ਢਾਕਾ, 19 ਮਈ (ਪੋਸਟ ਬਿਊਰੋ): ਸ਼ੇਖ ਮੁਜੀਬੁਰ ਰਹਿਮਾਨ ਦੀ ਬਾਇਓਪਿਕ 'ਮੁਜੀਬ: ਦ ਮੇਕਿੰਗ ਆਫ਼ ਏ ਨੇਸ਼ਨ' ਵਿੱਚ ਸ਼ੇਖ ਹਸੀਨਾ ਦੀ ਭੂਮਿਕਾ ਨਿਭਾਉਣ ਵਾਲੀ ਬੰਗਲਾਦੇਸ਼ੀ ਅਦਾਕਾਰਾ ਨੁਸਰਤ ਫਾਰੀਆ ਨੂੰ ਐਤਵਾਰ ਸ਼ਾਮ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਦਾਕਾਰਾ ਦਾ ਨਾਮ ਕਤਲ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ।
ਢਾਕਾ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ, ਨੁਸਰਤ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਵਾਟਰ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਢਾਕਾ ਮੈਟਰੋਪੋਲੀਟਨ ਪੁਲਿਸ ਦੀ ਡਿਟੈਕਟਿਵ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ।
ਨੁਸਰਤ ਫਾਰੀਆ ਢਾਕਾ ਤੋਂ ਥਾਈਲੈਂਡ ਜਾਣ ਵਾਲੀ ਸੀ ਜਦੋਂ ਉਸਨੂੰ ਹਵਾਈ ਅੱਡੇ ਦੇ ਇੰਮੀਗ੍ਰੇਸ਼ਨ ਚੈੱਕ ਪੁਆਇੰਟ 'ਤੇ ਰੋਕਿਆ ਗਿਆ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਅਦਾਕਾਰਾ ਵਿਰੁੱਧ ਲੰਬੇ ਸਮੇਂ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਬੰਗਲਾਦੇਸ਼ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਦੀ ਹੱਤਿਆ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਸ਼ਾਮਿਲ ਹੋਣ ਕਾਰਨ ਅਦਾਕਾਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿਛਲੇ ਸਾਲ ਬੰਗਲਾਦੇਸ਼ ਵਿੱਚ ਪ੍ਰਦਰਸ਼ਨ ਦੌਰਾਨ ਵਤਾਰਾ ਖੇਤਰ ਵਿੱਚ ਇੱਕ ਵਿਦਿਆਰਥੀ ਦੀ ਹੱਤਿਆ ਦੀ ਕੋ਼ਿਸ਼ਸ਼ ਕੀਤੀ ਗਈ ਸੀ। ਇਸ ਮਾਮਲੇ ਵਿੱਚ, 2024 ਵਿੱਚ ਨੁਸਰਤ ਫਾਰੀਆ ਸਮੇਤ 17 ਲੋਕਾਂ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਇਆ ਸੀ।