ਜੋਧਪੁਰ, 27 ਅਗਸਤ (ਪੋਸਟ ਬਿਊਰੋ): 86 ਸਾਲਾ ਆਸਾਰਾਮ ਨੂੰ 30 ਅਗਸਤ ਨੂੰ ਸਵੇਰੇ 10 ਵਜੇ ਤੱਕ ਜੋਧਪੁਰ ਕੇਂਦਰੀ ਜੇਲ੍ਹ `ਚ ਆਤਮ ਸਮਰਪਣ ਕਰਨਾ ਪਵੇਗਾ। ਆਸਾਰਾਮ ਗੁਜਰਾਤ ਅਤੇ ਰਾਜਸਥਾਨ `ਚ ਬਲਾਤਕਾਰ ਦੇ ਮਾਮਲਿਆਂ `ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਜਸਥਾਨ ਹਾਈ ਕੋਰਟ ਨੇ ਅੱਜ (ਬੁੱਧਵਾਰ) ਅੰਤਰਿਮ ਜ਼ਮਾਨਤ ਵਧਾਉਣ ਤੋਂ ਇਨਕਾਰ ਕਰ ਦਿੱਤਾ। ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀ ਮਿਆਦ 29 ਅਗਸਤ ਨੂੰ ਖਤਮ ਹੋ ਰਹੀ ਹੈ।
ਅਦਾਲਤ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਤੋਂ ਪ੍ਰਾਪਤ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਿਵਲ ਹਸਪਤਾਲ (ਅਹਿਮਦਾਬਾਦ) ਦੀ ਮੈਡੀਕਲ ਰਿਪੋਰਟ ਮੁਤਾਬਕ ਆਸਾਰਾਮ ਦੀ ਸਿਹਤ ਇੰਨੀ ਗੰਭੀਰ ਨਹੀਂ ਹੈ ਕਿ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਵਧਾਈ ਜਾਵੇ। ਹਾਲਾਂਕਿ, ਅਦਾਲਤ ਨੇ ਆਸਾਰਾਮ ਨੂੰ ਵ੍ਹੀਲ ਚੇਅਰ ਦੀ ਸਹੂਲਤ ਅਤੇ ਜੇਲ੍ਹ ‘ਚ ਇੱਕ ਸਹਾਇਕ ਦੀ ਉਪਲਬੱਧਤਾ ਦਿੱਤੀ ਹੈ। ਇਸ ਦੇ ਨਾਲ ਹੀ ਜੇਕਰ ਲੋੜ ਹੋਵੇ, ਤਾਂ ਜੋਧਪੁਰ ਏਮਜ਼ `ਚ ਟੈਸਟ ਕੀਤੇ ਜਾ ਸਕਦੇ ਹਨ।
8 ਅਗਸਤ ਨੂੰ ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਨੂੰ ਵਧਾਉਣ ਲਈ ਦਾਇਰ ਅਪੀਲ `ਤੇ ਸੁਣਵਾਈ ਕੀਤੀ। ਇਸ ਤੋਂ ਬਾਅਦ, ਜ਼ਮਾਨਤ 21 ਅਗਸਤ ਤੱਕ ਵਧਾ ਦਿੱਤੀ ਗਈ। ਮਾਮਲੇ ਦੀ ਸੁਣਵਾਈ ਕਰਦੇ ਹੋਏ, ਅਦਾਲਤ ਨੇ ਆਸਾਰਾਮ ਦੁਆਰਾ ਪੇਸ਼ ਕੀਤੀ ਮੈਡੀਕਲ ਰਿਪੋਰਟ ‘ਤੇ ਵਿਚਾਰ ਕੀਤਾ। ਇਹ ਪਾਇਆ ਗਿਆ ਕਿ ਆਸਾਰਾਮ ਦੀ ਸਿਹਤ ਦੀ ਹਾਲਤ ਗੰਭੀਰ ਹੈ। ਆਸਾਰਾਮ ਦਾ ‘ਟ੍ਰੋਪੋਨਿਨ ਲੈਵਲ’ ਬਹੁਤ ਜ਼ਿਆਦਾ ਹੈ, ਜੋ ਦਿਲ ਲਈ ਚਿੰਤਾਜਨਕ ਹੈ।