ਗਾਂਧੀਨਗਰ, 21 ਮਈ (ਪੋਸਟ ਬਿਊਰੋ): ਪਿਛਲੇ ਪੰਜ ਸਾਲਾਂ `ਚ ਗੁਜਰਾਤ `ਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਮਈ 2024 `ਚ ਕੀਤੀ ਗਈ ਤਾਜ਼ਾ ਸ਼ੇਰ ਗਣਨਾ ਦੇ ਮੁਤਾਬਕ ਗੁਜਰਾਤ `ਚ ਸ਼ੇਰਾਂ ਦੀ ਗਿਣਤੀ ਹੁਣ 891 ਹੋ ਗਈ ਹੈ, ਜੋਕਿ 2020 `ਚ 674 ਸਨ। ਇਸਦਾ ਮਤਲਬ ਹੈ ਕਿ ਸ਼ੇਰਾਂ ਦੀ ਗਿਣਤੀ ‘ਚ 217 ਦਾ ਵਾਧਾ ਹੋਇਆ ਹੈ।
ਇਸ ਸੰਬੰਧੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਸ਼ੇਰ ਸਿਰਫ਼ ਗਿਰ ਦੇ ਜੰਗਲਾਂ ਤੱਕ ਸੀਮਤ ਨਹੀਂ ਹਨ ਸਗੋਂ ਪੂਰੇ ਸੌਰਾਸ਼ਟਰ ਖੇਤਰ ਦੇ 11 ਜ਼ਿਲ੍ਹਿਆਂ ‘ਚ ਫੈਲੇ ਹੋਏ ਹਨ, ਜਿਸ ‘ਚ ਜੰਗਲਾਂ ਦੇ ਨਾਲ-ਨਾਲ ਤੱਟਵਰਤੀ ਅਤੇ ਗੈਰ-ਜੰਗਲਾਤ ਖੇਤਰ ਵੀ ਸ਼ਾਮਲ ਹਨ।
ਅੰਕੜਿਆਂ ਅਨੁਸਾਰ ਕੁੱਲ ਸ਼ੇਰ 891, 2020 `ਚ ਸ਼ੇਰਾਂ ਦੀ ਗਿਣਤੀ 674, ਵਾਧਾ 217, ਨਰ ਸ਼ੇਰ: 196, ਮਾਦਾ ਸ਼ੇਰਨੀਆਂ: 330, ਯੁਵਾ ਸ਼ੇਰ: 140, ਬੱਚੇ: 225 ਹਨ।
ਗੁਜਰਾਤ ਜੰਗਲਾਤ ਵਿਭਾਗ ਦੇ ਮੁਖੀ, ਮੁੱਖ ਰੱਖਿਅਕ ਜੈਪਾਲ ਸਿੰਘ ਨੇ ਕਿਹਾ ਕਿ ਗਿਰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈਂਕਚੂਰੀ `ਚ 384 ਸ਼ੇਰ ਪਾਏ ਗਏ, ਜਦੋਂਕਿ ਪਾਰਕ ਦੇ ਬਾਹਰਲੇ ਖੇਤਰਾਂ `ਚ 507 ਸ਼ੇਰਾਂ ਦੀ ਗਿਣਤੀ ਕੀਤੀ ਗਈ। ਇਸਦਾ ਮਤਲਬ ਹੈ ਕਿ ਹੁਣ ਗਿਰ ਦੇ ਬਾਹਰ ਸ਼ੇਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਇਹ 16ਵੀਂ ਏਸ਼ੀਆਈ ਸ਼ੇਰ ਗਣਨਾ ਸੀ। ਇਹ 10 ਤੋਂ 13 ਮਈ ਦੇ ਵਿਚਕਾਰ ਕੀਤਾ ਗਿਆ ਸੀ। ਇਸਦਾ ਖੇਤਰਫਲ 35,000 ਵਰਗ ਕਿਲੋਮੀਟਰ ਸੀ, ਜਿਸ ‘ਚ 11 ਜਿ਼ਲ੍ਹਿਆਂ ਦੇ 58 ਤਾਲੁਕਾ ਸ਼ਾਮਲ ਸਨ। ਲਗਭਗ 3,000 ਵਲੰਟੀਅਰਾਂ ਨੇ ਹਿੱਸਾ ਲਿਆ ਜਿਸ ‘ਚ ਜੰਗਲਾਤ ਵਿਭਾਗ ਦੇ ਅਧਿਕਾਰੀ, ਜ਼ੋਨਲ ਇੰਚਾਰਜ, ਗਿਣਤੀਕਾਰ ਅਤੇ ਇੰਸਪੈਕਟਰ ਸ਼ਾਮਿਲ ਸਨ।