ਮੁੰਬਈ, 29 ਜੂਨ (ਪੋਸਟ ਬਿਊਰੋ): ਏਅਰ ਇੰਡੀਆ ਦੀ ਮੁੰਬਈ ਤੋਂ ਚੇਨੱਈ ਜਾਣ ਵਾਲੀ ਫਲਾਈਟ ਉਡਾਨ ਭਰਨ ਤੋਂ ਬਾਅਦ ਮੁੰਬਈ ਵਾਪਿਸ ਆ ਗਈ। ਇਸ ਉਡਾਨ ਦੇ ਕੈਬਿਨ ਦੇ ਅੰਦਰ ਸੜਨ ਦੀ ਬਦਬੂ ਆ ਰਹੀ ਸੀ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਜਦੋਂ ਫਲਾਈਟ 639 ਚੇਨੱਈ ਜਾ ਰਹੀ ਸੀ। ਉਡਾਣ ਭਰਨ ਤੋਂ ਬਾਅਦ, ਕੈਬਿਨ ਵਿੱਚ ਸੜਨ ਦੀ ਬਦਬੂ ਆਈ, ਜਿਸ ਤੋਂ ਬਾਅਦ ਅਮਲੇ ਨੇ ਸਾਵਧਾਨੀ ਵਜੋਂ ਇਸ ਉਡਾਨ ਨੂੰ ਮੁੰਬਈ ਵਾਪਿਸ ਲੈ ਲਿਆ।
ਬੁਲਾਰੇ ਨੇ ਕਿਹਾ ਕਿ ਇਹ ਉਡਾਣ ਸੁਰੱਖਿਅਤ ਮੁੰਬਈ ਹਵਾਈ ਅੱਡੇ `ਤੇ ਪਹੁੰਚ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਬਦਲ ਦਿੱਤਾ ਗਿਆ। ਜ਼ਮੀਨੀ ਸਟਾਫ ਨੇ ਯਾਤਰੀਆਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ।
ਏਅਰ ਇੰਡੀਆ ਦੀ ਇੱਕ ਹੋਰ ਉਡਾਨ ਵਿੱਚ ਸੁਰੱਖਿਆ ਚਿਤਾਵਨੀ ਆਈ। ਇਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਇਸਨੂੰ ਅਗਲੀ ਉਡਾਨ ਲਈ ਭੇਜਿਆ ਗਿਆ। ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਉਡਾਨ ਕਿੱਥੋਂ ਜਾ ਰਹੀ ਸੀ।
ਬੁਲਾਰੇ ਨੇ ਕਿਹਾ ਕਿ ਦਿੱਲੀ ਤੋਂ ਜੰਮੂ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੂੰ ਉਡਾਨ ਦੇ ਵਿਚਕਾਰ ਵਾਪਿਸ ਜਾਣਾ ਪਿਆ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਏਅਰਬੱਸ 320 ਨੂੰ ਸਵੇਰੇ 10:40 ਵਜੇ ਉਡਾਨ ਭਰਨੀ ਸੀ ਪਰ ਇਸਨੇ ਸਵੇਰੇ 11:04 ਵਜੇ ਉਡਾਨ ਭਰੀ। ਉਡਾਨ ਦੌਰਾਨ ਇੱਕ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ ਅਤੇ ਉਡਾਨ ਨੂੰ ਵਾਪਿਸ ਦਿੱਲੀ ਮੋੜ ਦਿੱਤਾ ਗਿਆ। ਯਾਤਰੀਆਂ ਨੂੰ ਛੱਡਣ ਲਈ ਇੱਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।