ਜਕਾਰਤਾ, 13 ਮਈ (ਪੋਸਟ ਬਿਊਰੋ): ਇੰਡੋਨੇਸ਼ੀਆ ਦੇ ਪੱਛਮੀ ਜਾਵਾ ਪ੍ਰਾਂਤ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਰਾਣੇ ਅਤੇ ਵਰਤੋਂ ਯੋਗ ਨਾ ਹੋਣ ਵਾਲੇ ਗੋਲਾ-ਬਾਰੂਦ ਨੂੰ ਨਸ਼ਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਗੋਲਾ-ਬਾਰੂਦ ਫਟ ਗਿਆ, ਜਿਸ ਨਾਲ ਘੱਟੋ-ਘੱਟ 13 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 4 ਸੈਨਿਕ ਵੀ ਸ਼ਾਮਿਲ ਸਨ। ਫੌਜੀ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੈ। ਇੰਡੋਨੇਸ਼ੀਆਈ ਫੌਜ ਦੇ ਮੈਂਬਰ ਗਰੁਟ ਜਿ਼ਲ੍ਹੇ ਦੇ ਸਾਗਰਾ ਪਿੰਡ ਵਿੱਚ ਪੁਰਾਣੇ, ਵਰਤੋਂ ਯੋਗ ਨਾ ਹੋਣ ਵਾਲੇ ਅਤੇ ਬੇਅਸਰ ਗੋਲਾ-ਬਾਰੂਦ ਨੂੰ ਨਸ਼ਟ ਕਰ ਰਹੇ ਸਨ, ਜੋਕਿ ਇੱਕ ਫੌਜੀ ਗੋਦਾਮ ਕੇਂਦਰ ਵਿੱਚ ਸਟੋਰ ਕੀਤਾ ਗਿਆ ਸੀ। ਗੋਲਾ-ਬਾਰੂਦ ਪੁਰਾਣਾ ਹੋ ਜਾਣ ਜਾਂ ਗਲਤ ਢੰਗ ਨਾਲ ਸਟੋਰ ਕੀਤੇ ਜਾਣ 'ਤੇ ਜਿ਼ਆਦਾ ਸ਼ਕਤੀਸ਼ਾਲੀ ਨਹੀਂ ਰਹਿੰਦਾ। ਇਸੇ ਲਈ ਸਮੇਂ-ਸਮੇਂ 'ਤੇ ਇਨ੍ਹਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਇੰਡੋਨੇਸ਼ੀਆਈ ਫੌਜੀ ਬੁਲਾਰੇ ਮੇਜਰ ਜਨਰਲ ਕ੍ਰਿਸਟੋਮੀ ਸਿਆਨਾਟੂਰੀ ਨੇ ਕਿਹਾ ਕਿ ਇੱਕ ਧਮਾਕੇ ਤੋਂ ਤੁਰੰਤ ਬਾਅਦ ਦੂਜਾ ਧਮਾਕਾ ਹੋਇਆ। ਸਿਆਨਾਟੂਰੀ ਨੇ ਕਿਹਾ ਕਿ 9 ਨਾਗਰਿਕ ਅਤੇ 4 ਫੌਜੀ ਕਰਮਚਾਰੀ ਮਾਰੇ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਿਆਨਾਤੁਰੀ ਨੇ ਕਿਹਾ ਕਿ ਘਟਨਾ ਦੀ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੀ ਗੋਲਾ-ਬਾਰੂਦ ਦੇ ਨਿਪਟਾਰੇ ਦੌਰਾਨ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ।