ਓਟਵਾ, 18 ਮਈ (ਪੋਸਟ ਬਿਊਰੋ): ਨਾਨੈਮੋ ਕੰਢੇ 'ਤੇ ਇਕ ਕਿਸ਼ਤੀ ਡੁੱਬ ਗਈ, ਜੋਕਿ ਇਕ 34 ਸਾਲਾ ਔਰਤ ਅੰਬਰ ਨਿਚਮੈਨ ਕੋਲ ਰਜਿਸਟਰਡ ਹੈ ਪਰ ਔਰਤ ਆਪਣੇ ਪਤੇ ਤੋਂ ਗਾਇਬ ਹੈ। ਆਰਸੀਐੱਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਸਾਰੇ ਸੁਰਾਗ ਮਿਲੇ ਹਨ ਪਰ ਹਾਲੇ ਵੀ ਇਸ ਗੱਲ ਦੀ ਕੋਈ ਸਪੱਸ਼ਟ ਤਸਵੀਰ ਨਹੀਂ ਹੈ। ਨਾਨੈਮੋ ਆਰਸੀਐਮਪੀ ਦੇ ਕਾਂਸਟੇਬਲ ਗੈਰੀ ਓ'ਬ੍ਰਾਇਨ ਨੇ ਕਿਹਾ ਕਿ ਪੁਲਿਸ ਨੂੰ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਨਿਚਮੈਨ ਕਿਸ਼ਤੀ ਡੁੱਬਣ ਤੋਂ ਪਹਿਲਾਂ ਕਿਨਾਰੇ 'ਤੇ ਸੀ। ਉਹ ਹਰ ਸੰਭਵ ਐਂਗਲ ਤੋਂ ਜਾਂਚ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਦੋ ਦਿਨਾਂ ਦੀ ਸਰਚ ਦੌਰਾਨ ਕਿਸ਼ਤੀ ਦੀ ਮਾਲਕ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ ਹੈ ਕਿ ਉਹ ਸਮੁੰਦਰ ਵਿੱਚ ਗੁਆਚ ਗਈ ਹੈ। ਪੁਲਿਸ ਨੇ ਕਿਸੇ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।