ਨਵੀਂ ਦਿੱਲੀ, 19 ਅਗਸਤ (ਪੋਸਟ ਬਿਊਰੋ): ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ Axiom-4 ਪੁਲਾੜ ਮਿਸ਼ਨ ਦੇ ਪਾਇਲਟ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਹੁਤ ਲੰਬੀ, ਵਿਸਤ੍ਰਿਤ ਅਤੇ ਦਿਲਚਸਪ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਇਸ ਨਾਲ ਸਬੰਧਤ 10 ਮਿੰਟ ਦਾ ਵੀਡੀਓ ਸਾਂਝਾ ਕੀਤਾ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਯਾਤਰੀ ਸ਼ੁਕਲਾ ਨੂੰ ਕਿਹਾ ਕਿ ਤੁਹਾਡਾ ਤਜ਼ਰਬਾ ਸਾਡੇ ਗਗਨਯਾਨ ਮਿਸ਼ਨ ਲਈ ਕੀਮਤੀ ਹੋਵੇਗਾ। ਸਾਨੂੰ ਭਾਰਤ ਦੇ ਪੁਲਾੜ ਮਿਸ਼ਨਾਂ ਲਈ 40-50 ਪੁਲਾੜ ਯਾਤਰੀਆਂ ਦੇ ਸਮੂਹ ਦੀ ਲੋੜ ਹੈ। ਇਸ ਬਾਰੇ ਸ਼ੁਭਾਂਸ਼ੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਭਾਰਤ ਦੇ ਗਗਨਯਾਨ ਮਿਸ਼ਨ ਵਿੱਚ ਦੁਨੀਆਂ ਭਰ ਵਿੱਚ ਬਹੁਤ ਦਿਲਚਸਪੀ ਹੈ।
ਗੱਲਬਾਤ ਦੌਰਾਨ, ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਪੁਲਾੜ ਸਟੇਸ਼ਨ `ਤੇ ਭੋਜਨ ਇੱਕ ਵੱਡੀ ਚੁਣੌਤੀ ਹੈ, ਘੱਟ ਜਗ੍ਹਾ ਹੈ ਅਤੇ ਸਾਮਾਨ ਮਹਿੰਗਾ ਹੈ। ਤੁਸੀਂ ਹਮੇਸ਼ਾ ਘੱਟ ਤੋਂ ਘੱਟ ਜਗ੍ਹਾ ਵਿੱਚ ਵੱਧ ਤੋਂ ਵੱਧ ਕੈਲੋਰੀ ਅਤੇ ਪੌਸ਼ਟਿਕ ਤੱਤ ਪੈਕ ਕਰਨ ਦੀ ਕੋਸਿ਼ਸ਼ ਕਰਦੇ ਹੋ। ਹਰ ਤਰੀਕੇ ਨਾਲ ਪ੍ਰਯੋਗ ਚੱਲ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਜਿੱਥੇ ਵੀ ਗਿਆ, ਜਿਸ ਕਿਸੇ ਨੂੰ ਵੀ ਮਿਲਿਆ, ਹਰ ਕੋਈ ਮੈਨੂੰ ਮਿਲ ਕੇ ਬਹੁਤ ਖੁਸ਼ ਸੀ, ਬਹੁਤ ਉਤਸ਼ਾਹਿਤ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਹਰ ਕੋਈ ਜਾਣਦਾ ਸੀ ਕਿ ਭਾਰਤ ਪੁਲਾੜ ਦੇ ਖੇਤਰ ਵਿੱਚ ਕੀ ਕਰ ਰਿਹਾ ਹੈ। ਹਰ ਕੋਈ ਇਸ ਬਾਰੇ ਜਾਣਦਾ ਸੀ ਅਤੇ ਬਹੁਤ ਸਾਰੇ ਲੋਕ ਸਨ ਜੋ ਮੇਰੇ ਨਾਲੋਂ ਗਗਨਯਾਨ ਬਾਰੇ ਜਿ਼ਆਦਾ ਉਤਸ਼ਾਹਿਤ ਸਨ, ਜੋ ਆ ਕੇ ਮੈਨੂੰ ਪੁੱਛ ਰਹੇ ਸਨ ਕਿ ਤੁਹਾਡਾ ਮਿਸ਼ਨ ਕਦੋਂ ਸ਼ੁਰੂ ਹੋ ਰਿਹਾ ਹੈ।