ਇਸਲਾਮਾਬਾਦ, 21 ਮਈ (ਪੋਸਟ ਬਿਊਰੋ): ਪਾਕਿਸਤਾਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਿੰਧ ਦੇ ਗ੍ਰਹਿ ਮੰਤਰੀ ਜਿ਼ਆਉਲ ਹਸਨ ਲੰਜਰ ਦਾ ਘਰ ਸਾੜ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਘਰ ਦੀ ਸੁਰੱਖਿਆ ਲਈ ਤਾਇਨਾਤ ਗਾਰਡਾਂ ਦੀ ਵੀ ਕੁੱਟਮਾਰ ਕੀਤੀ।
ਜਾਣਕਾਰੀ ਅਨੁਸਾਰ, ਮੰਗਲਵਾਰ ਨੂੰ ਸਿੰਧ ਦੇ ਨੌਸ਼ੇਹਰੋ ਫਿਰੋਜ਼ ਜਿ਼ਲ੍ਹੇ ਵਿੱਚ ਪੁਲਿਸ ਅਤੇ ਇੱਕ ਰਾਸ਼ਟਰਵਾਦੀ ਸੰਗਠਨ ਦੇ ਵਰਕਰਾਂ ਵਿਚਕਾਰ ਝੜਪ ਹੋਈ। ਇਸ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋਨਾਂ ਪਾਸਿਆਂ ਦੇ ਕਈ ਲੋਕ ਜ਼ਖਮੀ ਵੀ ਹੋਏ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਜ਼ਮੀਨ ਅਤੇ ਪਾਣੀ ਖੋਹ ਕੇ ਨਿੱਜੀ ਕੰਪਨੀਆਂ ਨੂੰ ਦੇ ਰਹੀ ਹੈ। ਜਦੋਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ 'ਤੇ ਧਰਨੇ 'ਤੇ ਬੈਠਣ ਦੀ ਕੋਸਿ਼ਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬਲ ਦੀ ਵਰਤੋਂ ਕੀਤੀ।
ਇਸ ਤੋਂ ਗੁੱਸੇ ਵਿੱਚ ਲੋਕਾਂ ਨੇ ਸਿੰਧ ਦੇ ਗ੍ਰਹਿ ਮੰਤਰੀ ਦੇ ਘਰ 'ਤੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕੁਝ ਟਰੱਕ ਲੁੱਟ ਲਏ ਅਤੇ ਉਨ੍ਹਾਂ ਵਿੱਚੋਂ ਤਿੰਨ ਨੂੰ ਅੱਗ ਲਗਾ ਦਿੱਤੀ, ਜਿਸ ਵਿੱਚ ਇੱਕ ਤੇਲ ਟੈਂਕਰ ਵੀ ਸ਼ਾਮਿਲ ਹੈ।
ਪਾਕਿਸਤਾਨ ਸਰਕਾਰ ਚੋਲਿਸਤਾਨ ਵਿੱਚ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਿੰਧ ਨਦੀ 'ਤੇ ਛੇ ਨਹਿਰਾਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਮੁੱਦੇ 'ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਵਿਚਕਾਰ ਵੀ ਤਣਾਅ ਵਧ ਰਿਹਾ ਹੈ।