ਜੰਮੂ, 27 ਅਗਸਤ (ਪੋਸਟ ਬਿਊਰੋ): ਜੰਮੂ ਦੇ ਕਟੜਾ `ਚ ਮਾਤਾ ਸ਼੍ਰੀ ਵੈਸ਼ਨੋ ਦੇਵੀ ਰਸਤੇ `ਤੇ ਬੀਤੇ ਦਿਨ ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ `ਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 31 ਤੱਕ ਪਹੁੰਚ ਗਈ ਹੈ। ਇਹ ਹਾਦਸਾ ਮੰਗਲਵਾਰ ਨੂੰ ਦੁਪਹਿਰ 3 ਵਜੇ ਅਰਧਕੁਮਾਰੀ ਮੰਦਰ ਤੋਂ ਥੋੜ੍ਹੀ ਦੂਰੀ ‘ਤੇ ਇੰਦਰਪ੍ਰਸਥ ਕੰਟੀਨ ਨੇੜੇ ਪੁਰਾਣੇ ਟਰੈਕ ‘ਤੇ ਵਾਪਰਿਆ .
ਕੱਲ੍ਹ ਦੇਰ ਰਾਤ ਤੱਕ 7 ਜਣਿਆਂ ਦੇ ਮਰਨ ਦੀ ਖ਼ਬਰ ਸੀ, ਪਰ ਸਵੇਰੇ ਇਹ ਅੰਕੜਾ ਵਧ ਗਿਆ। ਵੱਡੇ ਪੱਥਰਾਂ, ਦਰੱਖਤਾਂ ਅਤੇ ਮਲਬੇ ਹੇਠ ਦੱਬੇ ਹੋਣ ਕਾਰਨ ਹੋਰ ਨੁਕਸਾਨ ਹੋਇਆ। ਇੱਕ ਚਸ਼ਮਦੀਦਾਂ ਮੁਤਾਬਕ ਵੱਡੇ ਪੱਥਰ ਅਚਾਨਕ ਡਿੱਗਣੇ ਸ਼ੁਰੂ ਹੋ ਗਏ ਅਤੇ ਸਭ ਕੁਝ ਤਬਾਹ ਹੋ ਗਿਆ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ 23 ਤੋਂ ਵੱਧ ਜਣੇ ਜ਼ਖਮੀ ਹਨ ਅਤੇ ਕਈ ਲਾਪਤਾ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਸਮੇਂ ਇਸ ਖੇਤਰ ‘ਚ ਭਾਰੀ ਮੀਂਹ ਕਾਰਨ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਹੈ।
ਮੰਗਲਵਾਰ ਨੂੰ ਜੰਮੂ ਸ਼ਹਿਰ ‘ਚ 24 ਘੰਟਿਆਂ ਤੋਂ ਵੀ ਘੱਟ ਸਮੇਂ ‘ਚ 250 ਮਿਲੀਮੀਟਰ ਤੋਂ ਵੱਧ ਮੀਂਹ ਪਿਆ । ਇਸ ਕਾਰਨ ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਘਰਾਂ ਅਤੇ ਖੇਤਾਂ ‘ਚ ਪਾਣੀ ਭਰ ਗਿਆ ਹੈ।
ਉੱਤਰੀ ਰੇਲਵੇ ਨੇ ਜੰਮੂ-ਕਟੜਾ ਤੋਂ ਚੱਲਣ ਵਾਲੀਆਂ 22 ਰੇਲਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਅੱਜ ਇੱਥੇ ਰੁਕ ਰਹੇ ਹਨ। ਇਸ ਤੋਂ ਇਲਾਵਾ 27 ਰੇਲਗੱਡੀਆਂ ਨੂੰ ਸ਼ੌਰਟ ਟਰਮੀਨੇਟ ਕੀਤਾ ਗਿਆ ਹੈ। ਹਾਲਾਂਕਿ, ਕਟੜਾ-ਸ੍ਰੀਨਗਰ ਵਿਚਕਾਰ ਰੇਲ ਸੇਵਾ ਜਾਰੀ ਹੈ।
ਵੈਸ਼ਣੋ ਦੇਵੀ ਮੰਦਿਰ ਦੇ ਰਸਤੇ `ਤੇ ਸਥਿਤ ਅਰਧਕੁਮਾਰੀ ਗੁਫਾ ਮੰਦਿਰ ‘ਚ ਇੰਦਰਪ੍ਰਸਥ ਕੰਟੀਨ ਦੇ ਨੇੜੇ ਜ਼ਮੀਨ ਖਿਸਕ ਗਈ। ਤ੍ਰਿਕੁਟਾ ਪਹਾੜੀ ‘ਤੇ ਸਥਿਤ ਮੰਦਿਰ ਸੜਕ ਦਾ ਇੱਕ ਵੱਡਾ ਹਿੱਸਾ ਮਲਬੇ ਹੇਠ ਦੱਬ ਗਿਆ ਹੈ। ਇਹ ਖਦਸ਼ਾ ਹੈ ਕਿ ਮਲਬੇ ਹੇਠ ਹੋਰ ਲੋਕ ਦੱਬੇ ਹੋ ਸਕਦੇ ਹਨ। ਫੌਜ ਅਤੇ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁੱਝੇ ਹੋਏ ਹਨ।
ਜੰਮੂ-ਕਸ਼ਮੀਰ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋ ਗਈ ਹੈ। ਜੰਮੂ ‘ਚ ਓਵਰਬ੍ਰਿਜ ਢਹਿ ਗਏ ਹਨ, ਬਿਜਲੀ ਦੀਆਂ ਲਾਈਨਾਂ ਅਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ। ਤਿੰਨ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਜੰਮੂ ਤੋਂ ਰਾਮਬਨ ਤੱਕ ਲਗਭਗ 12 ਥਾਂਵਾਂ `ਤੇ ਜ਼ਮੀਨ ਖਿਸਕਣ ਕਾਰਨ ਬੰਦ ਹੈ। ਚੱਕੀ ਪੁਲ ਪਠਾਨਕੋਟ `ਤੇ ਹੜ੍ਹ ਵਰਗੀ ਸਥਿਤੀ ਕਾਰਨ ਜੰਮੂ, ਊਧਮਪੁਰ, ਕਟੜਾ ਆਉਣ ਵਾਲੀਆਂ 18 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ। ਜੰਮੂ ਤੋਂ ਸ੍ਰੀਨਗਰ ਲਈ ਦੋ ਉਡਾਣਾਂ ਨੂੰ ਵੀ ਰੱਦ ਕਰਨਾ ਪਿਆ।