ਕੈਲੀਫੋਰਨੀਆ, 8 ਮਈ (ਪੋਸਟ ਬਿਊਰੋ): ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਸਕੂਲ ਦੇ ਬਾਹਰ ਚਾਕੂ ਨਾਲ ਹਮਲੇ ਦੀ ਵਾਰਦਾਤ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ। ਸ਼ਹਿਰ ਦੀ ਪੁਲਿਸ ਸਪੋਕਸਪਰਸਨ ਨੈਟਲੀ ਗਾਰਸੀਆ ਅਨੁਸਾਰ, ਇਸ ਘਟਨਾ ਵਿਚ ਸਾਂਤਾ ਅਨਾ ਹਾਈ ਸਕੂਲ ਦੇ ਤਿੰਨ ਵਿਦਿਆਰਥੀ ਜ਼ਖ਼ਮੀ ਹੋਏ ਹਨ। ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਅਧਿਕਾਰੀ ਫਰਮਿਨ ਲਿਟਲ ਨੇ ਕਿਹਾ ਕਿ ਇਹ ਘਟਨਾ ਬੁਧਵਾਰ ਦੁਪਹਿਰ ਨੂੰ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਸਕੂਲ ਤੋਂ ਘਰ ਵਾਪਿਸ ਆ ਰਿਹਾ ਸੀ। ਇਸ ਹਮਲੇ ਵਿਚ ਸਕੂਲੀ ਵਿਦਿਆਰਥੀ ਅਤੇ ਬਾਹਰੀ ਲੋਕ ਵੀ ਸ਼ਾਮਿਲ ਸਨ। ਗਾਰਸੀਆ ਨੇ ਕਿਹਾ ਕਿ ਪੁਲਿਸ ਸਕੂਲ ਅਤੇ ਹਮਲੇ ਨਾਲ ਜੁੜੇ ਘੱਟੋ-ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਜ਼ਖ਼ਮੀਆਂ ਦੀ ਉਮਰ ਅਤੇ ਹੋਰ ਜਾਣਕਾਰੀ ਹਾਲੇ ਜਨਤਕ ਨਹੀਂ ਕੀਤੀ ਗਈ ਹੈ।