ਨਵੀਂ ਦਿੱਲੀ, 8 ਮਈ (ਪੋਸਟ ਬਿਊਰੋ): ਭਾਰਤੀ ਹਵਾਈ ਫੌਜ ਨੇ ਬੁੱਧਵਾਰ ਰਾਤ ਨੂੰ ਹਵਾਈ ਰੱਖਿਆ ਪ੍ਰਣਾਲੀ ‘ਐੱਸ-400 ਸੁਦਰਸ਼ਨ ਚੱਕਰ ਮਿਜ਼ਾਈਲ ਸਿਸਟਮ’ ਨਾਲ ਭਾਰਤ ਵੱਲ ਆ ਰਹੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ। ਏਐੱਨਆਈ ਮੁਤਾਬਕ ਸਾਰੇ ਟੀਚਿਆਂ ਨੂੰ ਐੱਸ-400 ਦੁਆਰਾ ਸਫਲਤਾਪੂਰਵਕ ਤਬਾਹ ਕਰ ਦਿੱਤਾ ਗਿਆ। ਭਾਰਤੀ ਫੌਜ ਨੇ ਹਾਰਪੀ ਡਰੋਨਾਂ ਨਾਲ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾ ਕੇ ਅਤੇ ਲਾਹੌਰ ‘ਚ ਰਾਡਾਰ ਪ੍ਰਣਾਲੀ ਨੂੰ ਨਸ਼ਟ ਕਰਕੇ ਜਵਾਬੀ ਕਾਰਵਾਈ ਕੀਤੀ ਹੈ।
ਜਾਣਕਾਰੀ ਮੁਤਾਬਕ ਭਾਰਤੀ ਫੌਜ ਨੇ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਨੂੰ ਪਹਿਲਾਂ ਹੀ ਸਰਹੱਦਾਂ `ਤੇ ਤਾਇਨਾਤ ਕਰ ਦਿੱਤਾ ਹੈ ਅਤੇ ਜਿਵੇਂ ਹੀ ਪਾਕਿਸਤਾਨ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਤਾਂ ਇਸ ਭਾਰਤ ਦਾ ਏਅਰ ਡਿਫੈਂਸ ਸਿਸਟਮ ਐਕਟਿਵ ਕਰ ਦਿੱਤਾ ਗਿਆ।
ਰੱਖਿਆ ਮੰਤਰਾਲੇ ਮੁਤਾਬਕ ਅੱਜ ਸਵੇਰੇ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਤੋਂ ਬਾਅਦ, ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਦੇ ਕਈ ਸਥਾਨਾਂ `ਤੇ ਹਵਾਈ ਰੱਖਿਆ ਰਾਡਾਰਾਂ ਅਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਾਰਪੀ ਡਰੋਨਾਂ ਦੀ ਵਰਤੋਂ ਕੀਤੀ। ਮੀਡੀਆ ਖਬਰਾਂ ਮੁਤਾਬਕ ਲਾਹੌਰ, ਸਿਆਲਕੋਟ, ਕਰਾਚੀ `ਚ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ ਗਿਆ।