-ਕੁੱਝ ਸੰਸਥਾਨ ਹੋਏ ਆਊਟ ਆਫ ਬਜਟ, ਕਈ ਹੋਰਾਂ ਨੂੰ ਵੀ ਲੱਖਾਂ ਦਾ ਨੁਕਸਾਨ
ਕਿਊਬੈੱਕ, 9 ਮਈ (ਪੋਸਟ ਬਿਊਰੋ): ਕਿਊਬੈੱਕ ਵਿੱਚ ਕਰੀਬ ਸੱਤ ਯੂਨੀਵਰਸਿਟੀ 2025-26 ਵਿੱਦਿਅਕ ਸਾਲ ਲਈ ਬਜਟ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ। ਯੂਨੀਵਰਸਿਟੀ ਡੀ ਮਾਂਟਰਿਅਲ 9.7 ਮਿਲਿਅਨ ਡਾਲਰ ਦੇ ਘਾਟੇ ਦਾ ਅੰਦਾਜ਼ਾ ਲਾ ਰਹੀ ਹੈ, ਜਦੋਂਕਿ ਕਾਨਕਾਰਡੀਆ ਯੂਨੀਵਰਸਿਟੀ ਨੂੰ ਲੱਗਭੱਗ 32 ਮਿਲਿਅਨ ਡਾਲਰ ਦੇ ਘਾਟੇ ਦਾ ਅੰਦਾਜ਼ਾ ਹੈ। ਬਿਊਰੋ ਡੀ ਕੋਆਪਰੇਸ਼ਨ ਇੰਟਰਿਊਨਿਵਰਸਿਟੇਇਰ (ਬੀਸੀਆਈ)ਦੇ ਪ੍ਰਧਾਨ ਕ੍ਰਿਸਚਨ ਬਲੈਂਚੇਟ, ਜੋ ਪ੍ਰਾਂਤ ਦੀਆਂ ਯੂਨੀਵਰਸਿਟੀਆਂ ਦੀ ਤਰਜ਼ਮਾਨੀ ਕਰਦੇ ਹਨ, ਨੇ ਕਿਹਾ ਕਿ ਖੇਤਰ ‘ਚ ਦੋ ਪ੍ਰਮੁੱਖ ਦਬਾਅ ਹਨ : ਤਨਖਾਹ ਵਾਧਾ ਤੇ ਮੁਦਰਾਸਫ਼ਿਤੀ ਲਈ ਸਰਕਾਰੀ ਸਮਰਥਨ ਦੀ ਕਮੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਭਾਰੀ ਗਿਰਾਵਟ।
ਬੀਸੀਆਈ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ ਔਸਤਨ 43 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਦਾ ਭਾਵ ਹੈ ਕਿ ਅਸਲ ਨਾਮਜ਼ਦਗੀਆਂ ‘ਚ 30 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਕਿਊਬੈੱਕ ਦੇ ਯੂਨੀਵਰਸਿਟੀ ਨੈੱਟਵਰਕ ਵਿੱਚ ਮਾਲੀਏ ‘ਚ ਅੰਦਾਜ਼ਨ 200 ਮਿਲਿਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਬਲੈਂਚੇਟ ਨੇ ਕਿਹਾ ਕਿ ਇਕ ਸਾਲ ਤੱਕ ਅਜਿਹੀ ਸਥਿਤੀ ਬਣੀ ਰਹਿਣਾ ਕਈ ਯੂਨੀਵਰਸਿਟੀਆਂ ਲਈ ਵਿਨਾਸ਼ਕਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਸੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਕਰਨ ਦੇ ਫ਼ੈਸਲੇ ਕਾਰਨ ਇਹ ਗਿਰਾਵਟ ਆਈ ਹੈ, ਉਨ੍ਹਾਂ ਅਨੁਸਾਰ ਇਸ ਕਦਮ ਨਾਲ ਵਿਦੇਸ਼ਾਂ ‘ਚ ਕਿਊਬੈੱਕ ਦੇ ਵੱਕਾਰ ਨੂੰ ਨੁਕਸਾਨ ਪਹੁੰਚਿਆ ਹੈ।
ਮੈਕਗਿਲ ਯੂਨੀਵਰਸਿਟੀ `ਚ ਬਜਟ ਨੂੰ ਮੁੱਖ ਰੂਪ ਨਾਲ ਮੁਲਾਜ਼ਮਾਂ ਦੀ ਛਾਂਟੀ ਅਤੇ ਸੇਵਾ ਮੁਕਤੀ ਦੇ ਮਾਧਿਅਮ ਨਾਲ ਸੰਤੁਲਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ 10 ਫ਼ੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਜ਼ਿਆਦਾ ਗਿਰਾਵਟ ਨਾਲ ਮਾਲੀਏ ‘ਤੇ ਕਾਫ਼ੀ ਪ੍ਰਭਾਵ ਪਵੇਗਾ।