ਨਵੀਂ ਦਿੱਲੀ, 21 ਮਈ (ਪੋਸਟ ਬਿਊਰੋ): ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਆਪਣੇ ਹਵਾਈ ਰੱਖਿਆ ਪ੍ਰਣਾਲੀ ਨਾਲ ਪਾਕਿਸਤਾਨ ਦੀ ਪੀਐੱਲ-15ਈ ਮਿਜ਼ਾਈਲ ਨੂੰ ਨਸ਼ਟ ਕਰ ਦਿੱਤਾ ਸੀ। ਇਹ ਮਿਜ਼ਾਈਲ ਚੀਨ ਵਿੱਚ ਬਣੀ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਫਾਈਵ ਆਈਜ਼ ਦੇਸ਼ਾਂ (ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ) ਤੋਂ ਇਲਾਵਾ, ਫਰਾਂਸ ਅਤੇ ਜਾਪਾਨ ਇਸ ਮਿਜ਼ਾਈਲ ਦੇ ਮਲਬੇ ਦੀ ਜਾਂਚ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਪਤਾ ਲਗਾ ਸਕਣ ਕਿ ਚੀਨ ਨੇ ਇਸਨੂੰ ਬਣਾਉਣ ਲਈ ਕਿਹੜੀ ਤਕਨੀਕ ਦੀ ਵਰਤੋਂ ਕੀਤੀ ਹੈ।
9 ਮਈ ਨੂੰ, ਪੰਜਾਬ ਦੇ ਹੁਸਿ਼ਆਰਪੁਰ ਜਿ਼ਲ੍ਹੇ ਦੇ ਇੱਕ ਖੇਤ `ਚੋਂ ਪੀਐੱਲ-15ਈ ਮਿਜ਼ਾਈਲ ਦੇ ਟੁਕੜੇ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ, 12 ਮਈ ਨੂੰ ਹਵਾਈ ਸੈਨਾ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਪਹਿਲੀ ਵਾਰ ਇਸਦਾ ਮਲਬਾ ਦਿਖਾਇਆ।
ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਅਨੁਸਾਰ, ਪਾਕਿਸਤਾਨ ਨੇ ਜੇਐੱਫ-17 ਲੜਾਕੂ ਜਹਾਜ਼ ਨਾਲ ਚੀਨ ਵਿੱਚ ਬਣੀ ਪੀਐੱਲ-15ਈ ਮਿਜ਼ਾਈਲ ਦਾਗੀ। ਪਰ ਇਸਨੂੰ ਹਵਾ ਵਿੱਚ ਹੀ ਨਾਕਾਮ ਕਰ ਦਿੱਤਾ ਗਿਆ, ਜਿਸ ਕਾਰਨ ਇਹ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕੀ ਸੀ। ਰਿਪੋਰਟਾਂ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਪੀਐੱਲ-15ਈ ਮਿਜ਼ਾਈਲ ਨੂੰ ਕਿਸੇ ਟਕਰਾਅ ਵਿੱਚ ਵਰਤਿਆ ਗਿਆ ਹੈ।