ਪਟਨਾ, 27 ਅਗਸਤ (ਪੋਸਟ ਬਿਊਰੋ): ਪਟਨਾ ਵਿਚ ਸੜਕ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਆਏ ਬਿਹਾਰ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ `ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ ਹੈ। ਜਿ਼ਕਰਯੋਗ ਹੈ ਕਿ ਸ਼ਨੀਵਾਰ ਸਵੇਰੇ ਪਟਨਾ ਦੇ ਸ਼ਾਹਜਹਾਂਪੁਰ ਥਾਣਾ ਖੇਤਰ ਦੇ ਸਿੱਕਰੀਆਵਾ ਹਾਲਟ ਨੇੜੇ ਇੱਕ ਟਰੱਕ ਅਤੇ ਆਟੋ ਵਿਚਾਲੇ ਹੋਈ ਟੱਕਰ `ਚ 9 ਜਣਿਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਨਾਲੰਦਾ ਜਿ਼ਲ੍ਹੇ ਦੇ ਹਿਲਸਾ ਥਾਣਾ ਖੇਤਰ ਦੇ ਮਲਾਵਾ ਪਿੰਡ ਦੇ ਰਹਿਣ ਵਾਲੇ ਸਨ। ਬੁੱਧਵਾਰ ਨੂੰ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਅਤੇ ਹਿਲਸਾ ਦੇ ਵਿਧਾਇਕ ਕ੍ਰਿਸ਼ਨਾ ਮੁਰਾਰੀ ਉਰਫ਼ ਪ੍ਰੇਮ ਮੁਖੀਆ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਪਿੰਡ ਪਹੁੰਚੇ।
ਦੋਵੇਂ ਆਗੂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮਿਲੇ ਅਤੇ ਵਾਪਿਸ ਪਰਤਣ ਲੱਗੇ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੁਝ ਸਮਾਂ ਹੋਰ ਪਿੰਡ `ਚ ਰਹਿਣ ਦੀ ਬੇਨਤੀ ਕੀਤੀ, ਪਰ ਮੰਤਰੀ ਨੇ ਕਿਹਾ ਕਿ ਉਹ ਸਾਰੇ ਪਰਿਵਾਰਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਅਗਲੇ ਪ੍ਰੋਗਰਾਮ `ਚ ਸ਼ਾਮਿਲ ਹੋਣਾ ਹੈ। ਇਸ `ਤੇ ਭੀੜ ਗੁੱਸੇ `ਚ ਆ ਗਈ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਹਾਦਸੇ ਵਾਲੇ ਦਿਨ ਵਿਧਾਇਕ ਦੇ ਨਿਰਦੇਸ਼ਾਂ `ਤੇ ਹੀ ਸੜਕ ਜਾਮ ਹਟਾਇਆ ਸੀ, ਪਰ ਅੱਜ ਤੱਕ ਉਨ੍ਹਾਂ ਨੂੰ ਸਹੀ ਮੁਆਵਜ਼ਾ ਨਹੀਂ ਮਿਲਿਆ ਹੈ। ਗੁੱਸੇ `ਚ ਆਏ ਲੋਕਾਂ ਨੇ ਅਚਾਨਕ ਡੰਡੇ ਕੱਢ ਕੇ ਮੰਤਰੀ ਅਤੇ ਵਿਧਾਇਕ `ਤੇ ਹਮਲਾ ਕਰ ਦਿੱਤਾ। ਜਦੋਂ ਸਥਿਤੀ ਵਿਗੜ ਗਈ ਤਾਂ ਦੋਵੇਂ ਆਗੂ ਕਿਸੇ ਤਰ੍ਹਾਂ ਪਿੰਡ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਭੱਜ ਕੇ ਆਪਣੀ ਜਾਨ ਬਚਾਉਣ `ਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ `ਚ ਪੁਲਿਸ ਫੋਰਸ ਮੌਕੇ `ਤੇ ਪਹੁੰਚ ਗਈ ਅਤੇ ਗੁੱਸੇ `ਚ ਆਏ ਪਿੰਡ ਵਾਸੀਆਂ ਨੂੰ ਸ਼ਾਂਤ ਕਰਨਾ ਸ਼ੁਰੂ ਕਰ ਦਿੱਤਾ।