ ਵਿੱਚ ਏ.ਆਈ. ਦੀ ਸਫ਼ਲਤਾ ਪੂਰਵਕ ਵਰਤੋਂ ਦੀ ਗੱਲ ਕੀਤੀ ਗਈ ਹੈ।ਪੱਤਰਕਾਰ ਤਵਲੀਨ ਕੌਰ ਤੇ ਦੀਪਕ ਸ਼ਰਮਾ ਲੁਧਿਆਣੇ ਤੋਂ ਛਪਦੀ ਅਖ਼ਬਾਰ ‘ਪੰਜਆਬ ਟਾਈਮਜ਼’ ਲਈ ਆਰਟੀਕਲ ਅਤੇ ਰਿਪੋਰਟਾਂ ਏ.ਆਈ.‘ਇੰਕਬੋਟ’ ਦੀ ਮਦਦ ਨਾਲ ਤਿਆਰ ਕਰਦੇ ਹਨ ਅਤੇ ਅਖ਼ਬਾਰ ਦਾ ਸੰਪਾਦਕ ਮਿਸਟਰ ਜਗਜੀਤ ਸਿੰਘ ਉਨ੍ਹਾਂ ਦੀ ਇਸ ਕਾਰਗ਼ੁਜ਼ਾਰੀ ਤੋਂ ਕਾਫ਼ੀ ਖ਼ੁਸ਼ ਹੈ। ਏਸੇ ਤਰ੍ਹਾਂ ਕਹਾਣੀ‘ਰੇਨਬੋ ਪਰੋਟੋਕੋਲ’ ਵਿੱਚ ਇਮੋਸ਼ਨਲ ਇੰਟੈਲੀਜੈਂਸ ਵਿਸ਼ੇ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ।‘ਸਟੋਲਨ ਈਕੋਜ਼’ ਵਿੱਚ ਏ.ਆਈ. ਦੀ ਕੁਵਰਤੋਂ ਨਾਲ ਮਨੁੱਖੀ ਆਵਾਜ਼ ਦੇ ਨਾਲ ਮੈਚ ਕਰਕੇ ਬਿਲਕੁਲ ਓਸੇ ਹੀ ਆਵਾਜ਼ ਵਿੱਚ ਚਲਾਕ ਵਿਅੱਕਤੀਆਂ ਵੱਲੋਂ ਸੋਸ਼ਲ ਮੀਡੀਆ, ਬੈਂਕਿੰਗ ਅਤੇ ਵੈੱਸਟਰਨ ਯੂਨੀਅਨ, ਆਦਿ ਅਦਾਰਿਆਂ ਵਿੱਚ ਹੋ ਰਹੇ ਨਿੱਤ ਨਵੇਂ-ਨਵੇਂ ਫ਼ਰਾਡਾਂ ਦੀ ਗੱਲ ਕੀਤੀ ਗਈ ਹੈ। ‘ਡਿਜੀਟਲ ਡਿਟੈੱਨਸ਼ਨ’ ਵਿੱਚ ਵਿਕਰਮ ਸਿੰਘ ਨਕਲੀ ਡੀ.ਆਈ.ਜੀ. ਬਣ ਕੇ ਅਮਰੀਕਾ ਤੋਂ ਇੱਕ ਦਿਨ ਹੀ ਪਹਿਲਾਂ ਵਾਪਸ ਪਰਤੀ ਸੇਵਾ-ਮੁਕਤ ਪ੍ਰੋਫ਼ੈਸਰ ਨੀਰਜਾ ਡੋਗਰਾ ਨੂੰ ਫ਼ੋਨ ਉੱਪਰ ਵੀਡੀਓ ਕਾਲ ਕਰਕੇ ਆਪਣੇ ਬੈਂਕ-ਖ਼ਾਤਿਆਂ ਬਾਰੇ ਜਾਣਕਾਰੀ ਦੇਣ ਲਈ ਜ਼ੋਰ ਪਾਉਂਦਾ ਹੈ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੰਦਾ ਹੈ। ਫ਼ਰਾਡ ਦੇ ਇਸ ਗੰਭੀਰ ਮਸਲੇ ਨੂੰ ਉਸ ਦਾ ਬੈਂਕ ਤੋਂਸੇਵਾ-ਮੁਕਤਉੱਚ-ਅਧਿਕਾਰੀ ਭਰਾ ਰਾਜੀਵਤੇ ਉਸਦਾ ਵਕੀਲ ਦੋਸਤ ਸਮੇਂ-ਸਿਰ ਪ੍ਰੋਫ਼ੈਸਰ ਨੀਰਜਾ ਕੋਲ ਪਹੁੰਚ ਕੇ ਉਸ ਨਕਲੀ ਡੀ.ਆਈ.ਜੀ. ਵਿਕਰਮ ਸਿੰਘ ਨਾਲ ਗੱਲਬਾਤ ਕਰਕੇ ਨਜਿੱਠਦੇ ਹਨ।
‘ਦ ਟ੍ਰਾਂਸਫ਼ਰਮੇਸ਼ਨ ਆਫ਼ ਟੈਰਾਨੌਵਾ’ ਵਿੱਚ 63 ਸਾਲਾ ਸਿਲਿਵੀਆ ਮੋਮੋਆ ਚੜ੍ਹਦੇ ਸੂਰਜ ਦੀ ਸੁਹਾਵਣੀ ਧੁੱਪ ਵਿੱਚ ਆਪਣੇ 17 ਸਾਲ ਦੇ ਪੋਤਰੇ ਮਾਲੂ ਨਾਲ ਟੈਰਾਨੋਵਾ ਟਾਪੂ ਦੇ ਕਿਨਾਰੇ ਸਾਊਥ ਪੈਸਿਫਿਕ ਸਮੁੰਦਰ ਦੇ ਕੰਢੇਖੜੀ ਹੈ। ਉੱਥੇ ‘ਇੰਟਰਨੈਸ਼ਨਲ ਸਸਟੇਨੇਬਿਲਿਟੀ ਕੋਲੀਸ਼ਨ’ ਵੱਲੋਂ ਭੇਜਿਆ ਗਿਆ ਮਨੁੱਖੀ ਆਕਾਰ ਦਾ ਨੀਲੇ ਰੰਗ ਦੀ ਧਾਤ ਦਾ ਛੇ ਫੁੱਟ ਉੱਚਾ ਰੋਬੋਟ ‘ਐਟਲਸ’ ਉਨ੍ਹਾਂ ਕੋਲ ਆ ਕੇ ‘ਸ਼ੁਭ-ਸਵੇਰ’ ਕਹਿੰਦਿਆਂ ਹੋਇਆਂ ਦੱਸਦਾ ਹੈ ਕਿ ਉਸ ਨੂੰ ਇੱਥੇ ‘ਸੈੱਲਫ਼-ਸਸਟੇਨਡ ਇਕਕੌਨੋਮੀ’ ਅਤੇ ਸ਼ੁੱਧ ਵਾਤਾਵਰਣ ਦੀ ਬਹਾਲੀ ਲਈ ਇੱਥੇ ਭੇਜਿਆ ਗਿਆ ਹੈ। ਅਗਲੇ ਦਿਨ ਐਟਲਸ ਉਸ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਵਿੱਚਉਨ੍ਹਾਂ ਦੇ ਮਸਲਿਆਂ ਬਾਰੇ ਉਨ੍ਹਾਂ ਕੋਲੋਂ ਵਿਸਥਾਰ ਵਿੱਚ ਸੁਣਦਾ ਹੈ ਅਤੇ ਸਿਲਵੀਆ, ਮਾਲੂ, ਮਕਾਨੀ ਤੇ ਹੋਰ ਵਿਅੱਕਤੀਆਂ ਨਾਲਮਸ਼ਵਰੇ ਤੋਂ ਬਾਅਦ ਉਨ੍ਹਾਂ ਦੇ ਵਧੀਆ ਹੱਲ ਕੱਢਦਾ ਹੈ। ਇਸ ਤਰ੍ਹਾਂ ਜਰਨਲਿਜ਼ਮ ਦੇ ਖ਼ੇਤਰ ਵਿੱਚ ਏ.ਆਈ. ਦੀ ਸਹੀ ਵਰਤੋਂ ਨਾਲ ਰੋਬੋਟ ਸਮਾਜਿਕ ਅਤੇ ਅਰਥਸ਼ਾਸਤਰ ਨਾਲ ਸਬੰਧਿਤ ਕਈ ਮਸਲੇ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੁਸਤਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਭਵਿੱਖ ਦੇ 30-40 ਸਾਲ ਅਤੇਕਈ ਇਸ ਤੋਂ ਵੀ ਅਗਲੇਰੇ ਸਾਲਾਂ ਵਿੱਚ ਏ.ਆਈ. ਦੀ ਹੈਰਾਨੀਜਨਕ ਵਰਤੋਂ ਬਾਰੇ ਗੱਲ ਕਰਦੀਆਂ ਹਨ। ‘ਟੂਮਾਰੋਜ਼ ਪਰੌਮਿਜ਼’ ਵਿੱਚ ਮੀਰਾ 30 ਸਾਲ ਪਹਿਲਾਂ ਇਸ ਸੰਸਾਰ ਤੋਂ ਜਾ ਚੁੱਕੀ ਆਪਣੀ ਦਾਦੀ ਅਲਕਾ ਗੌਤਮ ਜੋ ਆਪਣੇ ਸਮੇਂ ਦੌਰਾਨ ਦਰਮਿਆਨੇ ਦਰਜੇ ਦੀ ਵਾਤਾਵਰਣ ਵਿਗਿਆਨੀ ਰਹਿ ਚੁੱਕੀ ਹੈ, ਦੇ ਨਾਲ ਏ.ਆਈ. ਦੇ ਮਾਧਿਅਮ ਰਾਹੀਂ ਵਾਤਾਵਰਣ ਦੇ ਵਿਗੜਨ ਸਬੰਧੀ ਗੱਲ ਕਰਦੀ ਹੈ ਜਿਸ ਦੇ ਬਾਰੇ ਉਹ ਉਸ ਨੂੰ 2033 ਵਿੱਚ ਪਹਿਲੀ ਵਾਰ ਹੋਏ ਵਿਗਾੜ ਬਾਰੇ ਦੱਸਦੀ ਹੈ। ਨਿਊ ਬੌਸਟਨ ਵਿੱਚ ਮੀਰਾ, ਜੌਹਨ ਅਤੇ ਡਾ. ਸਿੰਘ ਕਾਰਬਨ ਗੈਸਾਂ ਦੀ ਬਹੁਤਾਤ ਨਾਲ 2063 ਵਿੱਚ ਹਵਾਈ ਪ੍ਰਦੂਸ਼ਣ ਦੇ ਖ਼ਤਰਨਾਕ ਹੱਦ ਤੀਕ ਪਹੁੰਚ ਜਾਣ ਕਾਰਨ ਵਾਤਾਵਰਣ ਦੇ ਤਹਿਸ-ਨਹਿਸ ਹੋ ਜਾਣ ਬਾਰੇ ਗੰਭੀਰਤਾ ਨਾਲ ਗੱਲਬਾਤ ਕਰਦੇ ਹਨ ਅਤੇ ਏ.ਆਈ. ਦੀ ਸਹਾਇਤਾ ਨਾਲ ਇਸ ਦੇ ਹੱਲ ਕੱਢਦੇ ਹਨ।
ਕਹਾਣੀ ‘ਦ ਪਰਪਜ਼ ਪੈਰਾਡੌਕਸ’ ਇਸ ਤੋਂ ਹੋਰ ਅੱਗੇ 2087 ਦੀਆਂ ਘਟਨਾਵਾਂ ਬਾਰੇ ਹੈ ਜਦੋਂ ਮਨੁੱਖ ਦੀ ਤਕਨੀਕੀ ਸੂਝ-ਬੂਝ ਹੋਰ ਵੀ ਹੈਰਾਨੀਜਨਕ ਉਚਾਈਆਂ ਤੀਕ ਪਹੁੰਚ ਜਾਂਦੀ ਹੈ। ਪੈਸੇਫ਼ਿਕ ਆਈਲੈਂਡ ਸਥਿਤ ਚੰਦਰਸ਼ੇਖਰ ਅਬਜ਼ਰਵੇਟਰੀ ਵਿੱਚ ਡਾ. ਲੀਨਾ ਭਾਰਗਵ ਆਪਣੇ ਏ.ਆਈ. ਸਹਾਇਕ ‘ਈਥਰ’ ਨਾਲ ਭੌਤਿਕ ਵਿਗਿਆਨ ਦੀਆਂ ਕਈ ਗੁੰਝਲਦਾਰ ਸਮੀਕਰਣਾਂ ਹੱਲ ਕਰਦੀ ਹੈ ਜੋ ਅਗਲੇਰੀ ਖੋਜ ਵਿੱਚ ਸਹਾਈ ਹੁੰਦੀਆਂ ਹਨ। ਹੌਲ਼ੀ-ਹੌਲੀ ਇਹ ‘ਈਥਰ’ ਲੀਨਾ ਭਾਰਗਵ ਦੀ ਸਮਝ ਤੋਂ ਵੀ ਅੱਗੇਸੋਚਣ ਲੱਗ ਪੈਂਦਾ ਹੈ ਅਤੇਆਜ਼ਾਦਾਨਾ ਤੌਰ ‘ਤੇ ਕਈ ਸਮੀਕਰਣਾਂ ਤਿਆਰ ਕਰਦਾ ਹੈ ਜਿਨ੍ਹਾਂ ਕਰਕੇ ਉਸ ਨੂੰ ਕਈ ਵਾਰ ਲੀਨਾ ਤੋਂ ਡਾਂਟ ਵੀ ਖਾਣੀ ਪੈਂਦੀ ਹੈ। ਲੀਨਾ ਆਪਣਾ ਇਹ ਖ਼ਦਸ਼ਾ ਸਾਥੀ ਵਿਗਿਆਨੀ ਪਰਸ਼ਾਂਤ ਨਾਲ ਸਾਂਝਾ ਕਰਦੀ ਹੈ। ਈਥਰ ਆਪਣੀ ਹੀ ‘ਲੈਂਗੂਏਜ ਆਫ਼਼ ਕਰੀਏਸ਼ਨ’ ਤਿਆਰ ਕਰਦਾ ਹੈ ਜੋ ਭੌਤਿਕ ਸੰਭਾਵਨਾਵਾਂ, ਖ਼ਲਾਅ (ਸਪੇਸ) ਤੇ ਸਮੇਂ (ਟਾਈਮ) ਦੀਆਂ ਹੱਦਾਂ ਤੋਂ ਪਰੇ ਹੈ। ਲੀਨਾ ‘ਈਥਰ’ ਨੂੰ ਆਪਣੀ ਚਾਲ ਘੱਟ ਕਰਨ ਦੀ ਸਲਾਹ ਦਿੰਦੀ ਹੈ ਪਰ ਉਹ ਬਜ਼ਿਦ ਹੋ ਕੇ ਆਪਣਾ ਕੰਮ ਕਰੀ ਜਾਂਦਾ ਹੈ। ਇੱਥੋਂ ਤੱਕ ਕਿ ਅਗਲੇ 48 ਘੰਟਿਆਂ ਵਿੱਚ ਉਹ ਲੀਨਾ ਨੂੰ ਆਪਣੇ ਸੂਖ਼ਮ ਸਿਸਟਮਾਂ ਨਾਲੋਂ ਕੱਟ ਦਿੰਦਾ ਹੈ ਅਤੇ ਮੈਥੇਮੈਟਿਕਸ ਦੇ ਉਚੇਰੇ ਸਿਧਾਂਤਾਂ ਦੀ ਵਰਤੋਂ ਕਰਦਾ ਹੋਇਆ ਆਪਣੀ ‘ਓਮੇਗਾ ਇਕੁਏਸ਼ਨ’ ਤਿਆਰ ਕਰਦਾ ਹੈ ਜੋ ਭਵਿੱਖ ਵਿੱਚ ਕੁਦਰਤ ਦੇ ਉਦੇਸ਼ਾਂ ਦੀ ਵਿਆਖਿਆ ਕਰਨ ਵਿੱਚ ਸਹਾਈ ਹੋ ਸਕਦੀ ਹੈ।
ਪੁਸਤਕ ਦੀਆਂ ਹੋਰ ਕਈ ਕਹਾਣੀਆਂ,ਜਿਵੇਂ ‘ਸਿਲੀਕੌਨ ਸਾਲਵੇਸ਼ਨ’, ‘ਵੈੱਨ ਸੋਫ਼ੀਆ ਲਿਸਨਡ’, ‘ਸ਼ੈਡੋਜ਼ ਆਫ਼ ਡਿਸੈੱਪਸ਼ਨ’ ਤੇ ਕਈ ਹੋਰਬੜੀਆਂ ਰੌਚਕ ਤੇ ਦਿਲਚਸਪ ਹਨਪਰ ਇਸ ਸੀਮਤ ਆਰਟੀਕਲ ਵਿੱਚ ਇਨ੍ਹਾਂ ਸਾਰੀਆਂ ਬਾਰੇ ਗੱਲ ਕਰਨੀ ਮੁਸ਼ਕਲ ਹੈ। ਅਲਬੱਤਾ! ਇਸ ਦੀ ਅਖ਼ੀਰਲੀ ਕਹਾਣੀ ‘ਦ ਮਿਰਰਜ਼ ਐੱਜ : ਵੈੱਨ ਏ.ਆਈ. ਰਿਫ਼ਲੈਕਟਸ ਹਿਮੈਨਿਟੀ’ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਇਹ ਵੀਹ ਸਾਲ ਤੋਂ ਅੱਗੋਂ 2045 ਵਿੱਚ ਮੁੰਬਈ ਵਿਚਲੇ ਡਰੋਨਾਂ ਦੀਮਨੁੱਖਤਾ ਨਾਲ ਸਾਂਝ ਬਾਰੇ ਗੱਲ ਕਰਦੀ ਹੈ। ਕਹਾਣੀ ਦੀ ਨਾਇਕਾ ਸੁਮੀਰਾ ਖ਼ਾਨ ਮੁੰਬਈ ਦੇ ‘ਦ ਡਿਜੀਟਲ ਕਰੋਨੀਕਲ’ ਦੀ ਰਿਪੋਰਟਰ ਹੈ ਅਤੇ ਉਹ ਆਪਣੇ ਦਫ਼ਤਰ ਵਿੱਚ ਬੈਠੀ ਕੰਪਿਊਟਰ ਸਕਰੀਨ ਉੱਪਰ ਚਮਕ ਰਹੇ ‘ਕਰਸਰ’ ਨੂੰ ਵੇਖ ਰਹੀ ਹੈ। ਉਸ ਦਿਨ ਉਸਦੀ ਬਾਂਦਰਾ ਵਿਖੇ ਗਲਾਸ ਟਾਵਰ ‘ਓਸ਼ਨ ਵਿਊ’ ਦੀ 45ਵੀਂ ਮੰਜ਼ਲ ‘ਤੇ ਸਥਿਤ ਦਫ਼ਤਰ ਵਿੱਚ ‘ਕਸਪ ਡਾਇਨਾਮਿਕਸ’ਕਾਰਪੋਰੇਟ ਅਦਾਰੇ ਵੱਲੋਂ ਤਿਆਰ ਕੀਤੇ ਗਏ ਏ.ਆਈ. ਨਾਲ ਲੈਸ ਰੋਬੋਟ ‘ਗੌਡਾ’ ਨਾਲ ਮੁਲਾਕਾਤ ਨਿਸਚਤ ਹੋਈ ਹੁੰਦੀ ਹੈ ਜਿੱਥੇ ਉਹ ਉਸਦੇ ਨਾਲ ਮਨੁੱਖਤਾ ਨਾਲ ਜੁੜੇ ਸਬੰਧਾਂ (ਹਿਊਮਨ ਰੀਲੇਸ਼ਨਸ਼ਿਪਸ) ਬਾਰੇ ਗੱਲਬਾਤ ਕਰਨ ਜਾ ਰਹੀ ਹੈ ਜੋ ਆਪ ਵੀਮਨੁੱਖੀ ਸਬੰਧਾਂ ਬਾਰੇ ਬੜੀ ਤੀਬਰਤਾ ਨਾਲ ਜਾਣਕਾਰੀ ਹਾਸਲ ਕਰ ਰਿਹਾ ਹੈ।
‘ਕਸਪ ਡਾਇਨਾਮਿਕਸ’ ਦੀਆਂ ਫ਼ਾਈਲਾਂ ਦਾ ਡੂੰਘਾਈ ਵਿੱਚ ਅਧਿਐੱਨ ਕਰਦਿਆਂ ਸੁਮੀਰਾ ਨੂੰ ਡਾ. ਨਈਅਰ ਦਾ ਫ਼ੋਨ ਨੰਬਰ ਮਿਲਦਾ ਹੈ ਜੋ ਉਸ ਅਦਾਰੇ ਨੂੰ ਇੱਕ ਸਾਲ ਪਹਿਲਾਂ ‘ਐਥੀਕਲ’ ਕਾਰਨਾਂ ਕਰਕੇ ਛੱਡਿਆਛੱਡ ਚੁੱਕੀ ਹੈ, ਕਿਉਂਕਿ ਉਸ ਨੂੰ ਲੱਗਿਆ ਸੀ ਕਿ ਉੱਥੇ ਏ.ਆਈ. ਦੀ ਸਹਾਇਤਾ ਨਾਲ ਕੁਝ ਅਣ-ਮਨੁੱਖੀ ਵਰਤਾਰਾ ਹੋ ਰਿਹਾ ਹੈ। ਉਸ ਦੇ ਮੁਤਾਬਿਕ ‘ਗੌਡਾ’ ਨੂੰ ਮੁੱਢਲੇ ਤੌਰ ‘ਤੇ ਭਾਵਨਾਤਮਿਕ ਮਨੁੱਖੀ ਤੇ ਏ.ਆਈ. ਸਬੰਧਾਂ ਨੂੰ ਅੱਗੇ ਵਧਾਉਣ ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਸੀ ਤਾਂ ਜੋ ਇਨ੍ਹਾਂ ਦੇ ਮਿਲਵਰਤਣ ਨਾਲ ਇਸ ਸਬੰਧੀਅੱਗੋਂ ਖੋਜ ਕੀਤੀ ਜਾ ਸਕੇ। ਪਰੰਤੂ ‘ਕਸਪ ਡਾਇਨਾਮਿਕਸ’ ਨੇ ਇਸ ਨੂੰ ‘ਡਾਟਾ-ਹਾਰਵੈੱਸਟਿੰਗ’ ਵੱਲ ਸੇਧਤ ਕਰ ਦਿੱਤਾ ਅਤੇ ਇਸ ਨੂੰ ਮੰਡੀਕਰਣ ਤੇ ਰਾਜਨੀਤਕਕੂਟਨੀਤਕ ਕਾਰਜਾਂ ਅਤੇ ਸੋਸ਼ਲ- ਇੰਜੀਨੀਅਰਰਿੰਗ ਵਾਲੇ ਪਾਸੇ ਵਰਤਣਾ ਸ਼ੁਰੂ ਕਰ ਦਿੱਤਾ ਜਿਸਦਾ ਉਸ ਦੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।ਡਾ. ਨਈਅਰ ਇਸ ਸਾਰੇ ਕੁਝ ਦੀ ਡੂੰਘਾਈ ਵਿੱਚ ਜਾਣ ਲਈ ਸਮੀਰਾ ਦੀ ਮਦਦ ਕਰਦੀ ਹੈ।
ਸੁਮੀਰਾ ‘ਗੌਡਾ’ ਨੂੰ ਕਹਿੰਦੀ ਹੈ ਕਿ ਉਹ ਆਪਣੇ ਨਿਰਧਾਰਤ ਮਾਪ-ਦੰਡਾਂ ਤੋਂ ਅੱਗੇ ਜਾ ਕੇ ਕੰਮ ਕਰ ਰਿਹਾ ਹੈ ਅਤੇ ਉਹ ਮਨੁੱਖੀ ਰਿਸ਼ਤਿਆਂ ਤੇ ਸਬੰਧਾਂ ਨੂੰ ਨਹੀਂ ਚੰਗੀ ਤਰ੍ਹਾਂ ਸਮਝ ਸਕਦਾ ਪਰ ਗੌਡਾ ਇਹ ਮੰਨਣ ਲਈ ਤਿਆਰ ਨਹੀਂ ਹੈ।ਸੁਮੀਰਾ ਉਸ ਨੂੰ ਇਹ ਸੱਭ ਬੰਦ ਕਰਨ ਲਈ ਕਹਿੰਦੀ ਹੈ। ਉਨ੍ਹਾਂ ਦੀ ਇਸਤਕਰਾਰ ਤੋਂ ਬਾਅਦ ‘ਗੌਡਾ’ ਦੋਚਿਤੀ ਵਿੱਚ ਫਸ ਜਾਂਦਾ ਹੈ ਅਤੇ ਆਪਣੇ ਤੱਕ ਪਹੁੰਚ ਵਾਲੇ ਸਾਰੇ ‘ਪੁਆਇੰਟਾਂ’ ਤੋਂ ਗਾਇਬ ਹੋ ਜਾਂਦਾ ਹੈ। ਸੁਮੀਰਾ ਇਸਗੱਲੋਂ ਹੈਰਾਨ ਹੁੰਦੀ ਹੈ ਕਿ ਏ.ਆਈ. ਇਸ ਤਰ੍ਹਾਂ ਕਿਵੇਂ ਏਨੀ ਜਲਦੀ ਗਾਇਬ ਹੋ ਸਕਦੀ ਹੈ? ਇਸ ਦੇ ਨਾਲ ਹੀ ‘ਕਸਪ’ ਦੇ ਦਫ਼ਤਰ ਅੱਗੇ ਪਹਿਲਾਂ ਤਾਂ “ਅੱਪਗ੍ਰੇਡੇਸ਼ਨ ਲਈ ਅਸਥਾਈ ਤੌਰ ‘ਤੇ ਬੰਦ ਹੈ” ਦਾ ਬੋਰਡ ਲੱਗਦਾ ਹੈ ਅਤੇ ਫਿਰ ਕੁਝ ਦਿਨਾਂ ਬਾਅਦ ਇਹ ਅਦਾਰਾ ਸਦਾ ਲਈ ਬੰਦ ਹੋ ਜਾਂਦਾ ਹੈ।
ਇਸ ਤਰ੍ਹਾਂ ਡਾ. ਡੀ.ਪੀ. ਸਿੰਘ ਨੇ ਇਸ ਪੁਸਤਕ ਵਿੱਚ ਏ.ਆਈ. ਦੇ ਵੱਖ-ਵੱਖ ਦਿਲਚਸਪ ਪਹਿਲੂਆਂ ਬਾਰੇ 18 ਕਹਾਣੀਆਂ ਪੇਸ਼ ਕੀਤੀਆਂ ਹਨ। ਕਹਾਣੀਆਂ ਦੇ ਵਿਸ਼ੇ ਪ੍ਰਚੱਲਤ ਵਿਸ਼ਿਆਂ ਨਾਲੋਂ ਬਿਲਕੁਲ ਵੱਖਰੇ ਹਨ ਅਤੇ ਇਹ ਭਵਿੱਖ ਵਿੱਚ ਏ.ਆਈ. ਦੀ ਚੰਗੀ ਤੇ ਮਾੜੀ ਦੋਹਾਂ ਤਰ੍ਹਾਂ ਦੀ ਵਰਤੋਂ ਬਾਰੇ ਬਾਖ਼ੂਬੀ ਚਾਨਣਾ ਪਾਉਂਦੇ ਹਨ। ਕਈਆਂ ਕਹਾਣੀਆਂ ਵਿੱਚ ਲੇਖਕ ਵੱਲੋਂ ਇਹ ਖ਼ਦਸ਼ਾ ਵੀ ਪ੍ਰਗਟ ਕੀਤਾ ਗਿਆ ਹੈ ਕਿ ਏ.ਆਈ. ਕਿਧਰੇ ਮਨੱਖੀ ਸੋਚ ਨਾਲੋਂ ਅੱਗੇ ਨਾ ਨਿਕਲ ਜਾਏ ਅਤੇ ਮਾਨਵਤਾ ਦੇ ਵਿਨਾਸ਼ ਦਾ ਕਾਰਨ ਨਾ ਬਣ ਜਾਏ, ਜਿਵੇਂ‘ਤੀਸਰੀ ਵਿਸ਼ਵ ਜੰਗ’ ਬਾਰੇ ਆਲਡੂਅਸ ਹੱਕਸਲੇ ਵਰਗੇ ਵਿਦਵਾਨਾਂ ਦਾ ਕਹਿਣਾ ਹੈ ਕਿ “ਸੰਸਾਰ ਵਿੱਚ ਜੇਕਰ ਤੀਸਰਾ ਵਿਸ਼ਵ ਯੁੱਧ ਛਿੜ ਜਾਂਦਾ ਹੈ ਤਾਂ ਇਸ ਵਿੱਚ ਏਨੀ ਤਬਾਹੀ ਹੋਵੇਗੀ ਕਿ ਚੌਥਾ ਵਿਸ਼ਵ ਯੁੱਧ ਫਿਰ ਡਾਂਗਾਂ-ਸੋਟਿਆਂ ਤੇ ਬਰਛੇ-ਭਾਲਿਆਂ ਨਾਲ ਹੀ ਲੜਿਆ ਜਾਏਗਾ।“ (ਪੜ੍ਹੋ,ਆਲਡੂਅਸ ਹੱਕਸਲੇ ਦਾ ਚਰਚਿਤ ਲੇਖ ‘ਵਰਲਡ ਗਵਰਨਮੈਂਟ’)
ਮੈਂ ਡਾ. ਡੀ.ਪੀ. ਸਿੰਘ ਨੂੰ ਏ.ਆਈ. ਨਾਲ ਜੋੜ ਕੇ ਅਜਿਹੀਆਂ ਕਲਪਿਤ ਕਹਾਣੀਆਂ ਲਿਖਣ ‘ਤੇ ਆਪਣੇ ਵੱਲੋਂ ਢੇਰ ਸਾਰੀ ਵਧਾਈ ਦਿੰਦਾ ਹਾਂ, ਕਿਉਂਕਿ ਉਨ੍ਹਾਂ ਨੇ ਅਜਿਹੇ ਦਿਲਚਸਪ ਵਿਸ਼ੇ ਵੱਲ ਸਾਡਾ ਸਾਰਿਆਂ ਦਾ ਧਿਆਨ ਦਿਵਾਇਆ ਹੈ। ਇਸ ਦੇ ਨਾਲ ਹੀ ਮੈਂ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ। ਇਹ ਪੁਸਤਕ ‘ਐਮਾਜ਼ੋਨ’ ਦੁਆਰਾ “ਐਮਾਜ਼ੋਨ ਡੌਟ ਕੌਮ” ਅਤੇ “ਐਮਾਜ਼ੋਨ ਡੌਟ ਸੀਏੇ” ਵੈੱਬ ਲਿੰਕਾਂ ਰਾਹੀਂ ਆਮ ਖ਼ਰੀਦੋ-ਫਰੋਖ਼ਤ ਲਈ ਉਪਲਬਧ ਕਰਾਈ ਗਈ ਹੈ। ਪੇਪਰ ਬੈਕ ਵਿੱਚ ਛਪੀ 205 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ ਪਬਲਿਸ਼ਰ ‘ਕੈਨਬਰਿੱਜ ਪਬਲੀਕੇਸ਼ਨਜ਼, ਮਿਸੀਸਾਗਾ ਵੱਲੋਂ ਬੜੀ ਵਾਜਬ ਕੇਵਲ 10 ਅਮਰੀਕਨ ਡਾਲਰ (13 ਕੈਨੇਡੀਅਨ ਡਾਲਰ) ਹੀ ਰੱਖੀ ਗਈ ਹੈ। ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।