ਨਵੀਂ ਦਿੱਲੀ, 29 ਜੂਨ (ਪੋਸਟ ਬਿਊਰੋ): ਅੱਜ ਦੇਸ਼ ਭਰ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸੂਨ ਦੇਸ਼ ਦੇ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਪਹੁੰਚ ਗਿਆ ਹੈ। ਅੱਜ ਮੌਨਸੂਨ ਦੇ ਦਿੱਲੀ ਪਹੁੰਚਣ ਦੀ ਉਮੀਦ ਹੈ। ਸ਼ਨੀਵਾਰ ਨੂੰ ਵੀ ਦਿੱਲੀ-ਐਨਸੀਆਰ ਵਿੱਚ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਹੋਈ।
ਰਾਜਸਥਾਨ ਵਿੱਚ ਸ਼ਨੀਵਾਰ ਨੂੰ ਦਿਨ ਭਰ ਮੌਸਮ ਖੁਸ਼ਕ ਰਹਿਣ ਤੋਂ ਬਾਅਦ, ਸ਼ਾਮ ਨੂੰ ਸੀਕਰ, ਅਲਵਰ, ਭਰਤਪੁਰ, ਕਰੌਲੀ ਅਤੇ ਧੌਲਪੁਰ ਸਮੇਤ 20 ਜਿ਼ਲ੍ਹਿਆਂ ਵਿੱਚ ਇੱਕ ਇੰਚ ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਅੱਜ 24 ਜਿ਼ਲ੍ਹਿਆਂ ਵਿੱਚ ਵੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼੍ਰੀਗੰਗਾਨਗਰ ਵਿੱਚ ਸ਼ਨੀਵਾਰ ਨੂੰ ਦਿਨ ਦਾ ਤਾਪਮਾਨ 41 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਉੱਤਰਾਖੰਡ ਵਿੱਚ ਵੀ ਭਾਰੀ ਮੀਂਹ ਕਾਰਨ ਬਾਗੇਸ਼ਵਰ ਵਿੱਚ ਸਰਯੂ ਨਦੀ ਦਾ ਪਾਣੀ ਦਾ ਪੱਧਰ ਵਧਿਆ ਹੈ ਅਤੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਅਲਕਨੰਦਾ ਅਤੇ ਸਰਸਵਤੀ ਨਦੀਆਂ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਉੱਤਰਕਾਸ਼ੀ ਵਿੱਚ ਯਮੁਨੋਤਰੀ ਸੜਕ `ਤੇ ਬੱਦਲ ਫਟਣ ਕਾਰਨ ਨਿਰਮਾਣ ਅਧੀਨ ਹੋਟਲ ਦੀ ਜਗ੍ਹਾ ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ਤੋਂ ਬਾਅਦ, ਉੱਥੇ ਰਹਿਣ ਵਾਲੇ 8-9 ਮਜ਼ਦੂਰ ਲਾਪਤਾ ਹੋ ਗਏ ਹਨ।
ਕੇਰਲ ਵਿੱਚ ਭਾਰੀ ਮੀਂਹ ਕਾਰਨ ਕਈ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਰਾਜ ਦੇ ਪਲੱਕੜ ਅਤੇ ਪਠਾਨਮਥਿੱਟਾ ਜਿ਼ਲ੍ਹਿਆਂ ਵਿੱਚ ਡੈਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਂਵਾਂ `ਤੇ ਲਿਜਾਇਆ ਜਾ ਰਿਹਾ ਹੈ। ਇੰਡੀਅਨ ਨੈਸ਼ਨਲ ਓਸ਼ਨ ਇਨਫਰਮੇਸ਼ਨ ਸਰਵਿਸ ਸੈਂਟਰ ਨੇ ਕਿਹਾ ਅੱਜ ਕੇਰਲ ਦੇ ਤੱਟਵਰਤੀ ਖੇਤਰਾਂ ਵਿੱਚ 2-3 ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ।