-ਸਮੂਹ ਪੰਥਕ ਜਥੇਬੰਦੀਆਂ, ਆਗੂਆਂ ਅਤੇ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਲਗਵਾਈ ਹਾਜ਼ਰੀ
ਨਿਊਯਾਰਕ, 15 ਮਈ (ਪੋਸਟ ਬਿਊਰੋ): ਐਤਵਾਰ, 11 ਮਈ ਨੂੰ ਨਿਊਯਾਰਕ ਦੇ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ, ਕੂਈਨਜ਼ ਵਿਲੇਜ ਵਿਖੇ ਸਮੂਹ ਪੰਥਕ ਜਥੇਬੰਦੀਆਂ ਵੱਲੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਪੰਥਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ, ਅਤੇ ਨਾਲ ਹੀ ਸਰਹੰਦ ਫਤਹਿ ਦਿਵਸ, ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਹਰਪ੍ਰੀਤ ਸਿੰਘ ਰਾਣਾ, 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ, ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਉਲੀਕੇ ਗਏ। ਇਸ ਤੋਂ ਇਲਾਵਾ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਕਨੈਕਟੀਕਟ ਸਟੇਟ ਵਿੱਚ ਪਿਛਲੇ 15 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਉੱਤੇ ਸੇਵਾਵਾਂ ਨਿਭਾਅ ਰਹੇ ਸ. ਸਵਰਨਜੀਤ ਸਿੰਘ ਖਾਲਸਾ, ਜੋ ਕਿ ਹੁਣ ਨੌਰਵਿਚ ਸਿਟੀ ਦੇ ਮੇਅਰ ਕੈਂਡੀਡੇਟ ਹਨ ਉਹਨਾਂ ਦੀ ਕਾਮਯਾਬੀ ਲਈ ਅਰਦਾਸ ਅਤੇ ਫੰਡ ਵੀ ਇਕੱਤਰ ਕੀਤਾ ਗਿਆ।
ਸਵੇਰ ਸਮੇਂ ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਦਿਨ ਭਰ ਦੇ ਦੀਵਾਨ ਵਿੱਚ ਕੀਰਤਨ, ਕਥਾ ਤੋ ਇਲਾਵਾ ਪੰਥਕ ਬੁਲਾਰਿਆਂ ਨੇ ਸਬੰਧਤ ਦਿਹਾੜਿਆਂ ਬਾਰੇ ਵਿਸਥਾਰ ਵਿੱਚ ਸੰਗਤਾਂ ਨਾਲ ਸਾਂਝ ਪਾਈ।
ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਸੰਗਤਾਂ ਨਾਲ ਸਾਂਝ ਪਾਈ ਗਈ। ਇਸ ਮੌਕੇ ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬਖਸ਼ਿਸ਼ ਦੇ ਪੰਜ ਤੀਰ ਅਤੇ ਪੰਜ ਸਿੰਘਾਂ ਦੀ ਪੰਚ ਪ੍ਰਧਾਨੀ ਸਿਸਟਮ ਅਨੁਸਾਰ ਪਹਿਲੇ ਸਿੱਖ ਰਾਜ ਦੀ ਸਥਾਪਨਾ ਬਾਰੇ ਵਿਸਥਾਰ ਨਾਲ ਗੱਲ ਕੀਤੀ ਗਈ। ਮੌਜੂਦਾ ਸਮੇਂ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਲਈ ਖਾਲਸਤਾਨ ਦੇ ਐਲਾਨ ਦੀ ਮਹੱਤਤਾ ਬਾਰੇ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਲਗਾਤਾਰਤਾ ਨਾਲ ਚੱਲ ਰਹੇ ਸੰਘਰਸ਼ ਅਤੇ ਟਰਾਂਸ ਨੈਸ਼ਨਲ ਰਿਪਰੈਸ਼ਨ ਤਹਿਤ ਹੋਈਆਂ ਸ਼ਹਾਦਤਾਂ ਨੂੰ ਵੀ ਯਾਦ ਕੀਤਾ ਗਿਆ।
ਸਿੱਖ ਹੱਕਾਂ ਦੀ ਪ੍ਰਾਪਤੀ ਅਤੇ ਸਿੱਖ ਮੁੱਦਿਆਂ ਨੂੰ ਅੱਗੇ ਵਧਾਉਣ ਲਈ ਮੌਜੂਦਾ ਸਮੇਂ ਅਮਰੀਕਾ ਦੀ ਸਿਆਸਤ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਨਾ ਸਰੋਤ ਵਜੋਂ ਸ. ਸਵਰਨਜੀਤ ਸਿੰਘ ਖਾਲਸਾ ਦੇ ਪੰਥਕ ਮੁੱਦਿਆਂ ਬਾਰੇ ਲਏ ਸਟੈਂਡ, ਅਤੇ ਜਬ ਲੱਗ ਖਾਲਸਾ ਰਹੈ ਨਿਆਰਾ ਦੇ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਕਰਵਾਏ ਗਏ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਸ. ਸਵਰਨਜੀਤ ਸਿੰਘ ਖਾਲਸਾ ਦੀ ਮੇਅਰ ਚੋਣ ਵਿੱਚ ਮਦਦ ਲਈ ਵੋਟ ਦੇ ਨਾਲ ਸਿੱਖ ਸੰਗਤਾਂ ਨੇ ਖੁਲ ਕੇ ਮਾਇਕ ਯੋਗਦਾਨ ਵੀ ਪਾਇਆ। ਆਉਣ ਵਾਲੇ ਦਿਨਾਂ ਵਿਚ ਸਿੱਖ ਨੌਜਵਾਨ ਜਪਨੀਤ ਸਿੰਘ ਨੂੰ ਨਿਊਯਾਰਕ ਸਿਟੀ ਕੌਂਸਲ ਲਈ ਜਿਤਾਉਣ ਵਾਸਤੇ ਵੀ ਅਪੀਲ ਕੀਤੀ ਗਈ।
ਵਿਦਵਤਾ ਭਰਪੂਰ ਅਤੇ ਪੰਥਕ ਵਿਚਾਰਾਂ ਦੀ ਸਾਂਝ ਪਾਉਣ ਵਾਲੇ ਬੁਲਾਰਿਆਂ ਵਿੱਚ ਸ. ਹਿੰਮਤ ਸਿੰਘ, ਸ. ਸਵਰਨਜੀਤ ਸਿੰਘ ਖਾਲਸਾ, ਸ. ਸੁਰਜੀਤ ਸਿੰਘ ਕੁਲਾਰ, ਸ. ਅਵਤਾਰ ਸਿੰਘ ਪੰਨੂ, ਸ. ਜਸਬੀਰ ਸਿੰਘ, ਸ. ਰਜਿੰਦਰ ਸਿੰਘ, ਸ. ਤ੍ਰਿਲੋਚਨ ਸਿੰਘ ਭੱਟੀ, ਸ. ਜਪਨੀਤ ਸਿੰਘ ਆਦਿ ਸ਼ਾਮਲ ਸਨ। ਸਟੇਜ ਦੀ ਸੇਵਾ ਸ. ਗੁਰਮੇਲ ਸਿੰਘ ਨੇ ਬਾਖੂਬੀ ਨਿਭਾਈ। ਗਿਆਨੀ ਬਲਵਿੰਦਰ ਸਿੰਘ ਜੀ ਨੇ ਗੁਰਬਾਣੀ ਅਤੇ ਇਤਿਹਾਸ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਇਨ੍ਹਾਂ ਸਮਾਗਮਾਂ ਵਿਚ ਸਮੂਹ ਪੰਥਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਸਿੱਖਸ ਫਾਰ ਜਸਟਿਸ, ਦਲ ਖਾਲਸਾ, ਧੰਨ ਧੰਨ ਬਾਬਾ ਬੁੱਢਾ ਜੀ ਐਸੋਸੀਏਸ਼ਨ, ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ ਹਰਿਆਣਾ, ਪੰਥਕ ਸਿੱਖ ਸੋਸਾਇਟੀ, ਸ਼ਹੀਦ ਊਧਮ ਸਿੰਘ ਸੋਸਾਇਟੀ, ਸ਼ਹੀਦ ਭਾਈ ਮਨੀ ਸਿੰਘ ਸੋਸਾਇਟੀ ਨਿਉਯਾਰਕ, ਸਿੱਖ ਕੌਂਸਲ ਆਫ ਨਿਉਯਾਰਕ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ।