ਉੱਤਰਕਾਸ਼ੀ, 8 ਮਈ (ਪੋਸਟ ਬਿਊਰੋ): ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਵੀਰਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ 7 ਲੋਕ ਸਵਾਰ ਸਨ। 5 ਯਾਤਰੀਆਂ ਦੀ ਮੌਤ ਹੋ ਗਈ, 2 ਗੰਭੀਰ ਜ਼ਖਮੀ ਹਨ। ਇਹ ਹਾਦਸਾ ਉੱਤਰਕਾਸ਼ੀ ਦੇ ਗੰਗਾਨੀ ਵਿੱਚ ਭਾਗੀਰਥੀ ਨਦੀ ਨੇੜੇ ਵਾਪਰਿਆ। ਹੈਲੀਕਾਪਟਰ ਗੰਗੋਤਰੀ ਧਾਮ ਜਾ ਰਿਹਾ ਸੀ। ਪ੍ਰਸ਼ਾਸਨ ਨੇ ਕਿਹਾ ਕਿ ਹੈਲੀਕਾਪਟਰ ਵਿੱਚ 4 ਪੁਰਸ਼ ਅਤੇ 2 ਔਰਤਾਂ ਸਨ। ਕੈਪਟਨ ਰੌਬਿਨ ਸਿੰਘ ਇਸਦਾ ਪਾਇਲਟ ਸੀ।
ਹੈਲੀਕਾਪਟਰ ਨੇ ਦੇਹਰਾਦੂਨ ਦੇ ਸਹਸਤਧਾਰਾ ਹੈਲੀਪੈਡ ਤੋਂ ਸੈਲਾਨੀਆਂ ਨੂੰ ਲੈ ਕੇ ਉਡਾਨ ਭਰੀ। ਉਨ੍ਹਾਂ ਨੇ ਖਰਸਾਲੀ ਵਿਖੇ ਉਤਰਨਾ ਸੀ। ਖਰਸਾਲੀ ਤੋਂ, ਯਾਤਰੀਆਂ ਨੇ ਗੰਗੋਤਰੀ ਧਾਮ ਜਾਣਾ ਸੀ। ਹੈਲੀਕਾਪਟਰ ਵਿੱਚ ਸਵਾਰ ਯਾਤਰੀ ਮੁੰਬਈ ਅਤੇ ਆਂਧਰਾ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਉਨ੍ਹਾਂ ਵਿੱਚੋਂ ਚਾਰ ਮੁੰਬਈ ਅਤੇ ਦੋ ਆਂਧਰਾ ਪ੍ਰਦੇਸ਼ ਦੇ ਸਨ। ਹੈਲੀਕਾਪਟਰ ਨਿੱਜੀ ਕੰਪਨੀ ਏਅਰੋਟ੍ਰਾਂਸ ਸਰਵਿਸ ਦਾ ਸੀ।
ਪਿਛਲੇ ਕੁਝ ਦਿਨਾਂ ਤੋਂ ਉੱਤਰਾਖੰਡ ਵਿੱਚ ਮੌਸਮ ਖਰਾਬ ਹੈ। ਮੌਸਮ ਵਿਭਾਗ ਨੇ ਕਈ ਜਿ਼ਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਚਾਰਧਾਮ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ ਹਲਕਾ ਮੀਂਹ ਪੈ ਰਿਹਾ ਹੈ। ਕੁਝ ਥਾਵਾਂ 'ਤੇ ਗਰਜ ਨਾਲ ਗੜੇ ਵੀ ਪਏ ਹਨ।