ਨਵੀਂ ਦਿੱਲੀ, 8 ਮਈ (ਪੋਸਟ ਬਿਊਰੋ): ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਾਮ 5:30 ਵਜੇ ਪ੍ਰੈੱਸ ਕਾਨਫਰੰਸ ਕੀਤੀ ਹੈ। ਬੁੱਧਵਾਰ ਦੀ ਤਰ੍ਹਾਂ ਅੱਜ ਵੀ ਕਰਨਲ ਸੋਫੀਆ ਕੁਰੈਸ਼ੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਵੀ ਮੌਜੂਦ ਰਹੇ।
ਪ੍ਰੈੱਸ ਕਾਨਫਰੰਸ ਦੌਰਾਨ ਕਰਨਲ ਸੋਫੀਆ ਨੇ ਕਿਹਾ ਕਿ ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਇਨ੍ਹਾਂ ਨੂੰ ਨਾਕਾਮ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਗਿਆ। ਭਾਰਤ ਨੇ ਲਾਹੌਰ `ਚ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।
ਕਰਨਲ ਸੋਫੀਆ ਕੁਰੈਸ਼ੀ ਦਾ ਕਹਿਣਾ ਹੈ ਕਿ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਦੇ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ। ਜਦੋਂਕਿ ਪਾਕਿਸਤਾਨ ਨੇ 7 ਮਈ ਅਤੇ 8 ਮਈ ਨੂੰ ਭਾਰਤ ਦੇ ਉੱਤਰ ਅਤੇ ਪੱਛਮ `ਚ ਕਈ ਟਿਕਾਣਿਆਂ `ਤੇ ਡਰੋਨ ਹਮਲੇ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਇਸਨੂੰ ਹਵਾਈ ਰੱਖਿਆ ਪ੍ਰਣਾਲੀਆਂ ਰਾਹੀਂ ਬੇਅਸਰ ਕਰ ਦਿੱਤਾ ਗਿਆ ਸੀ। ਇਹ ਪਾਕਿਸਤਾਨੀ ਹਮਲਿਆਂ ਦਾ ਸਬੂਤ ਹੈ। ਇਸਦੇ ਜਵਾਬ `ਚ ਭਾਰਤ ਨੇ ਲਾਹੌਰ `ਚ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।
ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ `ਤੇ ਗੋਲੀਬਾਰੀ ਵਧਾ ਦਿੱਤੀ ਹੈ। ਇਸ ‘ਚ 15 ਜਣਿਆਂ ਦੀ ਮੌਤ ਹੋ ਗਈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਹੈ। ਅਸੀਂ ਪਾਕਿਸਤਾਨ ਦੇ ਰਾਡਾਰ ਸਿਸਟਮ ਨੂੰ ਨਿਸ਼ਾਨਾ ਬਣਾਇਆ। ਲਾਹੌਰ ਦਾ ਹਵਾਈ ਰੱਖਿਆ ਸਿਸਟਮ ਤਬਾਹ ਹੋ ਗਿਆ। ਭਾਰਤੀ ਫੌਜ ਨੇ ਪਹਿਲਗਾਮ ਹਮਲੇ ਦਾ ਜਵਾਬ ਦਿੱਤਾ ਹੈ। ਲੜਾਈ ਰੋਕਣ ਲਈ ਭਾਰਤ ਨੂੰ ਪਾਕਿਸਤਾਨ ਵੱਲੋਂ ਮੋਰਟਾਰ ਅਤੇ ਤੋਪਖਾਨੇ ਦੀ ਗੋਲੀਬਾਰੀ ਨਾਲ ਜਵਾਬ ਦੇਣਾ ਪਿਆ। ਭਾਰਤੀ ਹਥਿਆਰਬੰਦ ਫੌਜਾਂ ਤਣਾਅ ਨਾ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀਆਂ ਹਨ, ਬਸ਼ਰਤੇ ਪਾਕਿਸਤਾਨੀ ਫੌਜ ਇਸਦਾ ਸਤਿਕਾਰ ਕਰੇ।