Welcome to Canadian Punjabi Post
Follow us on

14

June 2025
 
ਨਜਰਰੀਆ

ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ

June 09, 2025 08:39 AM

 

ਸੁਖਦੇਵ ਸਿੰਘ ਝੰਡ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵੱਸਦਾ ਸੁਹਿਰਦ ਇਨਸਾਨ ਹੈ ਜੋ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਕ ਹੈ।ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਨੌਕਰੀ ਕਰਦਿਆਂ ਉਸਦਾ ਕਿਤਾਬਾਂ ਨਾਲ਼ ਅਟੁੱਟ ਰਿਸ਼ਤਾ ਬਣ ਗਿਆ ਜੋ ਹੁਣ ਤੱਕ ਨਿਰੰਤਰ ਬਣਿ ਹੈ।ਉਹ ਜੀਵਨ ਦੇ ਵੱਖ-ਵੱਖ ਅਨੁਭਵਾਂ ਨੂੰ ਸ਼ਬਦਾਂ‘ਚ ਸਾਂਭਦਾ ਹੈ, ਪੁਸਤਕਾਂ ਛਪਵਾਉਂਦਾ ਹੈ ਅਤੇ ਦੋਸਤਾਂ ਦੀਆਂ ਕਿਤਾਬਾਂ ਪੜ੍ਹਦਾ ਤੇ ਸਾਰਥਿਕ ਟਿੱਪਣੀਆਂ ਕਰਦਾ ਹੈ।ਇਹ ਉਸਦਾ ਜੀਵਨ ਵਿਹਾਰ ਹੈ।ਸਾਹਿਤਕ ਸਮਾਗਮਾਂ ਦੀ ਵਿਸਥਾਰਤ ਰਿਪੋਰਟ ਲਿਖਣੀ ਤੇ ਵੱਖ-ਵੱਖ ਅਖ਼ਬਾਰਾਂ ਵਿੱਚ ਛਪਵਾਉਣੀ ਉਸਦਾ ਇੱਕ ਹੋਰ ਸਾਹਿਤਕ ਰੁਝੇਵਾਂ ਹੈ।ਉਸਦੀ ਸਵੈ-ਜੀਵਨੀ ‘ਪੱਤੇ ਤੇ ਪ੍ਰਛਾਵੇਂ’ ਅਤੇ ਵਾਰਤਕ ਦੀ ਪੁਸਤਕ ‘ਸਰੋਕਾਰ ਤੇ ਸ਼ਖ਼ਸੀਅਤਾਂ’ ਚਰਚਿਤ ਪੁਸਤਕਾਂ ਹਨ।
ਝੰਡ ਦੀ ਸਵੈ-ਜੀਵਨੀ ਤੋਂ ਬਾਅਦ ਦੀ ਜੀਵਨੀ ਵਿੱਚ ਵੀ ਬੜਾ ਕੁਝ ਸਾਂਭਣਯੋਗ ਵਾਪਰਦਾ ਰਹਿੰਦਾ ਹੈ।ਅਜਿਹਾ ਹੀ ਇੱਕ ਸਬੱਬ ਬਣਦਾ ਹੈ ਜਦ ਉਹ ਪਰਿਵਾਰ ਸਮੇਤ ਦੋ ਹਫ਼ਤਿਆਂ ਦੀ ਪਾਕਿਸਤਾਨ ਦੀ ਯਾਤਰਾ ‘ਤੇ ਜਾਂਦਾ ਹੈ।ਪਾਕਿਸਤਾਨ ਉਸਦੇ ਪੁਰਖਿਆਂ ਦਾ ਦੇਸ ਹੈ।ਇਥੋਂ ਦੀ ਯਾਤਰਾ ਕਰਨੀ ਉਸਦੇ ਜੀਵਨ ਦੀ ਵੱਡੀ ਪ੍ਰਾਪਤੀ ਹੈ।ਦੋ ਹਫ਼ਤਿਆਂ ਦੀ ਇਸ ਯਾਤਰਾ ਦੇ ਅਨੁਭਵ ਉਸਦਾ ਸਫ਼ਰਨਾਮਾ ਪੁਰਖ਼ਿਆਂ ਦਾ ਦੇਸ ਵਿੱਚ ਸਾਂਭੇ ਜਾਂਦੇ ਹਨ।ਇਸ ਪੁਸਤਕ ਨੂੰ ਵਰਿਆਮ ਸਿੰਘ ਸੰਧੂ ਨੇ ਪਥਰਾਏ ਮਨਾਂ ਨੂੰ ਪਿਘਲਾਉਣ ਵਾਲ਼ੀ ਲਿਖਤ ਕਿਹਾ ਹੈ।ਇਹ ਵੰਡ ਦਾ ਦਰਦ ਸਾਂਭੀ ਬੈਠੇ ਲੋਕਾਂ ਦੇ ਹਿਰਦੇ ਦੀ ਚੀਸ ਨੂੰ ਦਰਸਾਉਂਦਾ ਸਫ਼ਰਨਾਮਾ ਹੈ।ਪ੍ਰਿ. ਸ਼ਰਵਣ ਸਿੰਘ ਨੇ ਡਾ. ਝੰਡ ਦੀ ਇਸ ਵਾਰਤਕ ਸ਼ੈਲੀ ਨੂੰ ਸਰਲ ਅਤੇ ਵੇਗਮਤੀ ਕਿਹਾ ਹੈ।ਪ੍ਰਿ. ਸ਼ਰਵਣ ਸਿੰਘ ਮੁਤਾਬਕ ਝੰਡ ਆਪਣੀ ਭਾਸ਼ਾ ਨੂੰ ਤੜਕਾ ਨਹੀਂ ਲਾਉਂਦਾ।ਇਸ ਸਫ਼ਰਨਾਮੇ ਨੇ ਡਾ. ਝੰਡ ਦੀ ਸੰਵੇਦਨਸ਼ੀਲਤਾ ਨੂੰ ਝੰਜੋੜਿਆ ਹੈ ਅਤੇ ਉਸਨੇ ਸਰਹੱਦ ਦੇ ਦੋਵੇਂ ਪਾਸੇ ਵੱਸਦੇ ਸਾਂਝੀ ਬੋਲੀ ਅਤੇ ਸਾਂਝੇ ਸਭਿਆਚਾਰ ਦੇ ਅਵਾਮ ਨੂੰ ਅਮਨ ਨਾਲ਼ ਰਹਿਣ ਦਾ ਹੋਕਾ ਦਿੱਤਾ ਹੈ।
ਦੋ ਹਫ਼ਤਿਆਂ ਦੇ ਇਸ ਸਫ਼ਰਨਾਮੇ ਨੂੰ ਡਾ. ਝੰਡ ਨੇ ਦਿਨਾਂ ਦੇ ਹਿਸਾਬ ਨਾਲ਼ ਅੰਕਿਤ ਕੀਤਾ ਹੈ।ਹਰ ਦਿਨ ਦੀਆਂ ਸਰਗਰਮੀਆਂ ਦਾ ਵਿਸਥਾਰਤ ਜ਼ਿਕਰ ਹੈ।ਮਿਲੇ ਲੋਕਾਂ, ਦੋਸਤਾਂ, ਲੇਖਕਾਂ ਨਾਲ਼ ਬਿਤਾਏ ਛਿਣਾਂ ਦਾ ਸਾਹਿਤਕ ਤੇ ਮਾਨਵੀ ਬਿਰਤਾਂਤ ਹੈ।ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਗੱਲ ਰਹਿ ਨਾ ਜਾਵੇ, ਕੋਈ ਛਿਣ ਛੁੱਟ ਨਾ ਜਾਵੇ।ਇਹ ਪੁਰਖਿਆ ਦਾ ਦੇਸ ਹੈ।ਇਥੋਂ ਦੀ ਜ਼ਿਆਰਤ ਕਰਦਿਆਂ ਪੁਰਖਿਆਂ ਦੀਆਂ ਪੈੜਾਂ ਵੀ ਨਾਲ਼ ਤੁਰਦੀਆਂ ਹਨ।ਵਡੇਰੀ ਉਮਰ ਦੇ ਨਕਸ਼ਾਂ ਵਿੱਚ ਆਪਣੇ ਪੁਰਖਿਆਂ ਦਾ ਝਾਉਲਾ ਪੈਂਦਾ ਹੈ।ਗੁਰੁ ਘਰ ਤਾਂ ਸਾਡੇ ਅੰਦਰ ਵੱਸਦੇ ਅਹਿਸਾਸ ਹਨ।ਪਾਕਿਸਤਾਨ ਵਿਚਲੇ ਇਹਨਾਂ ਧਾਰਮਿਕ ਸਥਾਨਾਂ ਦੀ ਜ਼ਿਆਰਤ ਕਰਦਿਆਂ ਸਾਡੀ ਅਰਦਾਸ ਸਾਕਾਰ ਹੁੰਦੀ ਜਾਪਦੀ ਹੈ।ਇਨ੍ਹਾਂ ਸਥਾਨਾਂ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਡਾ. ਝੰਡ ਹੋਰਾਂ ਬੜੇ ਵਿਸਥਾਰ ਅਤੇ ਸ਼ਰਧਾ ਨਾਲ਼ ਕੀਤਾ ਹੈ।
ਡਾ. ਸੁਖਦੇਵ ਸਿੰਘ ਝੰਡ ਦਾ ਇਹ ਸਫ਼ਰਨਾਮਾ ਖੋਜ-ਕਾਰਜ ਵਰਗਾ ਕੰਮ ਹੈ।ਥਾਵਾਂ ਦੇ ਨਾਂ, ਇਤਿਹਾਸਕ ਮਹੱਤਵ ਦੀ ਪਰਖ ਪੜਚੋਲ ਕਰਕੇ ਤਰਕ ਨਾਲ਼ ਪ੍ਰਾਪਤ ਸੱਚ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਜਿਵੇ ਸ਼ਾਦਮਨ ਚੌਕ ਬਾਰੇ ਲਿਖਿਆ ਹੈ ਕਿ ਇਹ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਮਤਲਬ ਹੈ ‘ਖ਼ੁਸ਼ੀਆਂ ਨਾਲ਼ ਭਰਪੂਰ’।ਭਗਤ ਸਿੰਘ ਦੇ ਪੂਰੋਕਾਰਾਂ ਲਈ ਇਹ ਖ਼ੁਸ਼ੀਆਂ ਵਾਲ਼ੀ ਥਾਂ ਨਹੀਂ ਹੈ।ਇਸ ਲਈ ਚੌਕ ਦਾ ਨਾਂ ਬਦਲ ਕੇ ਭਗਤ ਸਿੰਘ ਚੌਕ ਰੱਖਣ ਦੀ ਮੰਗ ਉੱਠ ਰਹੀ ਹੈ।ਇਸੇ ਤਰ੍ਹਾਂ ਕਸੂਰ ਸ਼ਹਿਰ ਦੇ ਨਾਂ ਕਸੂਰ ਦਾ ਸਬੰਧ ਅਰਬੀ ਫ਼ਾਰਸੀ ਨਾਲ਼ ਜਿਸ ਦੇ ਅਰਥ ਮਹੱਲ ਜਾਂ ਕਿਲ੍ਹਾ ਹਨ। ਸ਼ਾਲੀਮਾਰ ਬਾਗ ਬਾਰੇ ਲਿਖਿਆ ਹੈ ਕਿ ਇਹ ਬਾਗ ਮੁਗਲ ਬਾਦਸ਼ਾਹ ਸ਼ਾਹ ਜਹਾਨ ਵੱਲੋਂ ਤਿਆਰ ਕਰਵਾਇਆ ਗਿਆ।ਇਸ ਦੀ ਉਸਾਰੀ 1641 ਵਿੱਚ ਆਰੰਭ ਹੋਈ ਅਤੇ ਇਹ 1642 ਵਿੱਚ ਪੂਰੀ ਹੋਈ।ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਸਥਿਤ ਇਤਿਹਾਸਕ ਜੰਡ ਬਾਰੇ ਲਿਖਿਆ ਹੈ ਕਿ ਇਥੇ 20 ਫਰਵਰੀ 1921 ਨੂੰ ਹੋਏ ਦਰਦਨਾਕ ਖੂਨੀ ਸਾਕੇ ਵਿੱਚ 150 ਸਿੰਘਾਂ ਨੂੰ ਗੋਲੀਆਂ, ਤਲਵਾਰਾਂ, ਟੋਕਿਆਂ ਤੇ ਟਕੂਇਆਂ ਨਾਲ਼ ਸ਼ਹੀਦ ਕੀਤਾ ਗਿਆ ਸੀ ਅਤੇ ਜੱਥੇ ਦੇ ਮੁਖੀ ਲਛਮਣ ਸਿੰਘ ਧਾਰੋਵਾਲੀ ਸਮੇਤ ਕਈਆਂ ਨੂੰ ਜੰਡ ਨਾਲ਼ ਬੰਨ੍ਹ ਕੇ ਜਿਉਂਦੇ ਸਾੜਿਆ ਗਿਆ ਸੀ।ਤਕਸ਼ਿਲਾ ਸ਼ਹਿਰ ਘੁੰਮਦਿਆਂ ਕਾਂਡ ਵਿੱਚ ‘ਤਕਸ਼ਿਲਾ’ ਤੇ ‘ਤਕਸ਼ਸ਼ਿਲਾ’ ਦਾ ਨਿਖੇੜਾ ਕਰਦਿਆਂ ਲਿਖਿਆ ਹੈ ਕਿ ਤਕਸ਼ਿਲਾ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਵਿੱਚ ਤਕਸ਼ਸ਼ਿਲਾ ਕਿਹਾ ਜਾਂਦਾ ਹੈ।ਇਹ ਪਾਲੀ ਦਾ ਸ਼ਬਦ ਹੈ ਅਤੇ ਹੌਲੀ ਹੌਲੀ ਇਹ ਹੋਰ ਭਾਸ਼ਾਵਾਂ ਵਿੱਚ ਵੀ ਪ੍ਰਚਲਿਤ ਹੋ ਗਿਆ।ਰਮਾਇਣ ਵਿੱਚ ਦਰਜ ਇੱਕ ਹਵਾਲੇ ਅਨੁਸਾਰ ਇਹ ਸ਼ਹਿਰ ਭਗਵਾਨ ਰਾਮ ਦੇ ਛੋਟੇ ਭਰਾ ਭਰਤ ਵੱਲੋਂ ਵਸਾਇਆ ਗਿਆ ਦੀ ਅਤੇ ਇਸ ਦਾ ਨਾਂ ਉਸ ਦੇ ਪੁੱਤਰ ਤਕਸ਼ ਦੇ ਨਾਂ ‘ਤੇ ਰੱਖਿਆ ਗਿਆ ਸੀ।ਤਕਸ਼ਸ਼ਿਲਾ ਪੁਰਾਤਨ ਭਾਰਤ ਵਿੱਚ ਗੰਧਾਰ ਦੇਸ਼ ਦੀ ਰਾਜਧਾਨੀ ਸੀ ਅਤੇ ਓਦੋਂ ਇਹ ਵਿੱਦਿਆ ਦਾ ਮੁੱਖ-ਕੇਂਦਰ ਸੀ।ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਹਵਾਲੇ ਮਿਲਦੇ ਹਨ।
ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਬੇਟੀ ਬੰਬਾ ਸੂਦਰਲੈਂਡ, ਜੋ ਉਮਰ ਦੇ ਆਖਰੀ ਕੁਝ ਵਰ੍ਹੇ ਲਾਹੌਰ ਵਿੱਚ ਰਹੀ, ਦੀ ਕਬਰ ਵੀ ਲਾਹੌਰ ਵਿੱਚ ਹੈ।ਪੁਸਤਕ ਵਿਚੋਂ ਮਿਲ਼ੀ ਜਾਣਕਾਰੀ ਮੁਤਾਬਕ ਮੁਹੰਮਦ ਅਨਵਰ ਹੋਰੀਂ ਜ਼ਹੂਰ ਹੁਸੈਨ ਨਾਲ਼ ਦੋ ਹਫ਼ਤਿਆਂ ਲਈ ਝੰਡ ਹੋਰਾਂ ਦੇ ਪਿੰਡ ਚੋਹਾਨ ਆਏ ਸਨ ਜਿੱਥੇ ਤਬੀਅਤ ਖ਼ਰਾਬ ਹੋਣ ਕਾਰਣ ਉਨ੍ਹਾਂ ਦੀ ਮੌਤ ਹੋ ਗਈ ਸੀ।ਇਸ ਸਫ਼ਰਨਾਮੇ ਦੌਰਾਨ ਬਹੁਤ ਸਾਰੇ ਅਦੀਬਾਂ ਨੇ ਝੰਡ ਪਰਿਵਾਰ ਦਾ ਨਿੱਘਾ ਸੁਆਗਤ ਕੀਤਾ।ਅਹਿਮਦ ਰਜ਼ਾ ਪੰਜਾਬੀ ਦੇ ਨਾਲ਼ ਬਾਬਾ ਨਜਮੀ, ਦੀਪ ਸਈਦਾ, ਤਾਰਿਕ ਜਵਾਲਾ, ਅਫ਼ਜਲ ਸਾਹਿਰ, ਇਕਬਾਲ ਕੈਸਰ, ਏਹਸਾਨ ਬਾਜਵਾ, ਅੰਜੁਮ ਗਿੱਲ ਨਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ ਜੋ ਪਾਕਿਸਤਾਨ ਵਿੱਚ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਸਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਕਾਫੀ ਹੱਦ ਤੱਲ ਕਾਮਯਾਬ ਵੀ ਹੋਏ ਹਨ।
ਅਸੀਂ ਜੋ ਆਪਣੇ ਪੁਰਖਿਆਂ ਦੇ ਦੇਸ ਨਹੀਂ ਜਾ ਸਕੇ, ਇਸ ਪੁਸਤਕ ਨੂੰ ਪੜ੍ਹਦਿਆਂ ਜੇਕਰ ਸਾਰਾ ਪਾਕਿਸਤਾਨ ਨਹੀਂ ਤਾਂ ਘੱਟੋ-ਘੱਟ ਸਾਡੀ ਸਿਮਰਤੀ ‘ਚ ਵੱਸੇ ਥਾਵਾਂ ਦੇ ਦਰਸ਼ਣ ਜਰੂਰ ਕਰ ਲੈਂਦੇ ਹਾਂ।ਵਾਹਗਾ ਬਾਰਡਰ ਤੋਂ ਸ਼ੁਰੂ ਹੋ ਕੇ ਬੁੱਲੇ ਸ਼ਾਹ ਦੀ ਦਰਗਾਹ, ਬੁੱਲੇ ਸ਼ਾਹ ਜਿਸਦੀ ਸ਼ਾਇਰੀ ਸਾਡੇ ਸਿਰ ਚੜ੍ਹ ਬੋਲਦੀ ਹੈ, ਲਾਇਲਪੁਰ ਦਾ ਘੰਟਾ ਘਰ, ਗੁਰੁ ਨਾਨਕ ਦਾ ਜਨਮ ਅਸਥਾਨ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਅਤੇ ਉਥੋਂ ਦੇ ਹੋਰ ਗੁਰਦੁਆਰੇ, ਸ਼ੇਖੂਪੁਰਾ, ਫਾਰੂਕਾਬਾਦ, ਸੱਚਾ ਸੌਦਾ, ਬਸਤੀ ਦਾਨਿਸ਼ਮੰਦਾਂ, ਪੰਜਾ ਸਾਹਿਬ, ਇਸਲਾਮਾਬਾਦ, ਰਾਵਲਪਿੰਡੀ, ਕਰਤਾਰਪੁਰ ਸਾਹਿਬ, ਲਾਹੌਰ ਦਾ ਸ਼ਾਹੀ ਕਿਲ੍ਹਾ, ਸ਼ਾਲੀਮਾਰ ਬਾਗ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਭਗਤ ਸਿੰਘ ਵਾਲ਼ਾ ਸਾਦਮਾਨ ਚੌਕ….।ਸ਼ਾਇਦ ਮੇਰੇ ਕੋਲੋਂ ਕੁਝ ਥਾਵਾਂ ਲਿਖਣੋ ਰਹਿ ਗਈਆਂ ਹੋਣ। ਡਾ ਝੰਡ ਹੋਰਾਂ ਨੇ ਦੋ ਹਫ਼ਤਿਆਂ ਅੰਦਰ ਪੁਰਖਿਆਂ ਦੇ ਦੇਸ ਦਾ ਚੱਪਾ-ਚੱਪਾ ਗਾਹੁਣ ਵੱਲੋਂ ਕੋਈ ਕਸਰ ਨਹੀਂ ਛੱਡੀ।ਉਹਨਾਂ ਨੇ ਉਥੇ ਰੁਕਣ ਵਾਲ਼ੇ ਦਿਨਾਂ ਦੇ ਹਰ ਪਲ ਨੂੰ, ਆਪਣੇ ਪੁਰਖਿਆਂ ਦੇ ਦੇਸ ਨੂੰ ਪੂਰੀ ਰੂਹ ਨਾਲ਼ ਨਿਹਾਰਨ ਅਤੇ ਉਸਦੇ ਅਹਿਸਾਸ ਨੂੰ ਆਪਣੇ ਅੰਦਰ ਜ਼ੀਰਨ ਦਾ ਯਤਨ ਕੀਤਾ ਹੈ।ਇਹਨਾਂ ਵੇਖੀਆਂ ਥਾਵਾਂ, ਦ੍ਰਿਸ਼ਾਂ ਦੇ ਭੁੱਲ-ਵਿਸਰ ਰਹੇ ਇਤਿਹਾਸਕ ਮਹੱਤਵ ਨੂੰ ਸਾਂਭਿਆ ਗਿਆ ਹੈ।ਠਹਿਰ ਦੇ ਇਹਨਾਂ ਦਿਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਉਹਨਾਂ ਕਿੱਧਰੇ ਵੀ ਵਕਤ ਨੂੰ ਬੇਲੋੜੇ ਰੁਝੇਵਿਆਂ ਅੰਦਰ ਖਪਤ ਨਹੀਂ ਕੀਤਾ।ਵੱਖ-ਵੱਖ ਥਾਵਾਂ ਨੂੰ ਸ਼ਬਦਾਂ ਦੇ ਨਾਲ਼-ਨਾਲ਼ ਤਸਵੀਰਾਂ ਅੰਦਰ ਵੀ ਸਾਂਭਿਆ ਹੈ।ਪੁਸਤਕ ਦੇ ਬੱਤੀ ਪੰਨੇ ਸਾਂਭੀ ਬੈਠੀਆਂ ਇਹਨਾਂ ਰੰਗਦਾਰ ਤਸਵੀਰਾਂ ਦਾ ਆਪਣਾ ਮਹੱਤਵ ਹੈ।ਹਾਲਾਂਕਿ ਪੁਸਤਕ ਵਿੱਚ ਏਨੀਆਂ ਰੰਗਦਾਰ ਤਸਵੀਰਾਂ ਛਪਵਾਉਣੀਆਂ ਮਹਿੰਗਾ ਸੌਦਾ ਹੈ।ਪਰ ਇਹ ਪੁਰਖਿਆਂ ਦੇ ਦੇਸ ਦੀਆਂ ਯਾਦਾਂ ਹਨ।ਉਹਨਾਂ ਦੇ ਪਿੰਡ ਚੱਕ ਨੰਬਰ 202 ਗੱਟੀ ਤਲਾਵਾਂ ਦੇ ਚੇਤੇ ਹਨ।
ਇਸ ਪੁਸਤਕ ਵਿੱਚ ਪਰਿਵਾਰ ਦਾ ਇਕੱਠਿਆਂ ਘੁੰਮਣ ਜਾਣ ਦਾ ਵੱਖਰਾ ਆਨੰਦ ਵੀ ਪੜ੍ਹਨ ਨੂੰ ਮਿਲਦਾ ਹੈ।ਰੁਝੇਂਵਿਆਂ ਭਰੀ ਇਸ ਜ਼ਿੰਦਗੀ ਵਿੱਚ ਪਰਿਵਾਰਾਂ ਦਾ ਕੱਠਿਆਂ ਮਿਲ ਬੈਠਣਾ, ਘੁੰਮਣ ਜਾਣਾ, ਕੁਝ ਦਿਨ ਤੇ ਰਾਤਾਂ ਕੱਠਿਆਂ ਬਿਤਾਉਣੀਆਂ ਵੀ ਇੱਕ ਪ੍ਰਾਪਤੀ ਹੈ।ਇਸ ਸਫ਼ਰਨਾਮੇ ਦਾ ਅਹਿਸਾਸ ਇਨ੍ਹਾਂ ਗੱਲਾਂ ਕਰਕੇ ਵੀ ਝੰਡ ਪਰਿਵਾਰ ਤੇ ਹੋਰ ਦੋਸਤਾਂ ਦੇ ਚੇਤਿਆਂ ਵਿੱਚ ਚਿਰ ਤੱਕ ਬਣਿਆਂ ਰਹੇਗਾ।ਇਹ ਪੁਸਤਕ ਦੋ ਮੁਲਕਾਂ ਦੀਆਂ ਸਰਕਾਰਾਂ ਨੂੰ ਕੁੜੱਤਣ ਵਿਸਾਰ ਕੇ ਸਾਂਝ ਦੇ ਮਾਨਵੀ ਉਪਰਾਲੇ ਕਰਨ ਦਾ ਸੰਦੇਸ਼ ਦਿੰਦੀ ਹੈ।ਇਸ ਪੁਸਤਕ ਨੂੰ ਪੜ੍ਹਨਾ ਵੀ ਬਣਦਾ ਹੈ ਅਤੇ ਆਪਣਾ ਵਿਹਾਰ ਬਣਾਉਣ ਦੀ ਵੀ ਲੋੜ ਹੈ।ਡਾ. ਸੁਖਦੇਵ ਸਿੰਘ ਝੰਡ ਹੋਰਾਂ ਨੂੰ ਇਸ ਕਿਰਤ ਲਈ ਮੁਬਾਰਕਾਂ!
ਫੋਨ: +91 9779591344

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ