ਮਾਸਕੋ, 20 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਰਾਤ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਗੱਲ ਕੀਤੀ।
ਰੂਸ-ਯੂਕਰੇਨ ਯੁੱਧ 'ਤੇ ਟਰੰਪ ਅਤੇ ਪੁਤਿਨ ਵਿਚਕਾਰ ਲਗਭਗ 2 ਘੰਟੇ ਚਰਚਾ ਹੋਈ। ਪੁਤਿਨ ਨੇ ਇਸ ਗੱਲਬਾਤ ਨੂੰ ਬਹੁਤ ਵਧੀਆ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਸਹੀ ਸਮਝੌਤੇ ਕੀਤੇ ਜਾਂਦੇ ਹਨ, ਤਾਂ ਰੂਸ-ਯੂਕਰੇਨ ਵਿੱਚ ਕੁਝ ਸਮੇਂ ਲਈ ਜੰਗਬੰਦੀ ਸੰਭਵ ਹੈ।
ਜਾਣਕਾਰੀ ਅਨੁਸਾਰ, ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਨਾਲ ਸ਼ਾਂਤੀ ਸਮਝੌਤੇ ਦਾ ਖਰੜਾ ਤਿਆਰ ਕਰਨ ਲਈ ਤਿਆਰ ਹਨ। ਟਕਰਾਅ ਦਾ ਅਸਲ ਕਾਰਨ ਖਤਮ ਕਰਨਾ ਪਵੇਗਾ।
ਦੂਜੇ ਪਾਸੇ, ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਕੁਝ ਮਿੰਟਾਂ ਲਈ ਗੱਲਬਾਤ ਹੋਈ, ਇਸ ਦੇ ਵੇਰਵੇ ਹਾਲੇ ਸਾਹਮਣੇ ਨਹੀਂ ਆਏ ਹਨ।
ਟਰੰਪ ਨਾਲ ਗੱਲ ਕਰਨ ਤੋਂ ਬਾਅਦ, ਪੁਤਿਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਪੁਤਿਨ ਨੇ ਕਿਹਾ ਕਿ ਰੂਸ ਸਮਝੌਤੇ ਕਰਨ ਲਈ ਤਿਆਰ ਹੈ। ਹਾਲਾਂਕਿ, ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਇਹ ਕਿਸ ਤਰ੍ਹਾਂ ਦੇ ਸਮਝੌਤੇ ਹੋਣਗੇ।
ਪੁਤਿਨ ਨਾਲ ਗੱਲ ਕਰਨ ਤੋਂ ਬਾਅਦ, ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪੁਤਿਨ ਨਾਲ ਦੋ ਘੰਟੇ ਗੱਲ ਕੀਤੀ ਹੈ। ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨਗੇ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਯੁੱਧ ਨੂੰ ਪੂਰੀ ਤਰ੍ਹਾਂ ਖਤਮ ਕਰਨਗੇ।
ਟਰੰਪ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਤੁਰੰਤ ਸ਼ੁਰੂ ਹੋਵੇਗੀ। ਮੈਂ ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਕਈ ਯੂਰਪੀਅਨ ਨੇਤਾਵਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਹੈ। ਪੋਪ ਨੇ ਕਿਹਾ ਹੈ ਕਿ ਉਹ ਗੱਲਬਾਤ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ।