ਨਵੀਂ ਦਿੱਲੀ, 20 ਮਈ (ਪੋਸਟ ਬਿਊਰੋ): ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਗੀਤਾ ਸਮੋਥਾ ਨੇ ਦੁਨੀਆਂ ਦੀ ਸਭ ਤੋ ਉੱਚੀ 8,849 ਮੀਟਰ (29,032 ਫੁੱਟ) ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਫੋਰਸ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚਿਆ ਹੈ।
ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿਰਫ਼ ਨਿੱਜੀ ਜਿੱਤ ਨਹੀਂ, ਸਗੋਂ ਫੋਰਸ ਲਈ ਇਤਿਹਾਸਕ ਪਲ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੀਆਂ ਵਰਦੀਧਾਰੀ ਸੇਵਾਵਾਂ ਵਿੱਚ ਮਹਿਲਾਵਾਂ ਦੀ ਵਿਕਸਤ ਹੋ ਰਹੀ ਭੂਮਿਕਾ ਦਾ ਇਹ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।
ਗੀਤਾ ਨੇ ਕਿਹਾ ਕਿ ਪਹਾੜ ਸਾਰਿਆਂ ਲਈ ਇੱਕੋ ਜਿਹੇ ਹੀ ਹੁੰਦੇ ਹਨ। ਉਹ ਤੁਹਾਡੇ ਲਿੰਗ ਦੀ ਪਰਵਾਹ ਨਹੀਂ ਕਰਦੇ। ਸਿਰਫ਼ ਉਹੀ ਇਨ੍ਹਾਂ ਉਚਾਈਆਂ ਨੂੰ ਸਰ ਕਰ ਸਕਦੇ ਹਨ, ਜਿਨ੍ਹਾਂ ’ਚ ਐਕਸ-ਫੈਕਟਰ ਹੁੰਦਾ ਹੈ।
ਰਾਜਸਥਾਨ ਦੇ ਸੀਕਰ ਜਿ਼ਲ੍ਹੇ ਦੇ ਚੱਕ ਪਿੰਡ ਦੇ ਸਾਦੇ ਮਾਹੌਲ ਵਿੱਚ ਪਲੀ ਅਤੇ ਵੱਡੀ ਹੋਈ ਗੀਤਾ ਦਾ ਪਿੰਡ ਤੋਂ ਉੱਠ ਕੇ ਭਾਰਤ ਤੋਂ ਦੁਨੀਆਂ ਦੇ ਸਿਖਰ ਤੱਕ ਦਾ ਸਫ਼ਰ ਦ੍ਰਿੜਤਾ ਅਤੇ ਟੀਚੇ ਦਾ ਪ੍ਰਮਾਣ ਹੈ।
ਗੀਤਾ 2011 ਵਿੱਚ ਸੀਆਈਐੱਸਐੱਫ ’ਚ ਸ਼ਾਮਲ ਹੋਏ ਸਨ। ਜਿੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਰਬਤ ਸਰ ਕਰਨ ਦੇ ਰਾਹ ’ਤੇ ਹਾਲੇ ਤੱਕ ਕਿਸੇ ਮਹਿਲਾ ਨੇ ਪਹਿਲ ਨਹੀਂ ਕੀਤੀ। ਮੌਕੇ ਦਾ ਲਾਹਾ ਲੈਂਦਿਆਂ ਗੀਤਾ ਨੇ 2015 ਵਿੱਚ ਔਲੀ ’ਚ ਇੰਡੋ-ਤਿੱਬਤੀ ਬਾਰਡਰ ਪੁਲਿਸ ਸਿਖਲਾਈ ਸੰਸਥਾ ਵਿੱਚ ਇੱਕ ਬੁਨਿਆਦੀ ਪਰਬਤਾਰੋਹਣ ਕੋਰਸ ’ਚ ਦਾਖ਼ਲਾ ਲਿਆ, ਜੋ ਇਸ ਬੈਚ ’ਚ ਦਾਖ਼ਲਾ ਲੈਣ ਵਾਲੀ ਇਕਲੌਤੀ ਮਹਿਲਾ ਸੀ। ਗੀਤਾ ਦੇ ਜਨੂੰਨ ਅਤੇ ਯੋਗਤਾ ਨੇ ਉਸ ਨੂੰ 2017 ਵਿੱਚ ਐਡਵਾਂਸ ਕੋਰਸ ਪੂਰਾ ਕਰਨ ਲਈ ਅਗਵਾਈ ਕੀਤੀ ਅਤੇ ਉਹ ਅਜਿਹਾ ਕਰਨ ਵਾਲੀ ਪਹਿਲੀ ਸੀਆਈਐੱਸਐੱਫ ਕਰਮਚਾਰੀ ਬਣ ਗਏ।