ਬਰਮਿੰਘਮ, 6 ਜੁਲਾਈ (ਪੋਸਟ ਬਿਊਰੋ): ਭਾਰਤੀ ਟੀਮ ਦੇ ਕਪਤਾਨ ਸ਼ੁੁਭਮਨ ਗਿੱਲ ਦੇ ਦੋਵੇਂ ਪਾਰੀਆਂ ’ਚ ਸੈਂਕੜਿਆਂ ਮਗਰੋਂ ਮੁਹੰਮਦ ਸਿਰਾਜ ਤੇ ਅਕਾਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਐਂਡਰਸਨ-ਤੇਂਦੁਲਕਰ ਟਰਾਫੀ ਦੇ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾ ਦਿੱਤਾ। ਜਿੱਤ ਲਈ 608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ 271 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ ’ਚ 1-1 ਨਾਲ ਬਰਾਬਰੀ ਹੋ ਗਈ ਹੈ। ਟੈਸਟ ਮੈਚ ’ਚ ਤੇਜ਼ ਗੇਂਦਬਾਜ਼ ਅਕਾਸ਼ਦੀਪ ਨੇ 10 ਵਿਕਟਾਂ, ਜਦਕਿ ਮੁਹੰਮਦ ਸਿਰਾਜ ਨੇ ਸੱਤ ਵਿਕਟਾਂ ਲਈਆਂ। ਦੱਸਣਯੋਗ ਹੈ ਭਾਰਤ ਨੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਸ ਮੈਚ ’ਚ ਆਰਾਮ ਦਿੱਤਾ ਸੀ ਅਤੇ ਉਸ ਦੀ ਗ਼ੈਰਮੌਜੂਦਗੀ ’ਤੇ ਅਕਾਸ਼ਦੀਪ ਤੇ ਸਿਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਦੋਵਾਂ ਗੇਂਦਬਾਜ਼ਾਂ ਨੇ ਦੋਵਾਂ ਪਾਰੀਆਂ ਵਿਰੋਧੀ ਟੀਮ ਦੀਆਂ 17 ਵਿਕਟਾਂ ਝਟਕਾਈਆਂ। ਐਜਬਾਸਟਨ ਵਿੱਚ ਭਾਰਤ ਦੀ ਇਹ ਪਹਿਲੀ ਜਿੱਤ ਹੈ। ਲੜੀ ਦਾ ਤੀਜਾ ਟੈਸਟ ਮੈਚ 10 ਜੁਲਾਈ ਤੋਂ ਲੰਡਨ ’ਚ ਹੋਵੇਗਾ।
ਭਾਰਤ ਨੇ ਪਹਿਲੀ ਪਾਰੀ ’ਚ ਕਪਤਾਨ ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ (269 ਦੌੜਾਂ) ਅਤੇ ਉਪ ਕਪਤਾਨ ਰਿਸ਼ਭ ਪੰਤ (87 ਦੌੜਾਂ) ਤੇ ਰਵਿੰਦਰ ਜਡੇਜਾ (89 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 587/7 ਦਾ ਸਕੋਰ ਬਣਾਇਆ ਸੀ। ਜਦਕਿ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ ਹੈਰੀ ਬਰੁੱਕ (158 ਦੌੜਾਂ) ਤੇ ਜੈਮੀ ਸਮਿਥ (184 ਦੌੜਾਂ) ਦੇ ਸੈਂਕੜਿਆਂ ਦੇ ਬਾਵਜੂਦ 407 ਦੌੜਾਂ ’ਤੇ ਆਊਟ ਹੋ ਗਈ ਸੀ ਤੇ ਭਾਰਤ ਨੇ 180 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਭਾਰਤ ਨੇ ਦੂਜੀ ਪਾਰੀ ਸ਼ੁਭਮਨ ਗਿੱਲ ਦੇ ਸੈਂਕੜੇ (161 ਦੌੜਾਂ) ਤੇ ਪੰਤ ਤੇ ਜਡੇਜਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਛੇ ਵਿਕਟਾਂ ਗੁਆ ਕੇ 427 ਦੌੜਾਂ ਬਣਾਉਂਦਿਆਂ ਇੰਗਲੈਂਡ ਨੂੰ ਜਿੱਤ ਲਈ 608 ਦੌੜਾਂ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਮੈਚ ਦੇ ਆਖਰੀ ਦਿਨ 271 ਦੌੜਾਂ ’ਤੇ ਆਊਟ ਹੋ ਗਈ। ਟੀਮ ਵੱਲੋਂ ਦੂਜੀ ਪਾਰੀ ’ਚ ਜੈਮੀ ਸਮਿਥ ਨੇ ਸਭ ਤੋਂ ਵੱਧ 88 ਦੌੜਾਂ ਬਣਾਈਆਂ।