ਨਵੀਂ ਦਿੱਲੀ, 21 ਮਈ (ਪੋਸਟ ਬਿਊਰੋ): ਬੁੱਧਵਾਰ ਸਵੇਰੇ ਨਾਰਾਇਣਪੁਰ ਜਿ਼ਲ੍ਹੇ ਦੇ ਅਬੂਝਮਾੜ ਜੰਗਲ ਵਿੱਚ ਸੁਰੱਖਿਆ ਬਲਾਂ ਨੇ 20 ਨਕਸਲੀਆਂ ਨੂੰ ਮਾਰ ਦਿੱਤਾ। ਸਾਰਿਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ। ਇਹ ਮੁਕਾਬਲਾ ਦਾਂਤੇਵਾੜਾ, ਨਾਰਾਇਣਪੁਰ ਅਤੇ ਬੀਜਾਪੁਰ ਜਿ਼ਲ੍ਹਿਆਂ ਦੀ ਸਰਹੱਦ ‘ਤੇ ਚੱਲ ਰਿਹਾ ਹੈ। ਮਾਰੇ ਗਏ ਨਕਸਲੀਆਂ ਵਿੱਚ ਵੱਡੇ ਕੇਡਰ ਨਕਸਲੀ ਵੀ ਸ਼ਾਮਲ ਹਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਕਸਲੀ ਪੋਲਿਟ ਬਿਊਰੋ ਮੈਂਬਰ ਅਤੇ ਨਕਸਲੀ ਸੰਗਠਨ ਦੇ ਜਨਰਲ ਸਕੱਤਰ ਬਸਵਾ ਰਾਜੂ ਅਬੂਝਮਾਦ ਦੇ ਬੋਟਰ ਵਿੱਚ ਮੌਜੂਦ ਹਨ। ਉਸ ‘ਤੇ 1.5 ਕਰੋੜ ਰੁਪਏ ਦਾ ਇਨਾਮ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰਾਜੂ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਜਾਂ ਨਹੀਂ।
ਪੁਲਿਸ ਨੇ 7 ਦਿਨ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਰੇਗੁੱਟਾ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਸੀ। ਛੱਤੀਸਗੜ੍ਹ-ਤੇਲੰਗਾਨਾ ਸਰਹੱਦ ‘ਤੇ ਕਰੇਗੁੱਟਾ ਪਹਾੜੀਆਂ ਵਿੱਚ 24 ਦਿਨਾਂ ਤੱਕ ਚੱਲੇ ਆਪ੍ਰੇਸ਼ਨ ਵਿੱਚ ਸੁਰੱਖਿਆ ਬਲਾਂ ਨੇ 31 ਨਕਸਲੀਆਂ ਨੂੰ ਮਾਰ ਦਿੱਤਾ ਸੀ। ਇਨ੍ਹਾਂ ਵਿੱਚ 16 ਔਰਤਾਂ ਅਤੇ 15 ਪੁਰਸ਼ ਨਕਸਲੀ ਸ਼ਾਮਿਲ ਹਨ।