ਨਵੀਂ ਦਿੱਲੀ, 14 ਜੁਲਾਈ (ਪੋਸਟ ਬਿਊਰੋ): ਭਾਰਤ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਸਟਾਰ 35 ਸਾਲਾ ਸਾਇਨਾ ਨੇਹਵਾਲ ਅਤੇ ਉਨ੍ਹਾਂ ਦੇ ਪਤੀ 38 ਸਾਲਾ ਪਾਰੂਪੱਲੀ ਕਸ਼ਯਪ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਸਾਇਨਾ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕੀਤੀ ਜਿਸਨੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ।
ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੇ ਇੰਸਟਾਗ੍ਰਾਮ `ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਜਿ਼ੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ‘ਚ ਲੈ ਜਾਂਦੀ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ, ਮੈਂ ਅਤੇ ਕਸ਼ਯਪ ਪਾਰੂਪੱਲੀ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਅਤੇ ਇੱਕ ਦੂਜੇ ਲਈ ਸ਼ਾਂਤੀ, ਵਿਕਾਸ ਅਤੇ ਉਪਚਾਰ ਦੀ ਚੋਣ ਕਰ ਰਹੇ ਹਾਂ।
ਉਨ੍ਹਾਂ ਲਿਖਿਆ ਕਿ ਮੈਂ ਤੇ ਤੁਸੀਂ ਉਨ੍ਹਾਂ ਯਾਦਾਂ ਲਈ ਧੰਨਵਾਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਸਮੇਂ ਦੌਰਾਨ ਸਾਡੀ ਨਿੱਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ।
ਜਿ਼ਕਰਯੋਗ ਹੈ ਕਿ ਸਾਇਨਾ ਅਤੇ ਸਾਬਕਾ ਸ਼ਟਲਰ ਕਸ਼ਯਪ ਦਾ ਵਿਆਹ ਦਸੰਬਰ 2018 `ਚ ਹੋਇਆ ਸੀ। ਦੋਨਾਂ ਨੇ ਲਗਭਗ 10 ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਆਪਣੇ ਪਿਆਰ ਨੂੰ ਸਾਰਿਆਂ ਤੋਂ ਲੁਕਾ ਕੇ ਰੱਖਿਆ। ਫਿਰ ਦੋਨਾਂ ਨੇ ਨਿਰਧਾਰਤ ਮਿਤੀ ਤੋਂ ਦੋ ਦਿਨ ਪਹਿਲਾਂ ਵਿਆਹ ਕਰਵਾ ਲਿਆ। ਇਨਾ ਪਿਆਰ ਹੋਣ ਦੇ ਬਾਵਜੂਦ, ਦੋਵਾਂ ਨੇ ਅਚਾਨਕ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਦੋਵਾਂ ‘ਚੋਂ ਕਿਸੇ ਨੇ ਵੀ ਇਸਦਾ ਕਾਰਨ ਨਹੀਂ ਦੱਸਿਆ, ਪਰ ਇਹ ਖੇਡ ਜਗਤ ਲਈ ਹੈਰਾਨ ਕਰਨ ਵਾਲੀ ਖ਼ਬਰ ਹੈ। ਦੋਵੇਂ ਹੈਦਰਾਬਾਦ ਤੋਂ ਹਨ। ਉਸ ਸਮੇਂ, ਸਾਇਨਾ ਅਤੇ ਕਸ਼ਯਪ ਦੋਨਾਂ ਨੂੰ ਦੇਸ਼ ਦੇ ਸਭ ਤੋਂ ਵਧੀਆ ਬੈਡਮਿੰਟਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।