ਵਾਸਿ਼ੰਗਟਨ, 20 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੇਕ ਇਟ ਡਾਊਨ ਐਕਟ 'ਤੇ ਦਸਤਖਤ ਕੀਤੇ। ਇਸ ਨਾਲ ਹੁਣ ਕਿਸੇ ਦੀਆਂ ਨਿੱਜੀ ਫੋਟੋਆਂ ਜਾਂ ਵੀਡੀਓਜ਼ ਨੂੰ ਬਿਨ੍ਹਾਂ ਸਹਿਮਤੀ ਦੇ ਆਨਲਾਈਨ ਸਾਂਝਾ ਕਰਨਾ ਅਪਰਾਧ ਬਣ ਗਿਆ ਹੈ।
ਇਸ ਕਾਨੂੰਨ ਨੂੰ ਰਿਵੇਂਜ ਪੋਰਨ ਅਤੇ ਏਆਈ ਦੁਆਰਾ ਤਿਆਰ ਕੀਤੀਆਂ ਗਈਆਂ ਡੀਪਫੇਕ ਤਸਵੀਰਾਂ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦਾ ਗਿਆ ਹੈ। ਇਸ ਕਾਨੂੰਨ ਤਹਿਤ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਕਿਸੇ ਦੀਆਂ ਨਿੱਜੀ ਫੋਟੋਆਂ ਜਾਂ ਵੀਡੀਓਜ਼ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨ੍ਹਾਂ ਸਾਂਝਾ ਕਰਦਾ ਹੈ, ਤਾਂ ਇਸਨੂੰ ਅਪਰਾਧ ਮੰਨਿਆ ਜਾਵੇਗਾ। ਨਾਲ ਹੀ, ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੈੱਬਸਾਈਟਾਂ ਨੂੰ 48 ਘੰਟਿਆਂ ਦੇ ਅੰਦਰ ਅਜਿਹੀ ਸਮੱਗਰੀ ਨੂੰ ਹਟਾਉਣਾ ਹੋਵੇਗਾ ਅਤੇ ਇਸਦੀ ਡੁਪਲੀਕੇਟ ਕਾਪੀ ਨੂੰ ਵੀ ਲੱਭਕੇ ਹਟਾਉਣਾ ਹੋਵੇਗਾ।
ਫ੍ਰਸਟ ਲੇਡੀ ਮੇਲਾਨੀਆ ਟਰੰਪ ਨੇ ਇਸ ਕਾਨੂੰਨ ਨੂੰ ਪਾਸ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਾਰਚ ਵਿੱਚ, ਉਹ ਕਾਂਗਰਸ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਕਾਨੂੰਨ ਦੇ ਹੱਕ ਵਿੱਚ ਲਾਬਿੰਗ ਕੀਤੀ। ਬਿੱਲ ਨੂੰ ਸੈਨੇਟ ਅਤੇ ਸਦਨ ਦੋਨਾਂ ਵਿੱਚ ਭਾਰੀ ਬਹੁਮਤ ਦੁਆਰਾ ਸਮਰਥਨ ਦਿੱਤਾ ਗਿਆ।