Welcome to Canadian Punjabi Post
Follow us on

03

July 2025
 
ਨਜਰਰੀਆ

ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ

July 02, 2025 11:08 PM

ਡਾ. ਸੁਖਦੇਵ ਸਿੰਘ ਝੰਡ

ਫ਼ੋਨ : 647-567-9128

ਲੰਘੇ ਸ਼ੁੱਕਰਵਾਰ 26 ਜੂਨ ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ 'ਸਰਦਾਰ ਜੀ 3' ਭਾਰਤ ਤੋਂ ਬਿਨਾਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਤੇ ਹੋਰ ਕਈ ਦੇਸ਼ਾਂ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ, ਵਿੱਚ ਰੀਲੀਜ਼ ਕੀਤੀ ਗਈ। ਇੱਕ ਖ਼ਬਰ ਅਨੁਸਾਰ ਪਾਕਿਸਤਾਨ ਵਿੱਚ ਇਹ 44 ਸਿਨੇਮਾ-ਘਰਾਂ ਵਿੱਚ ਵਿਖਾਈ ਜਾ ਰਹੀ ਹੈ। ਭਾਰਤ ਵਿੱਚ ਇਸ ਦਾ ਰੇੜਕਾ ਪਿਆ ਹੋਇਆ ਏ ਤੇ ਇਸ ਉੱਪਰ ਫ਼ਿਲਹਾਲ 'ਬੈਨ' ਲੱਗਾ ਹੋਇਆ ਹੈ, ...ਅਖੇ, ਇਸ ਵਿੱਚ ਪਾਕਿਸਤਾਨੀ ਹੀਰੋਇਨ ਹਾਨੀਆ ਆਮਿਰ ਨੂੰ ਕਿਉਂ ਲਿਆ ਗਿਆ ਹੈ ਤੇ ਇਸ ਦਾ ਕੋ-ਪ੍ਰੋਡਿਊਸਰ ਵੀ ਇੱਕ ਪਾਕਿਸਤਾਨੀ ਕਿਉਂ ਹੈ? ਕਈ ਇਸ ਨੂੰ ਪਹਿਲਗਾਮ ਵਿੱਚ ਹੋਈ ਮਾੜੀ ਘਟਨਾ ਨਾਲ ਵੀ ਜੋੜ ਰਹੇ ਹਨ ਜਿਸ ਦੇ 'ਜੁਆਬ' ਵਿੱਚ ਭਾਰਤ ਦੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਕਈ 'ਖ਼ਾਸ ਟਿਕਾਣਿਆਂ' 'ਤੇ ਹਵਾਈ ਹਮਲੇ ਕੀਤੇ ਗਏ।

 

ਪਹਿਲੀ ਗੱਲ, ਇਹ ਫ਼ਿਲਮ ਪਹਿਲਗਾਮ ਦੀ ਘਟਨਾ ਤੋਂ ਬਹੁਤ ਪਹਿਲਾਂ ਦੀ ਬਣੀ ਹੋਈ ਹੈ ਅਤੇ ਇਸ ਦਾ ਉਸ ਘਟਨਾ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਦੂਸਰੀ, ਇਸ ਤੋਂ ਪਹਿਲਾਂ ਕਈ ਫ਼ਿਲਮਾਂ ਭਾਰਤ ਤੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਲੈ ਕੇ ਬਣ ਚੁੱਕੀਆਂ ਅਤੇ ਉਨ੍ਹਾਂ ਉੱਪਰ ਤਾਂ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਫਿਰ ਇਸ ਫ਼ਿਲਮ ਉੱਪਰ ਇਹ ਕਿਉਂ? ਤੀਸਰਾ, ਕੋਈ ਵੀ ਵਿਅੱਕਤੀ ਕਿਸੇ ਵੀ 'ਅਦਾਰੇ' (ਵਿਓਪਾਰ) ਵਿੱਚ ਆਪਣੇ ਪੈਸੇ ਲਗਾ ਸਕਦਾ ਹੈ। ਫਿਰ ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਉੱਪਰ ਇਤਰਾਜ਼ ਕਿਉਂ?

 

ਕਲਾਕਾਰ, ਗੁਲੂਕਾਰ, ਗੀਤਕਾਰ ਤੇ ਸਾਹਿਤਕਾਰ ਤਾਂ ਸੱਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਨੂੰ ਦੇਸ਼ਾਂ, ਕੌਮਾਂ ਜਾਂ ਧਰਮਾਂ ਦੀਆਂ ਵਲਗਣਾਂ ਵਿੱਚ ਕੈਦ ਕਰਨਾ ਬਿਲਕੁਲ ਗ਼ਲਤ ਗੱਲ ਹੈ। ਇਸ ਫ਼ਿਲਮ ਵਿੱਚ ਪਾਕਿਸਤਾਨੀ ਹੀਰੋਇਨ ਹਾਨੀਆ ਆਮਿਰ ਨੇ ਬਾ-ਕਮਾਲ ਕੰਮ ਕੀਤਾ ਹੈ, ਉਹ ਏਨੀ ਵਧੀਆ ਠੇਠ ਪੰਜਾਬੀ ਬੋਲਦੀ ਹੈ ਕਿ ਸਾਡੀਆਂ ਹੀਰੋਇਨਾਂ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਉਸ ਦੀ ਅਦਾਕਾਰੀ ਏਨੀ ਸਹਿਜ ਤੇ ਸੁਹਜ ਭਰਪੂਰ ਹੈ ਕਿ ਸਾਰੀ ਫ਼ਿਲਮ 'ਚ ਉਹ ਕਿਧਰੇ ਵੀ ਓਪਰੀ ਨਹੀਂ ਲੱਗਦੀ। ਦੋ ਕੁ ਪਾਕਿਸਤਾਨੀ ਮਜ਼ਾਹੀਆ ਕਲਾਕਾਰਾਂ ਨੇ ਵੀ ਆਪਣੇ ਰੋਲ ਬਾਖ਼ੂਬੀ ਨਿਭਾਏ ਹਨ ਤੇ ਡੌਨ'ਕਾਲ਼ਾ ਲਾਹੌਰੀਆ' ਦੇ ਰੂਪ ਵਿੱਚ  ਗੁਲਸ਼ਨ ਗਰੋਵਰ ਵੀ ਵਾਹਵਾ ਜੱਚਿਆ ਹੈ।

ਮੈਂ ਉਂਜ ਫ਼ਿਲਮਾਂ ਬਹੁਤ ਹੀ ਘੱਟ ਵੇਖਦਾ ਹਾਂ। ਇੱਥੇ ਕੈਨੇਡਾ ਵਿੱਚ ਪਿਛਲੇ 18-20 ਸਾਲਾਂ ਤੋਂ ਵਿਚਰਦਿਆਂ ਮਸਾਂ 4-5 ਫ਼ਿਲਮਾਂ ਹੀ ਸਿਨੇਮਾ-ਘਰਾਂ ਵਿੱਚ ਵੇਖੀਆਂ ਹੋਣਗੀਆਂ। ਅਲਬੱਤਾ! ਘਰੇ ਬੈਠ ਕੇ ਨੈੱਟਫਲੈੱਕਸ ਜਾਂ ਯੂ-ਟਿਊਬ ‘ਤੇ ਜ਼ਰੂਰ ਕਦੇ-ਕਦੇ ਵੇਖ ਲਈਦੀਆਂ ਹਨ। ਇਹ ਫ਼ਿਲਮ ਅੱਜ ਪਰਿਵਾਰ ਸਮੇਤ ਸਿਨੇਮਾਘਰ ਵਿੱਚ ਇਸ ਕਰਕੇ ਹੀ ਵੇਖੀ ਕਿ ਵੇਖੀਏ ਤਾਂ ਸਹੀ ਕਿ ਇਸ ਵਿੱਚ 'ਬੈਨ' ਕਰਨ ਵਾਲੀ ਕਿਹੜੀ ਗੱਲ ਹੈ ਜਿਸ ਕਰਕੇ ਭਾਰਤ ਵਿੱਚ ਇਸ ਨੂੰ ਵੇਖਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਈ, ਮੈਨੂੰ ਤਾਂ ਇਸ ਵਿੱਚ ਅਜਿਹੀ ਕੋਈ ਗੱਲ ਨਹੀਂ ਲੱਗੀ। ਪੂਰੀ ਦੀ ਪੂਰੀ ਫ਼ਿਲਮ ਮਨੋਰੰਜਨ ਨਾਲ ਭਰਪੂਰ ਹੈ ਅਤੇ ਇਹ ਪਰਿਵਾਰ ਸਮੇਤ ਵੇਖੀ ਜਾ ਸਕਦੀ ਹੈ।

ਭਾਰਤ ਵਿੱਚ ਇਸ ਨੂੰ ਬੈਨ ਕਰਨ ਦੇ ਕੋਈ ਹੋਰ ਗੁੱਝੇ ਕਾਰਨ ਵੀ ਹੋ ਸਕਦੇ ਹਨ ਜਿਨ੍ਹਾਂ ਬਾਰੇ ਘੱਟੋ ਘੱਟ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਹੈ। ਜੇਕਰ ਕਿਸੇ ਨੂੰ ਹੈ ਤਾਂ ਉਹ ਜ਼ਰੂਰ ਇੱਥੇ ਸਾਂਝੀ ਕਰਨ ਦੀ ਖੇਚਲ ਕਰੇ, ਜੀ। ਵੈਸੇ, ਇਹ ਸੁਣਨ 'ਚ ਆਇਆ ਹੈ ਕਿ ਬੌਲੀਵੁੱਡ ਫ਼ਿਲਮ ਨਗਰੀ ਦੇ ਕੁਝ ਕੁ ਸ਼ਖ਼ਸ ਦਿਲਜੀਤ ਦੋਸਾਂਝ ਦੀ ਕਲਾਕਾਰੀ ਤੇ ਇਸ ਖ਼ੇਤਰ ਵਿੱਚ ਉਸ ਦੀ ਚੜ੍ਹਤ ਤੋਂ ਖ਼ਾਰ ਖਾ ਰਹੇ ਨੇ।

ਪਤਾ ਨਹੀਂ ਹੁਣ ਇਹ ਕਿਥੋਂ ਤੀਕ ਸਹੀ ਏ .....

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!